ਯਾਦਗਾਰੀ ਰਹੀ ਭਾਈ ਵੀਰ ਸਿੰਘ ਨੂੰ ਸਮਰਪਿਤ ਪੰਜ-ਰੋਜ਼ਾ ਅੰਤਰ-ਰਾਸ਼ਟਰੀ ਕਾਨਫਰੰਸ
ਅੰਮ੍ਰਿਤਸਰ, 23 ਜੁਲਾਈ (ਸੁਖਬੀਰ ਸਿੰਘ ਖੁਰਮਣੀਆਂ) – ਭਾਈ ਵੀਰ ਸਿੰਘ ਦੀ 150 ਸਾਲਾ ਜਨਮ-ਸ਼ਤਾਬਦੀ ਨੂੰ ਸਮਰਪਿਤ ਪੰਜ ਰੋਜ਼ਾ ਅੰਤਰਰਾਸ਼ਟਰੀ ਕਾਨਫਰੰਸ ਦਾ ਸਮਾਪਤੀ ਸਮਾਰੋਹ ਯਾਦਗਾਰੀ ਰਿਹਾ।ਕਾਨਫਰੰਸ ਵਿੱਚ ਕੁੱਲ 15 ਅਕਾਦਮਿਕ ਸੈਸ਼ਨਾਂ ਦਾ ਆਯੋਜਨ ਕੀਤਾ ਗਿਆ।ਜਿਸ ਵਿੱਚ ਪੰਜਾਬ ਦੇ ਪ੍ਰਸਿੱਧ ਚਿੰਤਕਾਂ, ਆਲੋਚਕਾਂ ਅਤੇ ਵਿਭਿੰਨ ਅਕਾਦਮਿਕ ਸੰਸਥਾਵਾਂ ਨਾਲ ਜੁੜੀਆਂ ਮਸ਼ਹੂਰ ਹਸਤੀਆਂ ਨੇ ਭਾਗ ਲਿਆ।ਕਾਨਫਰੰਸ ਵਿੱਚ ਭਾਰਤ ਸਮੇਤ ਇੰਗਲੈਂਡ, ਆਸਟਰੇਲੀਆ ਅਤੇ ਅਮਰੀਕਾ ਦੇ ਖੋਜਾਰਥੀਆਂ ਨੇ 56 ਖੋਜ਼-ਪੱਤਰ ਪ੍ਰਸਤੁਤ ਕੀਤੇ।ਆਖਰੀ ਦਿਨ 18 ਜੁਲਾਈ 2023 ਨੂੰ ਪਹਿਲੇ ਅਕਾਦਮਿਕ ਸੈਸ਼ਨ ਦੀ ਪ੍ਰਧਾਨਗੀ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਪੰਜਾਬੀ ਅਧਿਐਨ ਸਕੂਲ ਦੇ ਸਾਬਕਾ ਮੁਖੀ ਡਾ. ਧਰਮ ਸਿੰਘ ਨੇ ਕੀਤੀ।ਉਨ੍ਹਾਂ ਕਿਹਾ ਕਿ ਇਸ ਕਾਨਫਰੰਸ ਰਾਹੀਂ ਭਾਈ ਵੀਰ ਸਿੰਘ ਬਾਬਤ ਚਿੰਤਨ ਦਾ ਸਾਰਥਕ ਪੁਨਰ-ਮੁਲਾਂਕਣ ਆਰੰਭ ਹੋਵੇਗਾ।ਆਖਰੀ ਸੈਸ਼ਨ ਦੀ ਪ੍ਰਧਾਨਗੀ ਸੈਂਟਰਲ ਯੂਨੀਵਰਸਿਟੀ ਆਫ ਪੰਜਾਬ ਬਠਿੰਡਾ ਤੋਂ ਪ੍ਰੋ. ਹਰਪਾਲ ਸਿੰਘ ਪੰਨੂ ਨੇ ਕੀਤੀ।ਇਸ ਦੌਰਾਨ ਸੰਸਥਾ ਨਾਦ ਪ੍ਰਗਾਸ ਵੱਲੋਂ ਪ੍ਰਕਾਸ਼ਿਤ ਅਤੇ ਹਰਪਾਲ ਸਿੰਘ ਪੰਨੂ ਦੁਆਰਾ ਰਚਿਤ ਦੋ ਪੁਸਤਕਾਂ ਗੁਰੂ ਨਾਨਕ ਦੇਵ ਦਾ ਕੁਦਰਤ-ਸਿਧਾਂਤ ਅਤੇ ਸਿੱਖ ਧਰਮ ਵਿੱਚ ਕਾਲ ਅਤੇ ਅਕਾਲ ਰਲੀਜ਼ ਕੀਤੀਆਂ ਗਈਆਂ।ਉਨ੍ਹਾਂ ਕਿਹਾ ਕਿ ਸੰਸਥਾ ਨਾਦ ਪ੍ਰਗਾਸ ਨੇ ਇਸ ਕਾਨਫਰੰਸ ਵਿੱਚ ਭਾਈ ਵੀਰ ਸਿੰਘ ਸੰਬੰਧਤ ਹਰ ਪਾਸਾਰ ਨੂੰ ਖੋਜ ਦਾ ਵਿਸ਼ਾ ਬਣਾਇਆ ਹੈ।ਕਾਨਫਰੰਸ ਦੇ ਸਮਾਪਤੀ ਮੌਕੇ ਸੈਂਟਰਲ ਯੂਨੀਵਰਸਿਟੀ ਆਫ ਹਿਮਾਚਲ ਪ੍ਰਦੇਸ਼ ਦੇ ਚਾਂਸਲਰ ਡਾ. ਹਰਮੋਹਿੰਦਰ ਸਿੰਘ ਬੇਦੀ, ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਦੇ ਸਾਬਕਾ ਪ੍ਰੋ. ਵਾਈਸ ਚਾਂਸਲਰ ਡਾ. ਸਤਿੰਦਰ ਸਿੰਘ ਅਤੇ ਪ੍ਰਸਿੱਧ ਚਿੰਤਕ ਅਮਰਜੀਤ ਗਰੇਵਾਲ ਨੇ ਵਿਸ਼ੇਸ਼ ਮਹਿਮਾਨ ਵਜੋਂ ਸ਼ਿਰਕਤ ਕੀਤੀ।ਅਮਰਜੀਤ ਗਰੇਵਾਲ ਨੇ ਕਿਹਾ ਕਿ ਇਹ ਕਾਨਫਰੰਸ ਆਪਣੀ ਅਕਾਦਮਿਕ ਗੁਣਵੱਤਾ ਕਾਰਨ ਯੂਨੀਵਰਸਿਟੀ ਅਤੇ ਹੋਰਨਾਂ ਉੱਚ ਅਕਾਦਮਿਕ ਅਦਾਰਿਆਂ ਤੋਂ ਵਧੇਰੇ ਸਫ਼ਲ ਹੈ।ਉਨ੍ਹਾਂ ਸੰਸਥਾ ਦੀ ਕਾਰਗੁਜ਼ਾਰੀ ਦੀ ਸ਼ਲਾਘਾ ਕਰਦਿਆਂ, ਭਾਈ ਵੀਰ ਸਿੰਘ ਸਾਹਿਤ ਨੂੰ ਸ਼ਬਦ-ਦਰਸ਼ਨ ਪਰਿਪੇਖ ਤੋਂ ਵਿਆਖਿਆਤ ਕਰਨ ‘ਤੇ ਜ਼ੋਰ ਦਿਤਾ। ਉਨ੍ਹਾਂ ਕਿਹਾ ਕਿ ਸ਼ਬਦ-ਦਰਸ਼ਨ ਪਰਿਪੇਖ ਭਵਿੱਖ ਵਿੱਚ ਆ ਰਹੇ ਸੰਕਟ ਤੋਂ ਬਚਾਉਣ ਲਈ ਇੱਕੋ-ਇੱਕ ਆਦਰਸ਼ਕ ਬਦਲ ਹੈ।
ਡਾ. ਸਤਿੰਦਰ ਸਿੰਘ ਨੇ ਕਿਹਾ ਕਿ ਇਹ ਭਾਈ ਵੀਰ ਸਿੰਘ ‘ਤੇ ਹੋਈ ਇਹ ਕਾਨਫਰੰਸ ਆਪਣੇ ਆਪ ਵਿੱਚ ਮਿਸਾਲ ਹੈ।ਹਰਮੋਹਿੰਦਰ ਸਿੰਘ ਬੇਦੀ ਨੇ ਕਾਨਫਰੰਸ ਦੇ ਸਮਾਪਤੀ ਭਾਸ਼ਣ ਵਿੱਚ ਸੰਸਥਾ ਨੂੰ ਵਧਾਈ ਦਿੰਦਿਆਂ ਕਿਹਾ ਕਿ ਅਜ਼ੋਕੇ ਮਾਹੌਲ ਵਿੱਚ ਨਿਰੰਤਰ ਪੰਜ-ਦਿਨ ਅਕਾਦਮਿਕ ਅਭਿਆਸ ਕਰਨ ਤੋਂ ਉਚੇਰੀਆਂ ਅਕਾਦਮਿਕ ਸੰਸਥਾਵਾਂ ਵੀ ਗੁਰੇਜ਼ ਕਰਦੀਆਂ ਹਨ।ਸੰਸਥਾ ਨਾਦ ਪ੍ਰਗਾਸ ਦੇ ਡਾਇਰੈਕਟਰ ਪ੍ਰੋ. ਜਗਦੀਸ਼ ਸਿੰਘ ਨੇ ਰੇਣੂ ਵਿਗ ਵਾਈਸ ਚਾਂਸਲਰ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਅਤੇ ਡਾ. ਗੁਰਪਾਲ ਸੰਧੂ ਗੁਰੂ ਨਾਨਕ ਸਿੱਖ ਅਧਿਐਨ ਵਿਭਾਗ ਦਾ ਇਸ ਪੰਜ-ਰੋਜ਼ਾ ਕਾਨਫਰੰਸ ਵਿੱਚ ਸੰਸਥਾ ਦਾ ਸਹਿਯੋਗ ਲਈ ਧੰਨਵਾਦ ਕੀਤਾ।ਉਨ੍ਹਾਂ ਡਾ. ਰੁਮੀਨਾ ਸੇਠੀ ਡੀ.ਯੂ.ਆਈ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ, ਨੀਰਜ਼ ਜੈਨ ਈਵਨਿੰਗ ਸਟੱਡੀਜ਼ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਸਮੇਤ ਕਾਨਫਰੰਸ ਵਿੱਚ ਸ਼ਾਮਿਲ ਹੋਏ ਚਿੰਤਕਾਂ, ਅਧਿਆਪਕਾਂ, ਖੋਜਾਰਥੀਆਂ ਅਤੇ ਵਿਦਿਆਰਥੀਆਂ ਦਾ ਵੀ ਧੰਨਵਾਦ ਕੀਤਾ।