ਹੋਣਹਾਰ ਵਿਦਿਆਰਥੀਆਂ ਨੂੰ ਕੀਤਾ ਗਿਆ ਸਨਮਾਨਿਤ
ਅੰਮ੍ਰਿਤਸਰ, 8 ਦਸੰਬਰ (ਜਗਦੀਪ ਸਿੰਘ) – ਡੀ.ਏ.ਵੀ ਇੰਟਰਨੈਸ਼ਨਲ ਸਕੂਲ ਵਿਖੇ ਸਲਾਨਾ ਇਨਾਮ ਵੰਡ ਸਮਾਰੋਹ ਦਾ ਆਯੋਜਨ ਕੀਤਾ ਗਿਆ।ਪ੍ਰਿੰਸੀਪਲ ਡਾ. ਅੰਜ਼ਨਾ ਗੁਪਤਾ ਦੀ ਅਵਗਾਈ ਹੇਠ ‘ਗਿਆਨ ਯਾਤਰਾ-ਸੰਪੂਰਨਤਾ ਕੀ ਓਰ’ ਕਰਵਾਇਆ ਗਿਆ।ਪੋ੍ਰ. ਡਾ. ਆਦਰਸ਼ਪਾਲ ਵਿਜ ਚੇਅਰਮੈਨ ਪ੍ਰਦਸ਼ਣ ਕੰਟਰੋਲ ਬੋਰਡ ਪੰਜਾਬ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ।ਸਕੂਲ ਮੈਨੇਜਰ ਡਾ. ਰਾਜੇਸ਼ ਕੁਮਾਰ ਵਿਸ਼ੇਸ਼ ਤੌਰ ’ਤੇ ਸ਼ਾਮਲ ਹੋਏ।ਪਿ੍ਰੰ. ਡਾ. ਅੰਜਨਾ ਗੁਪਤਾ ਨੇ ਆਏ ਮਹਿਮਾਨਾਂ ਨੂੰ ਹਰਿਆਲੀ ਦੇ ਪ੍ਰਤੀਕ ਛੋਟੇ-ਛੋਟੇ ਪੌਦੇ ਅਤੇ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ।ਸਮਾਗਮ ਦੀ ਸ਼ੁੁਰੂਆਤ ਜੋਤ ਜਗਾ ਕੇ ਕੀਤੀ ਗਈ।ਉਨ੍ਹਾਂ ਸਕੂਲ ਦੀਆਂ ਸਲਾਨਾ ਅਕਾਦਮਿਕ ਅਤੇ ਗੈਰ-ਅਕਾਦਮਿਕ ਪ੍ਰਾਪਤੀਆਂ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਸਕੂਲ ਦੇ ਵਿਦਿਆਰਥੀਆਂ ਨੇ ਪੜ੍ਹਾਈ ਦੇ ਨਾਲ-ਨਾਲ ਖੇਡਾਂ ਅਤੇ ਸੱਭਿਆਚਾਰਕ ਗਤੀਵਿਧੀਆਂ ਵਿੱਚ ਵੀ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਪੱਧਰ ’ਤੇ ਆਪਣੀ ਪ੍ਰਤਿਭਾ ਦਾ ਲੋਹਾ ਮਨਵਾਇਆ ਹੈ।ਉਨ੍ਹਾਂ ਕਿਹਾ ਕਿ ਅਜੋਕੇ ਸਮੇਂ ਨੌਜਵਾਨਾਂ ’ਚ ਨੈਤਿਕ ਕਦਰਾਂ-ਕੀਮਤਾਂ ਦਾ ਪਤਨ ਹੋ ਰਿਹਾ ਹੈ।ਉਹ ਮਹਾਨ ਭਾਰਤੀ ਸੰਸਕ੍ਰਿਤੀ ਅਤੇ ਪਰੰਪਰਾਵਾਂ ਤੋਂ ਦੂਰ ਹੰਦੇ ਜਾ ਰਹੇ ਹਨ।ਉਹ ਆਪਣੇ ਅਮੀਰ ਵਿਰਸੇ ਨੂੰ ਛੱਡ ਕੇ ਪੱਛਮੀ ਸੱਭਿਆਚਾਰ ਦੀ ਨਕਲ ਕਰ ਰਹੇ ਹਨ ਅਤੇ ਹਰ ਵੇਲੇ ਮੋਬਾਈਲ ਅਤੇ ਕੰਪਿਊਟਰ ’ਤੇ ਬੇਕਾਰ ਕੰਮਾਂ ’ਚ ਰੁੱਝੇ ਰਹਿੰਦੇ ਹਨ। ਸਾਡਾ ਉਦੇਸ਼ ਗੁਰੂ ਚਾਣਕਿਆ ਦੇ ਜੀਵਨ ’ਤੇ ਅਧਾਰਿਤ ਨਾਟਕ ਦੀ ਪੇਸ਼ਕਾਰੀ ਰਾਹੀਂ ਨੌਜਵਾਨ ਪੀੜ੍ਹੀ ਦੇ ਮਨ ’ਚ ਦੇਸ਼ ਭਗਤੀ ਦੇ ਵਿਚਾਰ ਅਤੇ ਕਦਰਾਂ-ਕੀਮਤਾਂ ਨੂੰ ਜਗਾਉਣਾ ਹੈ।ਨਵੀਂ ਰਾਸ਼ਟਰੀ ਸਿੱਖਿਆ ਨੀਤੀ ਦੇ ਉਦੇਸ਼ ਵੀ ਭਾਰਤੀ ਨੌਜਵਾਨਾਂ ਨੂੰ ਪ੍ਰਾਚੀਨ ਭਾਰਤੀ ਸੰਸਕ੍ਰਿਤੀ ਨਾਲ ਜੋੜਨਾ ਹੈ।ਨਵੀਂ ਰਾਸ਼ਟਰੀ ਸਿੱਖਿਆ ਨੀਤੀ ਅਨੁਸਾਰ ਅਸੀਂ ਮਹਾਰਾਣਾ ਪ੍ਰਤਾਪ, ਛਤਰਪਤੀ ਸ਼ਿਵਾਜੀ, ਝਾਂਸੀ ਦੀ ਰਾਣੀ ਲਕਸ਼ਮੀ ਬਾਈ, ਸ਼ਹੀਦ ਭਗਤ ਸਿੰਘ ਅਤੇ ਗੁਰੂ ਚਾਣਕਿਆ ਵਰਗੇ ਹੋਰ ਦੇਸ਼ ਭਗਤਾਂ ਦੇ ਜੀਵਨ ’ਤੇ ਅਧਾਰਿਤ ਪ੍ਰੋਗਰਾਮਾਂ ਦਾ ਆਯੋਜਨ ਕਰਦੇ ਰਹਾਂਗੇ, ਤਾਂ ਜੋ ਸਾਡੇ ਨੌਜਵਾਨ ਉਹਨਾਂ ਦੇ ਜੀਵਨ ਤੋਂ ਸਿੱਖਿਆ ਲੈ ਕੇ ਆਪਣੇ ਉੱਜਵਲ ਭਵਿੱਖ ਵੱਲ ਵਧ ਸਕਣ ।
‘ਗਿਆਨ ਯਾਤਰਾ-ਸੰਪੂਰਨਤਾ ਕੀ ਓਰ’ ਨਾਟਕ ਰਾਹੀਂ ਵਿਦਿਆਰਥੀਆਂ ਨੇ ਭਾਰਤ ਦੀ ਪ੍ਰਾਚੀਨ ਸੰਸਕ੍ਰਿਤੀ ਦੇ ਮਹਾਨ ਮੋਢੀ ਅਤੇ ਅਰਥ ਸ਼ਾਸਤਰ ਅਤੇ ਨੀਤੀ ਸ਼ਾਸਤਰ ਦੇ ਪਿਤਾਮਾ ਚਾਣਕਿਆ ਦੀ ਗਿਆਨ ਯਾਤਰਾ ’ਤੇ ਚਾਨਣਾ ਪਾਉਂਦੇ ਹੋਏ ਦੱਸਿਆ ਕਿ ਉਨ੍ਹਾਂ ਦੁਆਰਾ ਰਚਿਤ ਗ੍ਰੰਥ ਅਰਥ ਸ਼ਾਸਤਰ ਅਤੇ ਨੀਤੀ ਸ਼ਾਸਤਰ ਵਿੱਚ ਮੌਜ਼ੂਦ ਗਿਆਨ ਨਾ ਸਿਰਫ਼ ਸ਼ਾਸਨ ਦੇ ਸਿਧਾਂਤ ਪ੍ਰਦਾਨ ਕਰਦਾ ਹੈ, ਸਗੋਂ ਇਕ ਨੇਕ ਜੀਵਨ ਜਿਊਣ ਦਾ ਰਾਹ ਵੀ ਪੱਧਰਾ ਕਰਦਾ ਹੈ ।
ਸਕੂਲ ਮੈਨੇਜਰ ਡਾ. ਰਾਜੇਸ਼ ਕੁਮਾਰ ਨੇ ਵਿਦਿਆਰਥੀਆਂ ਦੀ ਪੇਸ਼ਕਾਰੀ ਦੀ ਸ਼ਲਾਘਾ ਕੀਤੀ।ਅਚਾਰੀਆ ਚਾਣਕਿਆ ਨੇ ਵੀ ਇਸ ਪਰਮ ਧਰਮ ਨੂੰ ਆਪਣਾ ਉਦੇਸ਼ ਬਣਾਇਆ ਅਤੇ ਆਪਣਾ ਸਾਰਾ ਜੀਵਨ ਮਾਤ-ਭੂਮੀ ਦੀ ਭਲਾਈ ਲਈ ਸਮਰਪਿਤ ਕਰ ਦਿੱਤਾ।ਉਨ੍ਹਾਂ ਨੇ ਇਨਾਮ ਪ੍ਰਾਪਤ ਕਰਨ ਵਾਲੇ ਹੋਣਹਾਰ ਵਿਦਿਆਰਥੀਆਂ ਨੂੰ ਵਧਾਈ ਦਿੱਤੀ ਅਤੇ ਉਜੱਵਲ ਭਵਿੱਖ ਲਈ ਸ਼ੁਭਕਾਮਨਾਵਾਂ ਦਿੱਤੀਆ ।
ਮੁੱਖ ਮਹਿਮਾਨ ਪ੍ਰੋ. ਡਾ. ਆਦਰਸ਼ਪਾਲ ਵਿਜ ਨੇ ਵਿਦਿਆਰਥੀਆਂ ਦੀ ਪੇਸ਼ਕਾਰੀ ਦੀ ਭਰਪੂਰ ਪ੍ਰਸੰਸਾ ਕਰਦਿਆਂ ਕਿਹਾ ਕਿ ਚਾਣਕਿਆ ਅਜਿਹੇ ਮਹਾਨ ਵਿਅਕਤੀ ਸਨ, ਜਿਨ੍ਹਾਂ ਨੂੰ ਰਾਜਨੀਤੀ, ਅਰਥ ਸ਼ਾਸਤਰ, ਚਿਕਿਤਸਾ, ਰਣਨੀਤੀ ਅਤੇ ਜੋਤਿਸ਼ ਵਰਗੇ ਵਿਸ਼ਿਆਂ ਦਾ ਡੂੰਘਾ ਗਿਆਨ ਸੀ।ਉਨ੍ਹਾਂ ਦੁਆਰਾ ਲਿਖੇ ਗ੍ਰੰਥਾਂ ਵਿੱਚ ਦਿੱਤੀਆਂ ਸਿੱਖਿਆਵਾਂ ਸਾਡੇ ਜੀਵਨ ਦੇ ਵੱਖ-ਵੱਖ ਪਹਿਲੂਆਂ ’ਤੇ ਲਾਗੂ ਹੁੰਦੀਆਂ ਹਨ ।
ਵਿਦਿਆਰਥੀਆਂ ਨੇ ਡੀ.ਏ.ਵੀ ਗਾਣ ਅਤੇ ਵੇਦ-ਵਾਣੀ ’ਤੇ ਖੂਬਸੂਰਤ ਨਾਚ ਪੇਸ਼ ਕੀਤਾ, ਪੰਜਾਬ ਰਾਜ ਦੇ ਲੋਕ-ਨਾਚ, ਗਿੱਧਾ ਅਤੇ ਭੰਗੜਾ ਪੇਸ਼ ਕਰਕੇ ਸਾਰਿਆਂ ਨੂੰ ਮੋਹ ਲਿਆ।
ਇਸ ਇਨਾਮ ਵੰਡ ਸਮਾਰੋਹ ਵਿੱਚ 2022-23 ਅਤੇ 2023-24 ਦੇ ਦਸਵੀਂ ਅਤੇ ਬਾਰ੍ਹਵੀਂ ਜਮਾਤ ਦੇ ਸੀ.ਬੀ.ਐਸ.ਈ ਬੋਰਡ ਦੀਆਂ ਪ੍ਰੀਖਿਆਵਾਂ ਵਿੱਚ ਵਧੀਆ ਅੰਕ ਪ੍ਰਾਪਤ ਕਰਨ ਵਾਲੇ ਹੋਣਹਾਰ ਵਿਦਿਆਰਥੀਆਂ, ਖੇਡਾਂ ਅਤੇ ਸੱਭਿਆਚਾਰਕ ਮੁਕਾਬਲਿਆਂ ਦੇ ਜੇਤੂਆਂ ਨੂੰ ਇਨਾਮ ਦੇ ਕੇ ਸਨਮਾਨਿਤ ਕੀਤਾ ਗਿਆ
ਇਸ ਮੌਕੇ ’ਤੇ ਪ੍ਰਿੰ. ਡਾ. ਅਮਰਦੀਪ ਗੁਪਤਾ, ਪਿ੍ਰੰ. ਡਾ. ਅੰਜੂ, ਅਮਨਦੀਪ ਚੰਦੀ, ਸ੍ਰੀਮਤੀ ਮੋਨਿਕਾ ਰਾਣਾ, ਬਲਜਿੰਦਰ ਸਿੰਘ, ਪਿ੍ਰੰ. ਪੱਲਵੀ ਸੇਠੀ, ਪਿ੍ਰੰ. ਰਜਨੀ ਬਾਲਾ, ਹਰਿੰਦਰ ਸਿੰਘ ਸੋਹਲ, ਸ੍ਰੀਮਤੀ ਬਿਮਲ ਬੱਸੀ, ਵਿਨੋਦ ਕੁਮਾਰ, ਨਵਦੀਪ ਜੋਸ਼ੀ, ਰਾਜਨ ਕੁਮਾਰ, ਵਰੁਣ ਮਹਿਰਾ ਅਤੇ ਵਿਦਿਆਰਥੀਆਂ ਦੇ ਮਾਪੇ ਹਾਜ਼ਰ ਸਨ।ਸਮਾਗਮ ਦੀ ਸਮਾਪਤੀ ਰਾਸ਼ਟਰੀ ਗੀਤ ਨਾਲ ਹੋਈ ।