Wednesday, December 31, 2025

ਮਾਮਲਾ ਸਿੱਖਾਂ ਨੂੰ ਵੱਧ ਬੱਚੇ ਪੈਦਾ ਕਰਨ ਦੇ ਸੁਝਾਅ ਦਾ– ਵੰਡੀਆਂ ਪਾ ਕੇ ਅਸੀਂ ਹੀ ਘਟਾਈ ਹੈ ਸਿੱਖਾਂ ਦੀ ਅਬਾਦੀ – ਕਲਕੱਤਾ

Manjeet Singh Calcutta
ਅੰਮ੍ਰਿਤਸਰ,21  ਮਾਰਚ (ਨਰਿੰਦਰਪਾਲ ਸਿੰਘੂ)- ਪੰਜਾਬ ਦੇ ਸਾਬਕਾ ਮੰਤਰੀ ਸ੍ਰ ਮਨਜੀਤ ਸਿੰਘ ਕਲਕੱਤਾ ਨੇ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਵਲੋਂ ਹਰ ਸਿੱਖ ਨੂੰ 2 ਦੀ ਬਜਾਏ 4 ਬੱਚੇ ਪੈਦਾ ਕਰਨ ਦੇ ਦਿੱਤੇ ਸੁਝਾਅ ਨੂੰ ਨਾ ਤਰਕ ਸੰਗਤ ਕਰਾਰ ਦਿੰਦਿਆਂ ਨੇ ਕਿਹਾ ਕਿ ਸਿਰਫ ਵਸੋਂ ਵਧਾਉਣ ਲਈ ਵੱਧ ਬੱਚੇ ਪੈਦਾ ਕਰਨ ਦੀ ਬਜਾਏ ਪਹਿਲਾਂ ਹੀ ਮੌਜੂਦ ਸਿੱਖ ਪਨੀਰੀ ਨੂੰ ਸਿੱਖੀ ਸਿਧਾਂਤ ਅਨੁਸਾਰ ਵੱਧਣ ਫੁਲਣ ਲਈ ਯਤਨ ਕਰਨ ਦੀ ਲੋੜ ਹੈ ।ਜਾਰੀ ਇਕ ਪ੍ਰੈਸ ਰਲੀਜ ਵਿਚ ਸ੍ਰ ਕਲਕੱਤਾ ਨੇ ਦੱਸਿਆ ਹੈ ਕਿ ਦਸਮ ਪਾਤਸ਼ਾਹ ਵਲੋਂ ਖਾਲਸਾ ਸਾਜਣ ਸਮੇਂ ਕੇਵਲ ਉਹੀ ਲੋਕ ਸਾਹਮਣੇ ਆਏ ਸਨ ਜਿਨ੍ਹਾਂ ਨੇ ਆਪਣੀ ਵਿਚਾਰਧਾਰਾ, ਜਾਤ, ਵਰਣ ਦਾ ਤਿਆਗ ਕਰ ਗੁਰੁ ਦੀ ਮਤ ਨੂੰ ਕਬੂਲਿਆ ਲੇਕਿਨ ਅਜੋਕੇ ਹਾਲਾਤਾਂ ਵਿਚ ਸਾਡੀਆਂ ਗਲਤੀਆਂ ਤੇ ਕਮਜੋਰੀਆਂ ਕਾਰਣ ਸਿੱਖ ਸਮਾਜ ਵਿਚ ਜਾਤ-ਪਾਤ, ਇਲਾਕਾਵਾਦ ਤੇ ਸਿੱਖ ਧਰਮ ਵਿੱਚ ਪੈਦਾ ਹੋ ਚੁੱਕੇ ਅਖੌਤੀ ਬ੍ਰਾਹਮਣਵਾਦ ਦਾ ਦਬਦਬਾ ਵੱਧ ਰਿਹਾ ਹੈ ।ਸ੍ਰ. ਕਲਕੱਤਾ ਨੇ ਕਿਹਾ ਕਿ ਗੁਰੁ ਸਾਹਿਬ ਨੇ ਤਾਂ ਸਿੱਖ ਨੂੰ ਆਪਣੇ ਲੜ ਲਾਣ ਦੀ ਬਜਾਏ ਸ੍ਰੀ ਗੁਰੁ ਗ੍ਰੰਥ ਸਾਹਿਬ ਦੇ ਲੜ ਲਾਇਆ ਸੀ ਲੇਕਿਨ ਅੱਜ ਸੌੜੀ ਰਾਜਨੀਤੀ ਖਾਤਿਰ ਉਸ ਡੇਰਾਵਾਦ ਨੂੰ ਸਰਕਾਰੀ ਤੇ ਰਾਜਸੀ ਸ਼ਰਣ ਦਿੱਤੀ ਜਾ ਰਹੀ ਹੈ ਜੋਕਿ ਸਿੱਖ ਨੌਜੁਆਨੀ ਨੂੰ ਆਪਣੇ ਭਰਮਜਾਲ ਵਿਚ ਫਸਾਕੇ ਸਿੱਖੀ ਤੋਂ ਦੂਰ ਲੇਕਿਨ ਆਪਣੇ ਨੇੜੇ ਕਰੀ ਜਾ ਰਹੀ ਹੈ।ਅੱਜ ਸਿੱਖਾਂ ਦੀ ਪਾਰਟੀ ਹੋਣ ਵਾਲੇ ਰਾਜਸੀ ਦਲ, ਅਹੁੱਦਿਆਂ ਤੇ ਸਰਦਾਰੀਆਂ ਦੀ ਵੰਡ ਸਮੇਂ ਪਤਿਤਾਂ ਤੇ ਗੈਰ ਸਿੱਖਾਂ ਨੂੰ ਹੀ ਤਰਜੀਹ ਦੇ ਰਹੇ ਹਨ, ਦੇਸ਼ ਵਿਚ ਵਿਰਾਟ ਹਿੰਦੂ ਰਾਸ਼ਟਰ ਕਾਇਮ ਕਰਨ ਵਾਲੀ ਸਿੱਖ ਵਿਰੋਧੀ ਪਾਰਟੀ ਨਾਲ ਭਾਈਵਾਲੀ ਨਿਭਾਅ ਰਹੇ ਹਨ ਜੋ ਕਿ ਨੋਜੁਆਨਾਂ ਵਲੋਂ ਸਿੱਖੀ ਤੋਂ ਬੇਮੁਖ ਹੋਣ ਦਾ ਇਕ ਅਹਿਮ ਕਾਰਣ ਹੈ। ਉਨ੍ਹਾਂ ਕਿਹਾ ਕਿ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਦੀ ਹੈਸੀਅਤ ਵਿਚ ਦਿੱਤੇ ਆਦੇਸ਼ ਤੇ ਕਿੰਤੂ ਨਹੀ ਹੋਣਾ ਚਾਹੀਦਾ ਲੇਕਿਨ ਸਿੰਘ ਸਾਹਿਬ ਨੂੰ ਵੀ ਦੂਰ ਦ੍ਰਿਸ਼ਟੀ ਤੋਂ ਕੰਮ ਲੈਂਦਿਆਂ ਅਜੇਹਾ ਫੈਸਲਾ ਸੁਨਾਉਣ ਤੋਂ ਪਹਿਲਾਂ ਪੰਥਕ ਵਿਦਵਾਨਾਂ ਨਾਲ ਵਿਚਾਰ ਜਰੂਰ ਕਰਨੀ ਚਾਹੀਦੀ ਸੀ ਕਿ ਆਖਿਰ ਸਿੱਖ ਕੌਮ ਦੀ ਵਿਚਾਰਧਾਰਾ ਅਨੁਸਾਰ ਜੀਵਨ ਜੀਉਣ ਵਾਲਿਆਂ ਦੀ ਗਿਣਤੀ ਘਟਣ ਦੇ ਕਾਰਣ ਕੀ ਹਨ। ਉਨ੍ਹਾਂ ਕਿਹਾ ਕਿ ਅਜੇ ਵੀ ਕੋਸ਼ਿਸ਼ ਕਰਨ ਦੀ ਲੋੜ ਹੈ ਕਿ ਨਾਨਕ ਨਾਮ ਲੇਵਾ ਜਿਥੇ ਕਿਤੇ ਵੀ ਵੱਸਦਾ ਹੈ ਉਸਨੂੰ ਗਲ ਲਾ ਕੇ ਸਿੱਖ ਜਗਤ ਵੱਲ ਪ੍ਰੇਰਿਆ ਜਾਵੇ ਤੇ ਖਾਸ ਕਰਕੇ ਉਹ ਸਮਾਜ ਦਾ ਉਹ ਹਿੱਸਾ ਜਿਸਨੂੰ ਅਸੀਂ ਵੋਟਾਂ ਖਾਤਿਰ ਹੀ ਪੱਛੜਿਆ ਕਰਾਰ ਦੇ ਦਿੰਦੇ ਹਾਂ, ਉਸਨੂੰ ਕਲਾਵੇ ਵਿਚ ਲੈ ਕੇ ਅੱਗੇ ਵਧੀਏ ।

Check Also

ਵੀ.ਸੀ ਪ੍ਰੋ. ਕਰਮਜੀਤ ਸਿੰਘ ਦੀ ਕਿਤਾਬ “ਮੈਡੀਟੇਸ਼ਨ ਟੂ ਮਾਰਟਿਡਮ: ਦ ਲੀਗੇਸੀ ਆਫ਼ ਸ੍ਰੀ ਗੁਰੂ ਤੇਗ ਬਹਾਦਰ ਜੀ” ਰਲੀਜ਼

ਅੰਮ੍ਰਿਤਸਰ, 30 ਦੰਸਬਰ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਉਪ-ਕੁਲਪਤੀ ਪ੍ਰੋ. (ਡਾ.) …

Leave a Reply