ਅੰਮ੍ਰਿਤਸਰ, 11 ਅਕਤੂਬਰ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਯੂਨੀਵਰਸਿਟੀ ਦੇ ਸਕੂਲ ਆਫ ਫਾਰਮੇਸੀ ਵੱਲੋਂ ‘ਸਿਹਤਮੰਦ ਭਵਿੱਖ ਲਈ ਫਾਰਮਾਸਿਸਟਾਂ ਨੂੰ ਮਜ਼ਬੂਤ ਬਣਾਉਣਾ’ ਵਿਸ਼ੇ ’ਤੇ
ਸੈਮੀਨਾਰ ਅਤੇ ਰੈਲੀ ਦਾ ਆਯੋਜਨ ਕੀਤਾ ਗਿਆ।ਯੂਨੀਵਰਸਿਟੀ ਦੇ ਉਪ ਕੁਲਪਤੀ ਡਾ. ਮਹਿਲ ਸਿੰਘ ਦੇ ਦਿਸ਼ਾ-ਨਿਰਦੇਸ਼ਾਂ ’ਤੇ ਵਿਸ਼ਵ ਫਾਰਮਾਸਿਸਟ ਦਿਵਸ ਦੇ ਸਬੰਧ ’ਚ ਕਰਵਾਏ ਗਏ ਉਕਤ ਪ੍ਰੋਗਰਾਮ ਮੌਕੇ ਲਈ ਮੈਡੀਕਲ ਕਾਲਜ ਦੇ ਐਸ.ਐਮ.ਓ, ਏ.ਆਰ.ਟੀ.ਸੀ. ਡਾ. ਜੋਤੀ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ।
’ਵਰਸਿਟੀ ਦੇ ਫੈਕਲਟੀ ਆਫ ਫਾਰਮਾਸਿਊਟੀਕਲ ਐਂਡ ਅਲਾਇਡ ਹੈਲਥ ਸਾਇੰਸਿਜ਼ ਡੀਨ ਡਾ. ਆਰ.ਕੇ ਧਵਨ ਨੇ ਦੱਸਿਆ ਕਿ ਸਮਾਰੋਹ ਫਾਰਮੇਸੀ ਕੌਂਸਲ ਆਫ਼ ਇੰਡੀਆ ਵੱਲੋਂ “ਸਵਸਥ ਭਾਰਤ: ਰੋਗਾੂਣਨਾਸ਼ਕ ਦਵਾਈਆਂ ਪ੍ਰਤੀ ਰੋਧਕਤਾ (ਏ.ਐਮ.ਆਰ) ਨਾਲ ਮੁਕਾਬਲਾ” ਦੇ ਵਿਆਪਕ ਮਿਸ਼ਨ ਤਹਿਤ ਕੀਤਾ ਗਿਆ ਹੈ।ਉਨ੍ਹਾਂ ਕਿਹਾ ਕਿ ਇਸ ਦਾ ਮਕਸਦ ਵਿਦਿਆਰਥੀਆਂ ਅਤੇ ਆਮ ਲੋਕਾਂ ’ਚ ਐਂਟੀਮਾਈਕ੍ਰੋਬੀਅਲ ਰਜ਼ਿਸਟੈਂਸ ਸਬੰਧੀ ਜਾਗਰੂਕਤਾ ਪੈਦਾ ਕਰਨਾ ਅਤੇ ਰੋਗਾਣੂਨਾਸ਼ਕ ਦਵਾਈਆਂ ਦੀ ਤਰਕਸੰਗਤ ਵਰਤੋਂ, ਇਨਫੈਕਸ਼ਨ ਦੀ ਰੋਕਥਾਮ ਅਤੇ ਮਰੀਜ਼ਾਂ ਦੀ ਸੁਰੱਖਿਆ ਸਬੰਧੀ ਜਾਗਰੂਕਤਾ ਨੂੰ ਉਤਸ਼ਾਹਿਤ ਕਰਨਾ ਸੀ।
ਡਾ. ਧਵਨ ਨੇ ਕਿਹਾ ਕਿ ਇਸ ਪ੍ਰੋਗਰਾਮ ਤਹਿਤ ਕਰਵਾਏ ਗਏ ਪੋਸਟਰ ਮੇਕਿੰਗ ਮੁਕਾਬਲਾ, ਜਾਗਰੂਕਤਾ ਮੁਹਿੰਮ ਤਹਿਤ ਰੈਲੀ ਅਤੇ ਵਿਸ਼ੇਸ਼ ਸੈਮੀਨਾਰ ’ਚ ਵਿਦਿਆਰਥੀਆਂ ਨੇ ਵੱਧ-ਚੜ੍ਹ ਕੇ ਹਿੱਸਾ ਲਿਆ।ਸਮਾਗਮ ਡਾ. ਅਮਨਦੀਪ ਸਿੰਘ ਭਾਟੀਆ, ਡਾ. ਰਾਜੀਵ ਕੁਮਾਰ, ਜਸਰੀਨ ਉਪਲ ਦੀ ਅਗਵਾਈ ਹੇਠ ਕੀਤਾ ਗਿਆ।ਜਿਸ ’ਚ ਮੈਡੀਕਲ ਖੇਤਰ ਨਾਲ ਜੁੜੇ ਮਾਹਿਰਾਂ ਨੇ ਵਿਦਿਆਰਥੀਆਂ ਨਾਲ ਮਹੱਤਵਪੂਰਨ ਜਾਣਕਾਰੀ ਸਾਂਝੀ ਕੀਤੀ। ਉਨ੍ਹਾਂ ਕਿਹਾ ਕਿ ਵਿਦਿਆਰਥੀਆਂ ਨੂੰ ਸਿਰਫ਼ ਅਕਾਦਮਿਕ ਜਾਣਕਾਰੀ ਹੀ ਨਹੀਂ, ਸਗੋਂ ਸਮਾਜ ਪ੍ਰਤੀ ਆਪਣੀ ਸਿਹਤ ਜਾਗਰੂਕਤਾ ਵਾਲੀ ਜ਼ਿੰਮੇਵਾਰੀ ਨਿਭਾਉਣ ਲਈ ਵੀ ਪ੍ਰੇਰਿਤ ਕੀਤਾ।ਵਿਦਿਆਰਥੀਆਂ ਨੇ ਤਿਆਰ ਕੀਤੇ ਗਏ ਜਾਗਰੂਕਤਾ ਪੋਸਟਰ ਤੇ ਤਖਤੀਆਂ ਹੱਥਾਂ ’ਚ ਫੜ੍ਹ ਕੇ ਕਾਲਜ ਕੈਂਪਸ ਦੇ ਆਲੇ ਦੁਆਲੇ ਮਾਰਗ ’ਤੇ ਰੈਲੀ ਕੱਢੀ।
ਡਾ. ਜੋਤੀ ਨੇ ਵਿਦਿਆਰਥੀਆਂ ਨੂੰ ਐਚ.ਆਈ.ਵੀ ਏਡਜ਼ ਨਾਲ ਸਬੰਧਿਤ ਜਾਗਰੂਕਤਾ, ਬਚਾਅ ਦੇ ਉਪਾਵਾਂ ਅਤੇ ਸਮਾਜ ’ਚ ਇਸ ਨਾਲ ਜੁੜੀਆਂ ਗਲਤ ਧਾਰਨਾਵਾਂ ਨੂੰ ਦੂਰ ਕਰਨ ਦੀ ਲੋੜ ਸਬੰਧੀ ਜਾਣਕਾਰੀ ਪ੍ਰਦਾਨ ਕੀਤੀ।ਉਨ੍ਹਾਂ ਕਿਹਾ ਕਿ ਉਕਤ ਫਾਰਮੇਸੀ ਵੀਕ ਦਾ ਵਿਸ਼ਾ “ਸਵਸਥ ਭਾਰਤ: ਕੰਬੈਟਿੰਗ ਏਐਮਆਰ” ਰੱਖਿਆ ਗਿਆ।ਪੋਸਟਰ ਮੇਕਿੰਗ ਮੁਕਾਬਲੇ ਰਾਹੀਂ ਵਿਦਿਆਰਥੀਆਂ ਨੇ ਐਂਟੀਮਾਈਕ੍ਰੋਬੀਅਲ ਰਜ਼ਿਸਟੈਂਸ, ਐਚ.ਆਈ.ਵੀ ਏਡਜ਼, ਦਵਾਈਆਂ ਦੀ ਸਹੀ ਵਰਤੋਂ ਅਤੇ ਸਿਹਤਮੰਦ ਜੀਵਨ ਨਾਲ ਸਬੰਧਿਤ ਵਿਸ਼ਿਆਂ ਨੂੰ ਰਚਨਾਤਮਕ ਢੰਗ ਨਾਲ ਪੇਸ਼ ਕੀਤਾ।ਨੀਲਕਮਲ ਸਵਾਮੀ, ਪ੍ਰੋਜੈਕਟ ਮੈਨੇਜਰ, ਸ੍ਰੀਮਤੀ ਟੀਨਾ, ਕਾਊਂਸਲਰ ਅਤੇ ਸ੍ਰੀਮਤੀ ਮਨਜੀਤ ਕੌਰ ਤੋਂ ਇਲਾਵਾ ਵਿਦਿਆਰਥੀਆਂ ਅਤੇ ਫੈਕਲਟੀ ਮੈਂਬਰ ਵੀ ਮੌਜ਼ੂਦ ਸਨ।
Check Also
ਬੀ.ਬੀ.ਕੇ ਡੀ.ਏ.ਵੀ ਕਾਲਜ ਵੁਮੈਨ ਵਿਖੇ ਐਨ.ਸੀ.ਸੀ ਆਰਮੀ ਵਿੰਗ ਲਈ ਭਰਤੀ ਪ੍ਰਕਿਰਿਆ ਹੋਈ
ਅੰਮ੍ਰਿਤਸਰ, 11 ਅਕਤੂਬਰ (ਜਗਦੀਪ ਸਿੰਘ) – ਬੀ.ਬੀ.ਕੇ ਡੀ.ਏ.ਵੀ ਕਾਲਜ ਵੁਮੈਨ ਵਿਖੇ ਸੈਸ਼ਨ 2026-2027 ਲਈ ਨੈਸ਼ਨਲ …
Punjab Post Daily Online Newspaper & Print Media