ਪਰਾਲੀ ਨੂੰ ਲਗਾਈ ਅੱਗ ਬੁਝਾਉਣ ਲਈ ਡਿਪਟੀ ਕਮਿਸ਼ਨਰ ਖੁਦ ਖੇਤਾਂ ‘ਚ ਪੁੱਜੇ
ਅੰਮ੍ਰਿਤਸਰ, 30 ਅਕਤੂਬਰ (ਸੁਖਬੀਰ ਸਿੰਘ) – ਝੋਨੇ ਦੇ ਖੇਤਾਂ ਵਿੱਚ ਬਚੀ ਹੋਈ ਪਰਾਲੀ ਨੂੰ ਕਿਸਾਨਾਂ ਵਲੋਂ ਸਾੜੇ ਜਾਣ ਦੇ ਰੁਝਾਨ ਨੂੰ ਰੋਕਣ ਲਈ ਜਿਲਾ ਪ੍ਰਸ਼ਾਸ਼ਨ ਹਨ ਵਲੋਂ ਲਗਾਤਾਰ ਯਤਨ ਜਾਰੀ ਅਤੇ ਪਿੰਡ ਪੱਧਰ ‘ਤੇ ਨੋਡਲ ਅਧਿਕਾਰੀ ਕਿਸਾਨਾਂ ਨੂੰ ਪਰਾਲੀ ਦੀ ਅੱਗ ਤੋਂ ਰੋਕਣ ਲਈ ਕੋਸ਼ਿਸ਼ਾਂ ਕਰ ਰਹੇ ਹਨ।ਇਸ ਤੋਂ ਇਲਾਵਾ ਬਿਨਾਂ ਪਰਾਲੀ ਸਾੜ੍ਹੇ ਕਣਕ ਦੀ ਬਿਜ਼ਾਈ ਕਰਨ ਨੂੰ ਵੀ ਉਤਸ਼ਾਹਿਤ ਕੀਤਾ ਜਾ ਰਿਹਾ ਹੈ।ਪਿੰਡ ਭੋਏਵਾਲੀ ਦੇ ਕਿਸਾਨ ਗੁਰਦੇਵ ਸਿੰਘ ਜਿਨ੍ਹਾਂ ਨੇ ਪਿਛਲੇ 20 ਸਾਲ ਤੋਂ ਪਰਾਲੀ ਸਾੜੇ ਬਿਨ੍ਹਾਂ ਕਣਕ ਦੀ ਬਿਜ਼ਾਈ ਕੀਤੀ ਹੈ, ਉਸ ਦੀ ਹੌਸਲਾ ਅਫਜ਼ਾਈ ਲਈ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਅਤੇ ਡਿਪਟੀ ਕਮਿਸ਼ਨਰ ਸ੍ਰੀਮਤੀ ਸਾਕਸ਼ੀ ਸਾਹਨੀ ਉਸ ਕੋਲ ਪੁੱਜੇ ਅਤੇ ਖੇਤੀ ਵੇਖੀ।ਧਾਲੀਵਾਲ ਨੇ ਕਿਹਾ ਕਿ ਅਜਿਹੇ ਕਿਸਾਨਾਂ ਨੂੰ ਪੰਜਾਬ ਸਰਕਾਰ ਵਲੋਂ ਵਿਸ਼ੇਸ਼ ਤੌਰ ‘ਤੇ ਸਨਮਾਨਿਤ ਕੀਤਾ ਜਾਵੇਗਾ।ਡਿਪਟੀ ਕਮਿਸ਼ਨਰ ਨੇ ਕਿਸਾਨਾਂ ਨੂੰ ਅਪੀਲ ਵੀ ਕੀਤੀ ਕਿ ਵਾਤਾਵਰਨ ਨੂੰ ਪਲੀਤ ਹੋਣ ਤੋਂ ਬਚਾਉਣ ਅਤੇ ਧਰਤੀ ਮਾਂ ਦੀ ਉਪਜਾਊ ਸ਼ਕਤੀ ਬਰਕਰਾਰ ਰੱਖਣ ਲਈ ਪਰਾਲੀ ਨੂੰ ਅੱਗ ਲਾਉਣ ਤੋਂ ਬਗ਼ੈਰ ਕਣਕ ਦੀ ਬਿਜ਼ਾਈ ਕੀਤੀ ਜਾਵੇ।ਇਸ ਲਈ ਸਰਕਾਰ ਨੇ ਵੱਡੀ ਮਸ਼ੀਨਰੀ ਕਿਸਾਨਾਂ ਨੂੰ ਸਬਸਿਡੀ ‘ਤੇ ਦਿੱਤੀ ਹੈ।ਪਰ ਇਸ ਦੇ ਬਾਵਜ਼ੂਦ ਉਹ ਲਗਾਤਾਰ ਪਰਾਲੀ ਦੀ ਅੱਗ ਰੋਕਣ ਲਈ ਖੇਤਾਂ ਵਿੱਚ ਖੁੱਦ ਪਹੁੰਚ ਰਹੇ ਹਨ।ਉਹਨਾਂ ਨੂੰ ਕਈ ਪਿੰਡਾਂ ਵਿੱਚ ਮੰਡੀਆਂ ਦੇ ਦੌਰੇ ਦੌਰਾਨ ਜਿਥੇ ਕਿਧਰੇ ਵੀ ਖੇਤਾਂ ਵਿੱਚੋਂ ਧੂਆਂ ਨਿਕਲਦਾ ਦਿਖਾਈ ਦਿੱਤਾ, ਉਹ ਅਧਿਕਾਰੀਆਂ ਨੂੰ ਲੈ ਕੇ ਮੌਕੇ ਤੇ ਪਹੁੰਚੇ ਅਤੇ ਅੱਗ ਬੁਝਾਈ।
ਇਸ ਮੌਕੇ ਜਿਲ੍ਹਾ ਖੇਤੀਬਾੜੀ ਅਧਿਕਾਰੀ ਤਜਿੰਦਰ ਸਿੰਘ ਨੇ ਦੱਸਿਆ ਕਿ ਖੇਤੀਬਾੜੀ ਵਿਭਾਗ ਦੇ ਮਾਹਿਰ ਡਾਕਟਰ ਵੀ ਕਿਸਾਨਾਂ ਲਈ ਹਰ ਤਰ੍ਹਾਂ ਦੀ ਸਲਾਹ ਅਤੇ ਮਦਦ ਲਈ ਤਿਆਰ ਹਨ ਅਤੇ ਜੇਕਰ ਕਿਸੇ ਕਿਸਾਨ ਨੂੰ ਪਰਾਲੀ ਪ੍ਰਬੰਧਨ ਲਈ ਕੋਈ ਮਸ਼ਕਲ ਆਉਂਦੀ ਹੈ ਤਾਂ ਉਹ ਬਲਾਕ ਪੱਧਰ ‘ਤੇ ਬੈਠੇ ਉਨ੍ਹਾਂ ਦੇ ਅਧਿਕਾਰੀ ਜਾਂ ਜਿਲ੍ਹਾ ਪੱਧਰ ‘ਤੇ ਉਨ੍ਹਾਂ ਨਾਲ ਰਾਬਤਾ ਕਰਕੇ ਸਹਾਇਤਾ ਲੈ ਸਕਦਾ ਹੈ।