ਚੋਣਾਂ ਸਬੰਧੀ ਇੰਟਰਨੈਟ ਜ਼ਰੀਏ ਪ੍ਰਾਪਤ ਕੀਤੀ ਜਾ ਸਕਦੀ ਹੈ ਜਾਣਕਾਰੀ
ਬਠਿੰਡਾ, 11 ਫਰਵਰੀ (ਜਸਵਿੰਦਰ ਸਿੰਘ ਜੱਸੀ – ਅਵਤਾਰ ਸਿੰਘ ਕੈਂਥ)-ਵਧੀਕ ਡਿਪਟੀ ਕਮਿਸ਼ਨਰ (ਵਿਕਾਸ)-ਕਮ-ਵਧੀਕ ਜ਼ਿਲ੍ਹਾ ਚੋਣਕਾਰ ਅਫਸਰ ਸ਼੍ਰੀ ਵਰਿੰਦਰ ਕੁਮਾਰ ਸ਼ਰਮਾ ਨੇ ਦੱਸਿਆ ਕਿ ਨਗਰ ਨਿਗਮ ਬਠਿੰਡਾ ਅਧੀਨ ਪੈਂਦੇ 50 ਵਾਰਡਾਂ ਦੀਆਂ ਹੋ ਰਹੀਆਂ ਚੋਣਾਂ ਲਈ ਵੱਖ-ਵੱਖ ਪਾਰਟੀਆਂ ਦੇ 287 ਉਮੀਦਵਾਰਾਂ ਵਲੋਂ ਨਾਮਜ਼ਦਗੀ ਪੱਤਰ ਦਾਖਲ ਕਰਵਾਏ ਗਏ ਹਨ।ਉਨ੍ਹਾਂ ਦੱਸਿਆ ਕਿ 12 ਫਰਵਰੀ ਨੂੰ ਨਾਮਜ਼ਦਗੀ ਪੱਤਰਾਂ ਦੀ ਪੜਤਾਲ ਸਬੰਧਤ ਰਿਟਰਨਿੰਗ ਅਫ਼ਸਰਾਂ ਵਲੋਂ ਕੀਤੀ ਜਾਵੇਗੀ ਅਤੇ 13 ਫਰਵਰੀ ਸ਼ਾਮ 03.00 ਵਜੇ ਤੱਕ ਉਮੀਦਵਾਰ ਆਪਣੇ ਨਾਮਜ਼ਦਗੀ ਫਾਰਮ ਵਾਪਸ ਲੈ ਸਕਦੇ ਹਨ, ਉਪਰੰਤ ਇਸੇ ਦਿਨ ਸ਼ਾਮ 03.00 ਵਜੇ ਤੋਂ ਬਾਅਦ ਪ੍ਰਮਾਣਿਤ ਚੋਣ ਨਿਸ਼ਾਨਾਂ ਦੀ ਅਲਾਟਮੈਂਟ ਕੀਤੀ ਜਾਵੇਗੀ।ਸ਼ਰਮਾ ਨੇ ਦੱਸਿਆ ਕਿ ਉਮੀਦਵਾਰਾਂ ਦੇ ਨਾਵਾਂ ਤੋਂ ਇਲਾਵਾ ਚੋਣਾਂ ਨਾਲ ਸਬੰਧਿਤ ਜਾਣਕਾਰੀ ਇੰਟਰਨੈਟ ਜ਼ਰੀਏ ਾਾਾ.ਬੳਟਹਨਿਦੳ.ਨਚਿ.ਨਿ ‘ਤੇ ਦੇਖੀ ਜਾ ਸਕਦੀ ਹੈ। ਉਨ੍ਹਾਂ ਦੱਸਿਆ ਕਿ ਨਗਰ ਨਿਗਮ ਬਠਿੰਡਾ ਦੇ 50 ਵਾਰਡਾਂ ਲਈ 176 ਪੋਲਿੰਗ ਸ਼ਟੇਸ਼ਨ ਬਣਾਏ ਗਏ ਹਨ, ਜਿਨ੍ਹਾਂ ਤੇ ਪੋਲਿੰਗ 22 ਫਰਵਰੀ ਨੂੰ ਹੋਵੇਗੀ ਅਤੇ ਵੋਟਿੰਗ ਦਾ ਸਮਾਂ ਸਵੇਰੇ 8 ਵਜੇ ਤੋਂ ਸ਼ਾਮ 4 ਵਜੇ ਤੱਕ ਹੋਵੇਗਾ ਅਤੇ ਇਹ ਚੋਣਾਂ ਇਲੈਕਟ੍ਰੋਨਿਕ ਵੋਟਿੰਗ ਮਸ਼ੀਨਾਂ ਦੁਆਰਾ ਕਰਵਾਈਆਂ ਜਾ ਰਹੀਆਂ ਹਨ।ਉਨ੍ਹਾਂ ਦੱਸਿਆ ਕਿ ਨਗਰ ਨਿਗਮ ਬਠਿੰਡਾ ਦੇ 1 ਤੋਂ 50 ਵਾਰਡਾਂ ਲਈ ਵੱਖ-ਵੱਖ ਪਾਰਟੀਆਂ ਦੇ ਉਮੀਦਵਾਰਾਂ ਵਲੋਂ ਰਿਟਰਨਿੰਗ ਅਫ਼ਸਰਾਂ ਐਸ.ਡੀ.ਐਮ. ਬਠਿੰਡਾ ਦਮਨਜੀਤ ਸਿੰਘ ਮਾਨ, ਜ਼ਿਲ੍ਹਾ ਮਾਲ ਅਫਸਰ ਬਠਿੰਡਾ ਜਸ਼ਨਜੀਤ ਸਿੰਘ ਅਤੇ ਸਹਾਇਕ ਆਬਕਾਰੀ ਅਤੇ ਕਰ ਕਮਿਸ਼ਨਰ ਬਠਿੰਡਾ ਜਸਕਰਨ ਸਿੰਘ ਬਰਾੜ ਕੋਲ ਨਾਮਜ਼ਦਗੀ ਪੇਪਰ ਜਮ੍ਹਾ ਕਰਵਾਏ ਗਏ ਹਨ।