ਖ਼ਾਲਸਾ ਕਾਲਜ ਅਤੇ ਖਾਲਸਾ ਕਾਲਜ ਵੁਮੈਨ ਓਵਰ ਆਲ ਟਰਾਫ਼ੀ ’ਤੇ ਕਾਬਜ਼
ਅੰਮ੍ਰਿਤਸਰ, 4 ਨਵੰਬਰ (ਸੁਖਬੀਰ ਸਿੰਘ ਖੁਰਮਣੀਆਂ) – ਮੇਜ਼ਬਾਨ ਖ਼ਾਲਸਾ ਕਾਲਜ ਫ਼ਾਰ ਵੂਮੈਨ ਵਿਖੇ 3 ਨਵੰਬਰ ਤੋਂ ਸ਼ੁਰੂ ਹੋਏ 2 ਰੋਜ਼ਾ ‘9ਵੇਂ ਖ਼ਾਲਸਾ ਕਾਲਜਿਜ਼ ਯੂਥ ਫੈਸਟੀਵਲ-2024’ ਮੌਕੇ ਉਚੇਚੇ ਤੌਰ ’ਤੇ ਵਿਦਿਆਰਥੀਆਂ ਦੀ ਹੌਂਸਲਾ ਅਫ਼ਜਾਈ ਕਰਨ ਅਤੇ ਓਵਰ ਆਲ ਟਰਾਫ਼ੀ ’ਤੇ ਕਬਜ਼ਾ ਕਰਨ ਵਾਲੀਆਂ ਸੰਸਥਾਵਾਂ ਖ਼ਾਲਸਾ ਕਾਲਜ ਅੰਮ੍ਰਿਤਸਰ ਅਤੇ ਖ਼ਾਲਸਾ ਕਾਲਜ ਫ਼ਾਰ ਵੂਮੈਨ ਦੀਆਂ ਟੀਮਾਂ ਨੂੰ ਟਰਾਫ਼ੀ ਭੇਟ ਕਰਨ ਲਈ ਪੁੱਜੇ ਖ਼ਾਲਸਾ ਯੂਨੀਵਰਸਿਟੀ ਦੇ ਪ੍ਰੋ: ਚਾਂਸਲਰ ਅਤੇ ਖਾਲਸਾ ਕਾਲਜ ਗਵਰਨਿੰਗ ਕੌਂਸਲ ਦੇ ਆਨਰੇਰੀ ਸਕੱਤਰ ਰਜਿੰਦਰ ਮੋਹਨ ਸਿੰਘ ਛੀਨਾ ਨੇ ਕਿਹਾ ਕਿ ਸਕੂਲ ਅਤੇ ਕਾਲਜ ਅਜਿਹੇ ਮਹੱਤਵਪੂਰਨ ਸਥਾਨ ਹਨ, ਜੋ ਬੱਚਿਆਂ ’ਚ ਲੁਕੀ ਹੋਈ ਕਾਬਲੀਅਤ ਨੂੰ ਉਜ਼ਾਗਰ ਕਰਨ ਲਈ ਕਲਾ ਮੰਚ ਪ੍ਰਦਾਨ ਕਰਕੇ ਬਹੁਤ ਹੀ ਖਾਸ ਭੂਮਿਕਾ ਨਿਭਾਉਂਦਾ ਹੈ।
ਇਸ 2 ਰੋਜ਼ਾ ਫ਼ੈਸਟੀਵਲ ਦਾ ਅਗਾਜ਼ ਖ਼ਾਲਸਾ ਯੂਨੀਵਰਸਿਟੀ ਦੇ ਉਪ-ਕੁਲਪਤੀ ਡਾ. ਮਹਿਲ ਸਿੰਘ ਦੁਆਰਾ ਕੀਤਾ ਗਿਆ, ਜਿਸ ਦੌਰਾਨ ਉਕਤ ਮੁਕਾਬਲਿਆਂ ’ਚ ਖ਼ਾਲਸਾ ਕਾਲਜ ਆਫ਼ ਐਜ਼ੂਕੇਸ਼ਨ ਰਣਜੀਤ ਐਵੀਨਿਊ ਫ਼ਸਟ ਰਨਰਅੱਪ ਅਤੇ ਖ਼ਾਲਸਾ ਕਾਲਜ ਆਫ਼ ਐਜ਼ੂਕੇਸ਼ਨ ਜੀ.ਟੀ ਰੋਡ ਸੈਕਿੰਡ ਰਨਰਅੱਪ ਰਿਹਾ।ਗਵਰਨਿੰਗ ਕੌਂਸਲ ਅਧੀਨ 12 ਕਾਲਜਾਂ ਤੋਂ ਸੈਂਕੜੇ ਵਿਦਿਆਰਥੀਆਂ ਨੇ ਫ਼ੈਸਟੀਵਲ ’ਚ ਆਪਣੇ ਹੁਨਰ ਦਾ ਸ਼ਾਨਦਾਰ ਪ੍ਰਦਰਸ਼ਨ ਕੀਤਾ।ਜ਼ਿਕਰਯੋਗ ਹੈ ਕਿ ਓਵਰ ਆਲ ਟਰਾਫ਼ੀ ਸਬੰਧੀ ਦੋਵਾਂ ਸੰਸਥਾਵਾਂ ਦੀਆਂ ਟੀਮਾਂ ਦੀ ਕਾਰਗੁਜ਼ਾਰੀ ਬਰਾਬਰ ਹੋਣ ਕਾਰਨ ਜੇਤੂ ਐਲਾਨਿਆ ਗਿਆ।
ਸ: ਛੀਨਾ ਨੇ ਕੌਂਸਲ ਦੇ ਜੁਆਇੰਟ ਸਕੱਤਰ ਪਰਮਜੀਤ ਸਿੰਘ ਬੱਲ, ਸੰਤੋਖ ਸਿੰਘ ਸੇਠੀ ਅਤੇ ’ਵਰਸਿਟੀ ਦੇ ਅਕਾਦਮਿਕ ਡੀਨ ਤੇ ਪ੍ਰਿੰਸੀਪਲ: ਡਾ. ਸੁਰਿੰਦਰ ਕੌਰ ਨਾਲ ਮਿਲ ਕੇ ਜੇਤੂ ਵਿਦਿਆਰਥੀਆਂ ਨੂੰ ਇਨਾਮ ਤਕਸੀਮ ਕੀਤੇ ਅਤੇ ਵਿਦਿਆਰਥੀਆਂ ਨੂੰ ਜਿੱਥੇ ਅਜਿਹੇ ਪ੍ਰੋਗਰਾਮਾਂ ਦਾ ਹਿੱਸਾ ਬਣਨ ਲਈ ਉਤਸ਼ਾਹਿਤ ਕੀਤਾ, ਉਥੇ ਉਨ੍ਹਾਂ ਨੂੰ ਵਿੱਦਿਅਕ ਖੇਤਰ ’ਚ ਸ਼ਲਾਘਾਯੋਗ ਉਪਲਬੱਧੀਆਂ ਹਾਸਲ ਕਰਨ ਲਈ ਹੱਲ੍ਹਾਸ਼ੇਰੀ ਦਿੱਤੀ।ਉਨ੍ਹਾਂ ਕਿਹਾ ਕਿ ਅਦਾਰਿਆਂ ’ਚ ਸਮੇਂ ਮੁਤਾਬਕ ਵਿਦਿਆਰਥੀਆਂ ਦੀ ਕਲਾ ਦੀ ਪਰਖ ਲਈ ਅਜਿਹੀਆਂ ਪ੍ਰਤੀਯੋਗਤਾਵਾਂ ਅਤਿ ਲੋੜੀਂਦੀਆਂ ਹਨ।
2 ਰੋਜ਼ਾ ਫੈਸਟੀਵਲ ਦੌਰਾਨ ਵਿਦਿਆਰਥੀਆਂ ਨੇ ਸ਼ਬਦ ਗਾਇਨ, ਭਜਨ, ਕਵੀਸ਼ਰੀ, ਗੀਤ-ਗਜ਼ਲ, ਗਰੁੱਪ ਸਾਂਗ, ਲੋਕ-ਗੀਤ, ਫੈਂਸੀ ਡਰੈਸ (ਪੰਜਾਬੀ ਪਹਿਰਾਵਾ), ਮਿਮਿਕਰੀ, ਮੋਨੋ ਐਕਟਿੰਗ, ਸਕਿੱਟ, ਰੰਗੋਲੀ, ਕਵਿਤਾ, ਮਹਿੰਦੀ, ਫੁਲਕਾਰੀ, ਡਿਬੇਟ, ਕੁਇਜ਼, ਪੇਟਿੰਗ ਆਨ ਦਾ ਸਪੋਟ, ਪੋਸਟਰ ਮੇਕਿੰਗ, ਕਾਰਟੂਨਿੰਗ, ਕਲਾਜ, ਕਲੇਅ ਮਾਡਲਿੰਗ, ਫੋਟੋਗ੍ਰਾਫ਼ੀ ਅਤੇ ਇੰਸਟਾਲੇਸ਼ਨ ਦੀ ਪੇਸ਼ਕਾਰੀ ਦਿੱਤੀ।ਭੰਗੜਾ, ਗਿੱਧਾ, ਰਿਜ਼ਨਲ ਡਾਂਸ, ਕੁਇੱਜ਼ ਫਾਈਨਲ, ਐਕਸ਼ਨ ਸਾਂਗ ਆਦਿ ’ਚ ਵੀ ਆਪਣੀ ਕਲਾ ਦਾ ਪ੍ਰਰਸ਼ਨ ਕੀਤਾ।2 ਰੋਜ਼ਾ ਪ੍ਰੋਗਰਾਮ ਦੌਰਾਨ ਜੱਜਾਂ ਦੀ ਭੂਮਿਕਾ ਡਾ. ਰਵੀਜੋਤ ਕੌਰ, ਡਾ. ਸ਼ਿਵਾਨੀ, ਪ੍ਰੋ: ਵੀਨਸ, ਬ੍ਰਿਜੇਸ਼ ਜੌਲੀ, ਕੁਲਵੰਤ ਸਿੰਘ ਗਿੱਲ, ਕੁਲਦੀਪ ਸਿੰਘ, ਵਿਪਨ ਧਵਨ, ਅਮਨ ਬੱਲ, ਕ੍ਰਾਂਤੀਪਾਲ, ਸ੍ਰੀਮਤੀ ਮਾਨਸੀ, ਡਾ. ਪਰਮਜੀਤ ਕੌਰ ਅਤੇ ਡਾ. ਹਰਜੀਤ ਸਿੰਘ ਆਦਿ ਵੱਲੋਂ ਨਿਭਾਈ ਗਈ।
ਡਾ. ਸੁਰਿੰਦਰ ਕੌਰ ਨੇ ਕਿਹਾ ਕਿ ਮੁਕਾਬਲੇ ਬਹੁਤ ਹੀ ਦਿਲਚਸਪ ਸਨ ਕਿਉਂਕਿ ਸਮੂਹ ਖ਼ਾਲਸਾ ਅਦਾਰਿਆਂ ਦੇ ਵਿਦਿਆਰਥੀਆਂ ਨੇ ਆਪਣੇ ਹੁਨਰ ਦੇ ਜਬਰਦਸਤ ਮੁਜ਼ਾਹਰਾ ਕੀਤਾ ਹੈ।ਉਨ੍ਹਾਂ ਕਿਹਾ ਕਿ ਫੈਸਟੀਵਲ ਅੱਜ ਆਪਣੀਆਂ ਮਿੱਠੀਆਂ ਯਾਦਾਂ ਦੀ ਖ਼ੁਸ਼ਬੂ ਬਿਖੇਰਦਾ ਹੋਇਆ ਸੰਪਨ ਹੋ ਗਿਆ।
ਇਸ ਮੌਕੇ ਜੁਆਇੰਟ ਸਕੱਤਰ ਦੇ ਮੈਂਬਰ ਗੁਰਪ੍ਰੀਤ ਸਿੰਘ ਗਿੱਲ, ਲਖਵਿੰਦਰ ਸਿੰਘ ਢਿੱਲੋਂ, ਬਿਕਰਮਜੀਤ ਸਿੰਘ, ਭੁਪਿੰਦਰ ਸਿੰਘ ਹੋਲੈਂਡ, ਖ਼ਾਲਸਾ ਕਾਲਜ ਦੀ ਕਾਰਜ਼ਕਾਰੀ ਪ੍ਰਿੰਸੀਪਲ ਡਾ. ਏ.ਕੇ ਕਾਹਲੋਂ, ਖ਼ਾਲਸਾ ਕਾਲਜ ਆਫ਼ ਐਜੂਕੇਸ਼ਨ ਰਣਜੀਤ ਐਵੀਨਿਊ ਪ੍ਰਿੰ: ਡਾ. ਮਨਦੀਪ ਕੌਰ, ਖ਼ਾਲਸਾ ਕਾਲਜ ਆਫ਼ ਫ਼ਾਰਮੇਸੀ ਪ੍ਰਿੰਸੀਪਲ ਡਾ. ਆਰ.ਕੇ ਧਵਨ, ਖਾਲਸਾ ਕਾਲਜ ਆਫ਼ ਫ਼ਿਜੀਕਲ ਐਜ਼ੂਕੇਸ਼ਨ ਪ੍ਰਿੰਸੀਪਲ ਡਾ. ਕੰਵਲਜੀਤ ਸਿੰਘ, ਖ਼ਾਲਸਾ ਕਾਲਜ ਨਰਸਿੰਗ ਪ੍ਰਿੰਸੀਪਲ ਅਮਨਪ੍ਰੀਤ ਕੌਰ, ਖਾਲਸਾ ਕਾਲਜ ਰਜਿਸਟਰਾਰ ਡਾ. ਦਵਿੰਦਰ ਸਿੰਘ, ਡਾ. ਦੀਪਕ ਦੇਵਗਨ, ਪ੍ਰੋਗਰਾਮ ਕੋਆਰਡੀਨੇਟਰ ਸ੍ਰੀਮਤੀ ਰਵਿੰਦਰ ਕੌਰ ਤੋਂ ਇਲਾਵਾ ਕਾਲਜਾਂ ਦਾ ਸਟਾਫ਼ ਤੇ ਵਿਦਿਆਰਥੀ ਮੌਜ਼ੂਦ ਸਨ।
Check Also
ਮਹਿਲਾ ਸਰਪੰਚ ਅੱਗੇ ਹੋ ਕੇ ਕੰਮ ਕਰਨ ਸਰਕਾਰ ਉਹਨਾਂ ਦੇ ਨਾਲ ਹੈ – ਈ.ਟੀ.ਓ
ਜੰਡਿਆਲਾ ਗੁਰੂ, 2 ਦਸੰਬਰ (ਪੰਜਾਬ ਪੋਸਟ ਬਿਊਰੋ) – ਕੈਬਨਿਟ ਮੰਤਰੀ ਹਰਭਜਨ ਸਿੰਘ ਈ.ਟੀ.ਓ ਨੇ ਰਾਜ …