ਕਿਸਾਨ ਦਲਬੀਰ ਸਿੰਘ ਪਿਛਲੇ ਚਾਰ ਸਾਲਾਂ ਤੋਂ ਪਰਾਲੀ ਸਾੜੇ ਬਿਨਾਂ ਕਰ ਰਿਹਾ ਖੇਤੀ
ਅੰਮ੍ਰਿਤਸਰ, 6 ਨਵੰਬਰ (ਸੁਖਬੀਰ ਸਿੰਘ) – ਜਿਥੇ ਪਰਾਲੀ ਨੂੰ ਸਾੜਨ ਤੋਂ ਰੋਕਣ ਲਈ ਸਰਕਾਰਾਂ ਵਲੋਂ ਅਧਿਕਾਰੀ ਦਿਨ ਰਾਤ ਇੱਕ ਕਰ ਰਹੇ ਹਨ ਉਥੇ ਜਿਲੇ ਦੇ ਕੁੱਝ ਜਾਗਰੂਕ ਕਿਸਾਨ ਅਜਿਹੇ ਵੀ ਹਨ, ਜੋ ਪਿਛਲੇ ਕਈ ਸਾਲਾਂ ਤੋਂ ਪਰਾਲੀ ਨੂੰ ਖੇਤਾਂ ਵਿੱਚ ਵਾਹ ਕੇ ਕਣਕ ਦੀ ਬਿਜ਼ਾਈ ਕਰ ਰਹੇ ਹਨ।ਇਹਨਾਂ ਕਿਸਾਨਾਂ ਦਾ ਮੰਨਣਾ ਹੈ ਕਿ ਪਰਾਲੀ ਨੂੰ ਖੇਤਾਂ ਵਿੱਚ ਮਿਲਾਉਣ ਨਾਲ ਲਗਾਤਾਰ ਫਸਲਾਂ ਦਾ ਝਾੜ ਵਧ ਰਿਹਾ ਹੈ।ਪਿੰਡ ਭੁੱਲੇ ਚੱਕ ਨੇੜੇ ਅਜਨਾਲਾ ਵਿਖੇ ਸੁਪਰ ਸੀਡਰ ਨਾਲ ਕਣਕ ਦੀ ਬਿਜ਼ਾਈ ਕਰ ਰਹੇ ਕਿਸਾਨ ਦਲਬੀਰ ਸਿੰਘ ਨੇ ਦੱਸਿਆ ਕਿ ਉਹ ਪਿੱਛਲੇ ਚਾਰ ਸਾਲਾਂ ਤੋਂ ਪਰਾਲੀ ਨੂੰ ਸਾੜੇ ਬਿਨਾਂ ਕਣਕ ਦੀ ਬਿਜ਼ਾਈ ਕਰ ਰਹੇ ਹਨ।ਅਜਿਹਾ ਕਰਨ ਨਾਲ ਸਾਡੀਆਂ ਫਸਲਾਂ ਦੇ ਝਾੜ ਵਿੱਚ ਵਾਧਾ ਹੋਇਆ ਹੈ ਅਤੇ ਜ਼ਮੀਨ ਵਾਹੁਣ ਵਿੱਚ ਨਰਮ ਹੋਈ ਹੈ।ਉਹਨਾਂ ਦੱਸਿਆ ਕਿ ਉਹ ਇੱਕ ਸਾਲ ਵਿੱਚ ਤਿੰਨ-ਤਿੰਨ ਫਸਲਾਂ ਵੀ ਲੈ ਕੇ ਵੇਖੀਆਂ ਹਨ, ਪਰ ਝਾੜ ਆਮ ਲੋਕਾਂ ਨਾਲੋਂ ਵੱਧ ਮਿਲਿਆ ਹੈ।ਇਸ ਸਾਲ ਦੀ ਗੱਲ ਕਰਦੇ ਉਹਨਾਂ ਦੱਸਿਆ ਕਿ ਇਸ ਸਾਲ ਉਨ੍ਹਾਂ ਕੁੱਝ ਖੇਤਾਂ ਵਿੱਚ ਕਣਕ ਕੱਟਣ ਤੋਂ ਬਾਅਦ ਪਸ਼ੂਆਂ ਦੇ ਚਾਰੇ ਲਈ ਮੱਕੀ ਬੀਜ਼ੀ ਸੀ, ਉਪਰੰਤ ਬਾਸਮਤੀ ਦੀ ਕਾਸ਼ਤ ਕੀਤੀ ਅਤੇ ਹੁਣ ਬਾਸਮਤੀ ਦੀ ਕਟਾਈ ਹੋਣ ‘ਤੇ ਵੇਖਿਆ ਕਿ ਇਸ ਦਾ ਝਾੜ ਦੂਸਰੇ ਖੇਤਾਂ ਨਾਲੋਂ ਵੱਧ ਆਇਆ।ਉਹਨਾਂ ਦੱਸਿਆ ਕਿ ਤਕਰੀਬਨ ਪੰਜੀ ਕੁਇੰਟਲ ਝਾੜ ਪ੍ਰਤੀ ਏਕੜ ਮਿਲਿਆ ਹੈ।ਉਹਨਾਂ ਨੇ ਕਿਹਾ ਕਿ ਅਜਿਹਾ ਕਰਨ ਲਈ ਉਨ੍ਹਾਂ ਨੂੰ ਖੇਤੀਬਾੜੀ ਵਿਭਾਗ ਨੇ ਪ੍ਰੇਰਿਤ ਕੀਤਾ ਸੀ ਅਤੇ ਇਸ ਨੂੰ ਤਜ਼ਰਬੇ ਵਜੋਂ ਕਰਨਾ ਸ਼ੁਰੂ ਕੀਤਾ ਸੀ, ਜਿਸ ਚੰਗੇ ਨਤੀਜ਼ੇ ਆਏ।
ਦੱਸਣਯੋਗ ਹੈ ਕਿ ਇਸ ਵੇਲੇ ਡਿਪਟੀ ਕਮਿਸ਼ਨਰ ਸ੍ਰੀਮਤੀ ਸਾਕਸ਼ੀ ਸਾਹਨੀ ਦੀ ਅਗਵਾਈ ਹੇਠ ਜਿਲ੍ਹੇ ਦੇ ਸਾਰੇ ਅਧਿਕਾਰੀ ਕਿਸਾਨਾਂ ਨੂੰ ਪਰਾਲੀ ਦੀ ਅੱਗ ਰੋਕਣ ਲਈ ਉਪਰਾਲੇ ਕਰ ਰਹੇ ਹਨ।ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਅਤੇ ਡਿਪਟੀ ਕਮਿਸ਼ਨਰ ਖੁੱਦ ਕਈ ਖੇਤਾਂ ਵਿੱਚ ਪਰਾਲੀ ਤੋਂ ਬਾਅਦ ਕਣਕ ਦੀ ਸਿੱਧੀ ਬਿਜ਼ਾਈ ਵੇਖ ਕੇ ਕਿਸਾਨਾਂ ਨੂੰ ਉਤਸ਼ਾਹਿਤ ਕਰਕੇ ਆਏ ਹਨ।