
ਬਟਾਲਾ 15 ਮਾਰਚ (ਨਰਿੰਦਰ ਬਰਨਾਲ) – ਪੰਜਾਬ ਸਰਕਾਰ ਵੱਲੋਂ ਸਿੱਖਿਆ ਵਿਭਾਗ ਦੀ ਕਾਰਜਗੁਜ਼ਾਰੀ ਨੂੰ ਪਾਰਦਰਸ਼ੀ ਬਣਾਉਣ ਅਤੇ ਕਾਰਜਕੁਸ਼ਲਤਾ ਵਿੱਚ ਵਾਧਾ ਕਰਨ ਹਿੱਤ ਆਰੰਭ ਕੀਤੀ ਗਈ ਵਿਸ਼ੇਸ਼ ਮੁਹਿੰਮ ਤਹਿਤ ਸਕੂਲਾਂ ਸਬੰਧੀ ਸਾਰਾ ਡਾਟਾ ਜਿਵੇ ਸਟਾਫ਼, ਵਿਦਿਆਰਥੀਆਂ ਅਤੇ ਢਾਂਚਾਗਤ ਸਹੂਲਤਾਂ ਆਦਿ ਦੀ ਸਮੁੱਚੀ ਜਾਣਕਾਰੀ ਨੂੰ ਈ-ਪੰਜਾਬ ਵੈਬਪੋਰਟਲ ‘ਤੇ ਅਪਲੋਡ ਕੀਤਾ ਜਾ ਰਿਹਾ ਹੈ ਤਾਂ ਜੋ ਸਕੂਲਾਂ ਤੋਂ ਮੰਗੀ ਜਾਣ ਵਾਲੀ ਡਾਕ ਸਬੰਧੀ ਦਰਪੇਸ਼ ਸਮੱਸਿਆਵਾਂ ਨੂੰ ਘਟਾਉਣ ਦੇ ਨਾਲ-ਨਾਲ, ਸਾਰੀ ਜਾਣਕਾਰੀ ਆਨਲਾਈਨ ਮੁਹੱਈਆ ਹੋ ਸਕੇ।
ਇਹ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਸਿੱਖਿਆ ਅਫਸਰ ਸ. ਅਮਰਦੀਪ ਸਿੰਘ ਸੈਣੀ ਨੇ ਦੱਸਿਆ ਕਿ ਈ-ਪੰਜਾਬ ਸਕੂਲ ਇੰਨਫ਼ਰਮੇਸ਼ਨ ਮੈਨੇਜਮੈਂਟ ਸਿਸਟਮ ਰਾਜ ਦੇ ਵਿਦਿਅਕ ਢਾਂਚੇ ਦੀ ਸਮੁੱਚੀ ਜਾਣਕਾਰੀ ਨੂੰ ਇੱਕ ਥਾਂ ‘ਤੇ ਸੰਜੋਣ ਦਾ ਕ੍ਰਾਂਤੀਕਾਰੀ ਕਦਮ ਹੈ, ਜਿਸ ਤਹਿਤ ਰਾਜ ਦੇ ਹਰੇਕ ਸਕੂਲ, ਚਾਹੇ ਉਹ ਪ੍ਰਾਇਮਰੀ ਹੋਵੇ ਜਾਂ ਮਿਡਲ, ਜਾਂ ਹਾਈ ਜਾਂ ਸੀਨੀਅਰ ਸੈਕੰਡਰੀ, ਬਾਰੇ ਹਰ ਤਰ੍ਹਾਂ ਦੀ ਜਾਣਕਾਰੀ ਆਨਲਾਈਨ ਕੀਤੀ ਜਾ ਰਹੀ ਹੈ।ਉਨ੍ਹਾਂ ਦੱਸਿਆ ਕਿ ਜ਼ਿਲ੍ਹਾ ਗੁਰਦਾਸਪੁਰ ਦੇ ਸਾਰੇ ਸਰਕਾਰੀ ਸਕੂਲਾਂ ਪ੍ਰਇਮਰੀ, ਮਿਡਲ, ਹਾਈ ਤੇ ਸੀਨੀਅਰ ਸਕੈਂਡਰੀ ਸਕੂਲਾਂ ਦਾ ਸਮੁੱਚਾ ਡਾਟਾ ਈ-ਪੰਜਾਬ ਵੈੱਬ ਪੋਰਟਲ ‘ਤੇ ਅਪਲੋਡ ਕੀਤਾ ਜਾ ਰਿਹਾ ਹੈ ਅਤੇ ਛੇਤੀ ਹੀ ਇਹ ਕੰਮ ਮੁਕੰਮਲ ਹੋ ਜਾਵੇਗਾ। ਉਨ੍ਹਾਂ ਕਿਹਾ ਕਿ ਸਰਕਾਰੀ ਸਕੂਲਾਂ ਤੋਂ ਬਾਅਦ ਪ੍ਰਾਈਵੇਟ ਸਕੂਲਾਂ ਦਾ ਡਾਟਾ ਵੀ ਅਪਲੋਡ ਕਰਵਾਇਆ ਜਾਵੇਗਾ।
ਜ਼ਿਲ੍ਹਾ ਸਿੱਖਿਆ ਅਫਸਰ ਸ. ਸੈਣੀ ਨੇ ਦੱਸਿਆ ਕਿ ਈ ਪੰਜਾਬ ਸਕੂਲ ਵੈੱਬਪੋਰਟਲ ‘ਤੇ ਹਰੇਕ ਸਕੂਲ ਨਾਲ ਸਬੰਧਤ ਮੁਢਲੀ ਜਾਣਕਾਰੀ, ਇਮਾਰਤੀ ਜਾਣਕਾਰੀ, ਢਾਂਚਾਗਤ ਸਹੂਲਤਾਂ ਦੀ ਜਾਣਕਾਰੀ, ਸਟਾਫ਼ ਦੀ ਜਾਣਕਾਰੀ, ਮਨਜ਼ੂਰਸ਼ੁਦਾ ਅਸਾਮੀਆਂ ਦੀ ਜਾਣਕਾਰੀ ਅਤੇ ਵਿਦਿਆਰਥੀਆਂ ਦੀ ਐਨਰੋਲਮੈਂਟ ਦਰਜ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਇਹ ਜਾਣਕਾਰੀ ਕਿਸੇ ਵੀ ਥਾਂ ਤੋਂ ਈ ਪੰਜਾਬ ਵੈਬਪੋਰਟਲ ‘ਤੇ ਲਾਗ ਇੰਨ ਕਰਕੇ ਕੋਈ ਵੀ ਵਿਅਕਤੀ ਦੇਖ ਸਕਦਾ ਹੈ।ਜ਼ਿਲ੍ਹਾ ਸਿੱਖਿਆ ਅਫਸਰ ਨੇ ਦੱਸਿਆ ਕਿ ਜ਼ਿਲ੍ਹੇ ਵਿੱਚ ਇਸ ਯੋਜਨਾ ਨੂੰ ਮੁਕੰਮਲ ਰੂਪ ਵਿੱਚ ਲਾਗੂ ਕਰਨ ਹਿੱਤ ਵਿਸ਼ੇਸ਼ ਟ੍ਰੇਨਿੰਗ ਵਰਕਸ਼ਾਪਾਂ ਲਾਈਆਂ ਜਾ ਰਹੀਆਂ ਹਨ ਜਿਸ ਵਿੱਚ ਈ-ਪੰਜਾਬ ਵੈਬਪੋਰਟਲ ‘ਤੇ ਸਕੂਲ ਇਨਫਰਮੈਸ਼ਨ ਡਾਟਾ ਅਪਲੋਡ ਕਰਨ ਲਈ ਵਿਸ਼ੇਸ਼ ਟ੍ਰੇਨਿੰਗ ਦਿੱਤੀ ਜਾ ਰਹੀ ਹੈ।
Punjab Post Daily Online Newspaper & Print Media