Sunday, February 22, 2026

ਦੇਸ਼ ਦਾ ਬਟਵਾਰਾ ਇਕ ਤ੍ਰਾਸਦਿਕ ਵਰਤਾਰਾ ਸੀ – ਡਾ. ਰਵੀ ਰਵਿੰਦਰ

ਖ਼ਾਲਸਾ ਕਾਲਜ ਵਿਖੇ 9ਵਾਂ ਅੰਮ੍ਰਿਤਸਰ ਸਾਹਿਤ ਉਤਸਵ ਅਤੇ ਪੁਸਤਕ ਮੇਲਾ

ਅੰਮ੍ਰਿਤਸਰ, 24 ਨਵੰਬਰ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਵਿਖੇ ਸੰਤਾਲੀ ਦੀ ਵੰਡ ਨੂੰ ਸਮਰਪਿਤ 9ਵੇਂ ਅੰਮਿ੍ਰਤਸਰ ਸਾਹਿਤ ਉਤਸਵ ਅਤੇ ਪੁਸਤਕ ਮੇਲੇ ਦੇ ਚੌਥੇ ਦਿਨ ਦੀ ਸ਼ੁਰੂਆਤ ਪੰਜਾਬੀ ਵਿਭਾਗ ਦੇ ਮੁਖੀ ਡਾ. ਆਤਮ ਸਿੰਘ ਰੰਧਾਵਾ ਨੇ ਪਹੁੰਚੇ ਵਿਦਵਾਨ-ਚਿੰਤਕਾਂ ਨੂੰ ਪੌਦੇ ਭੇਂਟ ਕਰਕੇ ਜੀ ਆਇਆ ਕਹਿੰਦਿਆਂ ਕੀਤੀ।‘ਸੰਤਾਲੀ ਦੀ ਵੰਡ: ਕਰਕ ਕਲੇਜੇ ਮਾਹਿ’ ਵਿਸ਼ੇ ਤਹਿਤ ਵਿਚਾਰ ਚਰਚਾ ਕਰਦਿਆਂ ਸੈਮੀਨਾਰ ਦੇ ਪਹਿਲੇ ਸੈਸ਼ਨ ਵਿਚ ਪ੍ਰਸਿੱਧ ਪੰਜਾਬੀ ਚਿੰਤਕ ਅਤੇ ਆਲੋਚਕ ਡਾ. ਰਵੀ ਰਵਿੰਦਰ ਨੇ ਆਪਣੇ ਵਿਚਾਰ ਪੇਸ਼ ਕਰਦਿਆਂ ਸੰਤਾਲੀ ਦੀ ਵੰਡ ਨਾਲ ਸੰਬੰਧਿਤ ਕਵਿਤਾਵਾਂ ਦੇ ਹਵਾਲੇ ਦਿੰਦਿਆਂ ਦੇਸ਼ ਪਿਆਰ ਦੀ ਆਪਸੀ ਸਾਂਝ ਅਤੇ ਮੁਹੱਬਤ ਨੂੰ ਉਜਾਗਰ ਕੀਤਾ।
ਉਨ੍ਹਾਂ ਕਿਹਾ ਕਿ ਦੇਸ਼ ਦਾ ਬਟਵਾਰਾ ਇਕ ਤ੍ਰਾਸਦਿਕ ਵਰਤਾਰਾ ਸੀ ਜਿਸਨੇ ਸਮਾਜਿਕ, ਰਾਜਨੀਤਕ, ਧਾਰਮਿਕ, ਆਰਥਿਕ ਆਦਿ ਕਈ ਪੱਖਾਂ ਤੋਂ ਬਹੁਤ ਹੱਦ ਤੱਕ ਪ੍ਰਭਾਵਿਤ ਕੀਤਾ।ਇਹ ਇਕ ਕੋਝੀ ਰਾਜਨੀਤਕ ਚਾਲ ਸੀ, ਜਿਸ ਨੂੰ ਆਧਾਰ ਬਣਾ ਕੇ ਇਹ ਵਰਤਾਰਾ ਵਾਪਰਿਆ।ਦੋਹਾਂ ਧਿਰਾਂ ਦੇ ਕੁਝ ਆਪਸੀ ਸੁਆਰਥਾਂ ਦੇ ਫ਼ੈਸਲਿਆਂ ਨੇ ਅਜਿਹੀ ਸਾਜ਼ਿਸ਼ ਨੂੰ ਅੰਜ਼ਾਮ ਦਿੱਤਾ।ਹੋਲੋ ਕਾਸਟ ਨਾਲ ਤੁਲਨਾ ਕਰਦਿਆਂ ਉਹਨਾਂ ਕਿਹਾ ਕਿ ਅਸੀਂ 47 ਦੀ ਵੰਡ ਨਾਲ ਸੰਬੰਧਿਤ ਕੋਈ ਵੀ ਵਿਸ਼ਵ ਪੱਧਰ ਦੀ ਫ਼ਿਲਮ ਜਾਂ ਨਾਟਕ ਨਹੀਂ ਬਣਾ ਸਕੇ? ਕੀ ਇਸ ਦਾ ਕਾਰਨ ਸਾਡਾ ਅਵੇਸਲਾਪਨ ਹੈ? ਸਿਨੇਮੇ, ਯੂ-ਟਿਊਬ ਅਤੇ ਸਾਹਿਤ ਵਿਚ ਉਪਲੱਬਧ ਸੰਤਾਲੀ ਦੀ ਵੰਡ ਨਾਲ ਸੰਬੰਧਿਤ ਘਟਨਾਵਾਂ ਦੀ ਪੇਸ਼ਕਾਰੀ ਹੋ ਰਹੀ ਹੈ, ਪਰੰਤੂ ਇਹਨਾਂ ਤਿੰਨਾਂ ਸ੍ਰੋਤਾਂ ਦੇ ਆਧਾਰਾਂ ਤੋਂ ਇਕੋ ਜਿਹੇ ਕਾਰਨ ਸਾਹਮਣੇ ਨਹੀਂ ਆਉਂਦੇ, ਜਿਨ੍ਹਾਂ ਬਾਰੇ ਵਿਚਾਰ ਕਰਨੀ ਬਣਦੀ ਹੈ।ਵੱਖ-ਵੱਖ ਸਾਹਿਤਕਾਰਾਂ ਦਾ ਹਵਾਲਾ ਦਿੰਦਿਆਂ ਜਿਨ੍ਹਾਂ ਸਾਹਿਤਕਾਰਾਂ ਨੇ ਇਹ ਸੰਤਾਪ ਹੰਢਾਇਆ, ਦੁਖਾਂਤ ਦਾ ਸ਼ਿਕਾਰ ਹੋਏ ਸੰਤਾਲੀ ਤੋਂ ਬਾਅਦ ਪੈਦਾ ਹੋਏ ਲੋਕ ਅੱਜ ਵੀ ਭਾਵੁਕਤਾ ਦੀ ਪੱਧਰ ‘ਤੇ ਇਸ ਵਰਤਾਰੇ ਨਾਲ ਜੁੜੇ ਹੋਏ ਹਨ।ਦੁਖਾਂਤ ਨਾਲ ਸੰਬੰਧਿਤ ਸਾਹਿਤ ਹਿੰਦੀ, ਉਰਦੂ, ਬੰਗਾਲੀ ਵਿਚ ਵਧੇਰੇ ਰਚਿਆ ਤੇ ਪੜ੍ਹਿਆ ਗਿਆ।ਵੰਡ ਨਾਲ ਸੰਬੰਧਿਤ ਪ੍ਰਭਾਵਿਤ ਕਈ ਧਿਰਾਂ ਜਿਵੇਂ ਅਪੰਗ, ਗਰੀਬ, ਦਲਿਤਾਂ ਨਾਲ ਕੀ ਵਾਪਰਿਆ ਵਿਚਾਰਨ ਦਾ ਮੁੱਦਾ ਹੈ।
ਪ੍ਰਸਿੱਧ ਨਾਟਕਕਾਰ ਅਤੇ ਨਿਰਦੇਸ਼ਕ ਕੇਵਲ ਧਾਲੀਵਾਲ ਨੇ ਨਾਟਕ ‘ਯਾਤਰਾ 1947’ ਦੇ ਹਵਾਲੇ ਨਾਲ ਗੱਲ ਕਰਦਿਆਂ ਕਿਹਾ ਕਿ ਸੰਤਾਲੀ ਦੀ ਵੰਡ ਦੇ ਹੰਢਾਏ ਹੋਏ ਸੰਤਾਪ ਦੀ ਪੇਸ਼ਕਾਰੀ ਹੈ।ਹਾਕਮ ਸ਼੍ਰੇਣੀ ਦੀਆਂ ਚਾਲਾਂ ਨੂੰ ਸਮਝ ਸਕੇ ਹਾਂ ਕਿ ਨਹੀਂ? ਅੱਜ ਵੀ ਅਜਿਹੀ ਧਿਰ ਹਾਲਾਤ ਪੈਦਾ ਕਰ ਰਹੀ ਹੈ।ਲੋੜ ਸਾਡੇ ਸਿਆਣੇ ਬਣਨ ਦੀ ਹੈ ਤਾਂ ਜੋ ਸਾਨੂੰ ਅਜਿਹੇ ਵਰਤਾਰੇ ਦਾ ਮੁੜ ਸਾਹਮਣਾ ਨਾ ਕਰਨਾ ਪਏ।
ਮੁੱਖ ਮਹਿਮਾਨ ਪਰਮਿੰਦਰ ਸੋਢੀ ਨੇ ਕਿਹਾ ਕਿ ਮਨੁੱਖ ਦਾ ਵਿਸ਼ੇਸ਼ ਧਰਮ ਮਨੁੱਖਤਾ ਹੈ।ਮਨੁੱਖਤਾ ਦੇ ਵਿਵਹਾਰ ਦਾ ਮੂਲ ਮੰਤਰ ਸਮਾਨਤਾ ਹੈ।ਜੇਕਰ ਮਨੁੱਖ ਆਪਸੀ ਧਾਰਮਿਕ ਕੱਟੜਤਾ ਨੂੰ ਨਕਾਰਦਾ ਨਹੀਂ ਹੈ ਤਾਂ ਅਜਿਹੇ ਹਾਲਾਤ ਪੈਦਾ ਹੋਣ ਦੇ ਆਸਾਰ ਫਿਰ ਤੋਂ ਪੈਦਾ ਹੋਣ ਦੀ ਸੰਭਾਵਨਾ ਪੈਦਾ ਕਰ ਸਕਦੇ ਹਨ।ਲੋੜ ਹੈ ਕਿ ਮਨੁੱਖ ਆਪਣੇ ਅੰਦਰੋਂ ਨਿੱਜੀ ਕੱਟੜਤਾ ਨੂੰ ਛੱਡ ਕੇ ਸਮੁੱਚੀ ਮਾਨਵਤਾ ਦੀ ਭਲਾਈ ਅਤੇ ਵਿਕਾਸ ਦੀ ਗੱਲ ਕਰੇ।
ਡਾ. ਕੁਲਦੀਪ ਸਿੰਘ ਦੀਪ ਨੇ ਰੰਗਮੰਚ ਦੇ ਹਵਾਲੇ ਨਾਲ ਗੱਲ ਕਰਦਿਆਂ ਕਿਹਾ ਕਿ ਆਜ਼ਾਦੀ ਜਦੋਂ ਸਾਨੂੰ ਸਾਡੇ ਨਾਲ ਵਾਪਰੀਆਂ ਘਟਨਾਵਾਂ ਦੀ ਪੀੜਾ ਦਾ ਅਹਿਸਾਸ ਕਰਾਉਂਦੀ ਹੈ ਤਾਂ ਸਾਡਾ ਕਥਾਰਸਿਸ ਹੁੰਦਾ ਹੈ।ਇਸ ਦੀ ਪੇਸ਼ਕਾਰੀ ਰੰਗਮੰਚ ਰਾਹੀਂ ਅਤੇ ਫ਼ਿਲਮਾਂ ਵਿਚ ਹੁੰਦੀ ਆ ਰਹੀ ਹੈ।ਉਜਾੜੇ ਦੀਆਂ ਘਟਨਾਵਾਂ ਦੇ ਕੇਵਲ ਫ਼ਿਰਕੂ ਕਾਰਨ ਨਹੀਂ ਸਨ ਬਲਕਿ ਮਨੁੱਖ ਅੰਦਰ ਪਈਆਂ ਪਸ਼ੂ ਬਿਰਤੀਆਂ ਵੀ ਬਣਦੀਆਂ ਹਨ, ਜਿਨ੍ਹਾਂ ਨੇ ਸੰਤਾਲੀ ਸਮੇਂ ਆਪਣਾ ਘਨਾਉਣਾ ਰੂਪ ਧਾਰਨ ਕੀਤਾ।
ਇਸ ਚੌਥੇ ਦਿਨ ਦੇ ਦੂਜੇ ਸੈਸ਼ਨ ‘ਸੰਤਾਲੀ ਦੀ ਵੰਡ: ਨਵੀਂ ਪੀੜ੍ਹੀ ਦੁਆਰਾ ਸਿਮਰਦਿਆਂ’ ਦੀ ਪੈਨਲ ਚਰਚਾ ਦੀ ਸ਼ੁਰੂਆਤ ਵਿਚ ਸੈਮੀਨਾਰ ਦੇ ਕਨਵੀਨਰ ਡਾ. ਹੀਰਾ ਸਿੰਘ ਅਤੇ ਵਿਭਾਗ ਦੇ ਮੁਖੀ ਡਾ. ਆਤਮ ਸਿੰਘ ਰੰਧਾਵਾ ਨੇ ਪਹੁੰਚੇ ਹੋਏ ਵਿਦਵਾਨਾਂ ਨੂੰ ‘ਜੀ ਆਇਆ; ਕਹਿੰਦਿਆ ਕੀਤੀ।ਇਸ ਪੈਨਲ ਚਰਚਾ ਵਿੱਚ ਡਾ. ਸਿਰਮਨਜੀਤ ਸਿੰਘ ਨੇ ਪੰਜਾਬੀ ਗਾਇਕੀ ਦੇ ਸੰਦਰਭ ਵਿਚ ਦੇਸ਼ ਵੰਡ ਦੀ ਗੱਲ ਕਰਦਿਆਂ ਕਿਹਾ ਕਿ ਰੇਡੀਓ ਅਤੇ ਰਿਕਾਰਡਿੰਗ ਗਾਇਕੀ ਦਾ ਸੰਨ 1947 ਅਤੇ ਬਾਅਦ ਦੀ ਗਾਇਕੀ ਦੀ ਪੇਸ਼ਕਾਰੀ ਵਿਚ ਬਹੁਤਾ ਜਿਆਦਾ ਫ਼ਰਕ ਹੈ।ਇਹ ਗਾਇਕੀ ਵੰਡ ਤੋਂ ਬਾਅਦ ਧਾਰਮਿਕ ਅਤੇ ਸਿਆਸੀ ਰੰਗਤ ਧਾਰਨ ਕਰ ਲੈਂਦੀ ਹੈ।ਇਸ ਤੋਂ ਬਾਅਦ ਡਾ. ਰਾਜਵਿੰਦਰ ਕੌਰ, ਡਾ. ਵਿਸ਼ਾਲ, ਡਾ. ਹਰਿੰਦਰ ਕੌਰ ਸੋਹਲ, ਡਾ. ਹਰਵੰਤ ਕੌਰ ਅਤੇ ਡਾ. ਗੁਰਦੀਪ ਕੌਰ ਸੂਰਾ ਨੇ ਸਬੰਧਿਤ ਵਿਸ਼ੇ ਨਾਲ ਗੰਭੀਰ ਵਿਚਾਰ ਚਰਚਾ ਕਰਦਿਆਂ ਵਿਚਾਰਾਂ ਦਾ ਆਦਾਨ-ਪ੍ਰਦਾਨ ਕੀਤਾ।
ਦੁਪਹਿਰ ਸਮੇਂ ਗੀਤ ਲੋਕ ਗੀਤ ਪ੍ਰੋਗਰਾਮ ਦੇ ਚੱਲਦਿਆਂ ਕਾਲਜ ਦੇ ਸੰਗੀਤ ਵਿਭਾਗ ਵਲੋਂ ਆਪਣੀ ਗਾਇਕੀ ਦੇ ਰੰਗ ਬਖੇਰੇ ਗਏ।ਇਸ ਉਪਰੰਤ ਰੰਗਮੰਚ ਅਤੇ ਫ਼ਿਲਮ ਪ੍ਰੋਡਕਸ਼ਨ ਵਿਭਾਗ ਪੰਜਾਬੀ ਯੂਨੀਵਰਸਿਟੀ ਪਟਿਆਲਾ ਅਤੇ ਯੁਵਕ ਭਲਾਈ ਅਤੇ ਸਭਿਆਚਾਰਕ ਗਤੀਵਿਧੀਆਂ ਵਿਭਾਗ ਦੁਆਰ ਨਾਟਕਕਾਰ ਬਾਦਲ ਸਰਕਾਰ ਦਾ ਨਾਟਕ ‘ਏਵਮ ਇੰਦਰਜੀਤ’ ਦੀ ਓਪਨ ਏਅਰ ਥੀਏਟਰ ਵਿਚ ਪੇਸ਼ਕਾਰੀ ਕੀਤੀ ਗਈ।ਇਸ ਨਾਟਕ ਦੇ ਨਿਰਦੇਸ਼ਕ ਡਾ. ਜਸਪਾਲ ਕੌਰ ਦਿਓਲ ਹਨ।ਸ਼ਾਮ ਸਮੇਂ ‘ਐ ਪੰਜਾਬ ਕਰਾਂ ਕੀ ਸਿਫ਼ਤ ਤੇਰੀ’ ਪ੍ਰੋਗਰਾਮ ਦੇ ਚੱਲਦਿਆਂ ਪੰਜਾਬੀ ਲੋਕ ਗਾਇਕ ਪਰਮ ਨਿਮਾਣਾ ਅਤੇ ਗੁਰੂ ਭੁੱਲਰ ਨੇ ਆਪਣੀ ਗਾਇਕੀ ਦੇ ਫਨ ਦਾ ਮੁਜ਼ਾਹਰਾ ਕੀਤਾ।ਸਮਾਗਮ ਦਾ ਸਿਖ਼ਰ ਲੋਕ ਨਾਚ ਗਿੱਧੇ ਨਾਲ ਹੋਇਆ।

Check Also

ਬੀਬੀ ਭਾਨੀ ਜੀ ਦਾ ਜਨਮ ਦਿਹਾੜਾ ਮਨਾਇਆ

ਅੰਮ੍ਰਿਤਸਰ, 21 ਫ਼ਰਵਰੀ (ਜਗਦੀਪ ਸਿੰਘ) – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਚੌਥੇ ਪਾਤਸ਼ਾਹ ਸ੍ਰੀ ਗੁਰੂ …