ਮਜੀਠੀਆ ਵੱਲੋਂ ਨੌਜਵਾਨਾਂ ਨੂੰ ਭਰਤੀ ਮੁਹਿੰਮ ‘ਚ ਵੱਧ ਚੜ ਕੇ ਹਿੱਸਾ ਲੈਣ ਦੀ ਅਪੀਲ
ਮਜੀਠਾ, 18 ਮਈ (ਪ.ਪ) – ਮਾਲ ਤੇ ਲੋਕ ਸੰਪਰਕ ਮੰਤਰੀ ਤੇ ਹਲਕਾ ਮਜੀਠਾ ਦੇ ਵਿਧਾਇਕ ਸ: ਬਿਕਰਮ ਸਿੰਘ ਮਜੀਠੀਆ ਨੇ ਹਲਕਾ ਮਜੀਠਾ ਦੇ ਪਿੰਡ ਨਾਗ ਕਲਾਂ ‘ਚ ਕਲ ਹੋਣ ਜਾ ਰਹੇ ਯੂਥ ਵਿੰਗ ਦੀ ਭਰਤੀ ਮੁਹਿੰਮ ਦੇ ਆਗਾਜ਼ ਦੌਰਾਨ ਨੌਜਵਾਨਾਂ ਨੂੰ ਵੱਧ ਚੜ ਕੇ ਹਿੱਸਾ ਲੈਣ ਦੀ ਅਪੀਲ ਕੀਤੀ ਹੈ। ਉਹਨਾਂ ਮਾਝੇ ਦੇ ਪ੍ਰਧਾਨ ਸ: ਇੰਦਰਬੀਰ ਸਿੰਘ ਬੁਲਾਰੀਆ ਨੂੰ ਸਹਿਯੋਗ ਦੇਣ ਦੀ ਅਪੀਲ ਕਰਦਿਆਂ ਕਿਹਾ ਸ: ਬੁਲਾਰੀਆ ਯੂਥ ਵਿੰਗ ਨੂੰ ਸਹੀ ਸੇਧ ਦੇਣ ਅਤੇ ਪਾਰਟੀ ਨੂੰ ਬੁਲੰਦੀਆਂ ਤਕ ਲੈ ਜਾਣ ਲਈ ਹਰ ਤਰਾਂ ਕਾਬਲ ਹਨ।
ਉਹਨਾ ਕਿਹਾ ਕਿ ਯੂਥ ਅਕਾਲੀ ਦਲ ਦੀ ਕੀਤੀ ਜਾ ਰਹੀ ਭਰਤੀ ਮੁਹਿੰਮ ਸੰਬੰਧੀ ਨੌਜਵਾਨ ਵਰਗ ਦਾ ਭਾਰੀ ਉਤਸ਼ਾਹ ਦਾ ਪਾਇਆ ਜਾਣਾ ਸ਼੍ਰੋਮਣੀ ਅਕਾਲੀ ਦਲ ਪ੍ਰਤੀ ਲੋਕਾਂ ਦੇ ਵਿਸ਼ਵਾਸ ਦਾ ਪ੍ਰਗਟਾਵਾ ਹੈ।ਉਹਨਾਂ ਕਿਹਾ ਕਿ ਨੌਜਵਾਨ ਵਰਗ ਨੇ ਹਮੇਸ਼ਾਂ ਅਕਾਲੀ ਦਲ ਦਾ ਸਾਥ ਦਿੱਤਾ ਅਤੇ ਪੰਜਾਬ ਦੇ ਜੋਸ਼ੀਲੇ ਨੌਜਵਾਨਾਂ ਨੇ ਹਰੇਕ ਚੋਣਾਂ ‘ਚ ਕਾਂਗਰਸ ਨੂੰ ਧੂੜ ਚਟਾ ਕੇ ਇਹ ਦਸ ਦਿੱਤਾ ਹੈ ਕਿ ਉਹ ਕਾਂਗਰਸ ਨੂੰ ਪੰਜਾਬ ਦੇ ਨੌਜਵਾਨਾਂ ਦੇ ਭਵਿੱਖ ਅਤੇ ਜ਼ਿੰਦਗੀ ਨਾਲ ਹਰਗਿਜ਼ ਖਿਲਵਾੜ ਨਹੀਂ ਕਰਨ ਦੇਣਗੇ। ਉਹਨਾਂ ਕਿਹਾ ਕਿ ਪੰਜਾਬ ਦੀ ਨੌਜਵਾਨ ਸ਼ਕਤੀ ਰਾਜ ਨੂੰ ਅਗਾਂਹ ਲੈ ਜਾਣ ਦੇ ਕਾਬਲ ਹੈ। ਯੂਥ ਅਕਾਲੀ ਦਲ ਨੌਜਵਾਨਾਂ ਨੂੰ ਦਰਪੇਸ਼ ਮਸਲਿਆਂ ਨੂੰ ਸੁਲਝਾਉਣ, ਸਮਾਜਿਕ ਬੁਰਾਈਆਂ ਖ਼ਿਲਾਫ਼ ਤਤਪਰ ਰਹਿਣ ਤੋਂ ਇਲਾਵਾ ਵਾਤਾਵਰਨ ਸ਼ੁੱਧਤਾ ਲਈ ਬੀਤੇ ਦੌਰਾਨ ਲੱਖਾਂ ਪੌਦੇ ਲਾ ਕੇ ਇਹ ਵੀ ਦਸ ਦਿੱਤਾ ਹੈ ਕਿ ਇਹ ਹੁਣ ਹਰ ਚੁਨੌਤੀ ਦਾ ਸਾਹਮਣਾ ਕਰਨ ਦੇ ਸਮਰੱਥ ਹੋਣ ਤੋਂ ਇਲਾਵਾ ਵੱਡੀਆਂ ਸਮਾਜਿਕ ਜ਼ਿੰਮੇਵਾਰੀਆਂ ਨਿਭਾਉਣ ਦੇ ਵੀ ਯੋਗ ਹੋ ਗਿਆ ਹੈ। ਉਹਨਾਂ ਦੱਸਿਆ ਕਿ ਨੌਜਵਾਨ ਪੀੜੀ ਨੂੰ 21 ਵੀ ਸਦੀ ਦੀਆਂ ਚੁਨੌਤੀਆਂ ਦੇ ਹਾਣ ਦਾ ਬਣਾਉਣ ਲਈ ਸਿੱਖਿਆ ਪ੍ਰਣਾਲੀ ਵਿੱਚ ਕ੍ਰਾਂਤੀਕਾਰੀ ਤਬਦੀਲੀਆਂ ਦੀ ਲੋੜ ਨੂੰ ਮਹਿਸੂਸ ਕਰਦਿਆਂ ਸ: ਪ੍ਰਕਾਸ਼ ਸਿੰਘ ਬਾਦਲ ਅਤੇ ਸ: ਸੁਖਬੀਰ ਸਿੰਘ ਬਾਦਲ ਦੀ ਅਗਵਾਈ ‘ਚ ਸਰਕਾਰ ਨੇ ਸਿੱਖਿਆ ਨੂੰ ਕਿੱਤਾ ਮੁਖੀ ਬਣਾਉਣ ਵਲ ਨਾ ਕੇਵਲ ਵਧੇਰੇ ਧਿਆਨ ਦਿੱਤਾ ਸਗੋਂ ਰਾਜ ਵਿੱਚ ਰੁਜ਼ਗਾਰ ਦੇ ਮੌਕੇ ਪੈਦਾ ਕਰਨ ਲਈ ਨਿੱਜੀ ਖੇਤਰ ਨੂੰ ਵੀ ਪ੍ਰੇਰਨ ਵਲ ਵਿਸ਼ੇਸ਼ ਤਵੱਜੋ ਦਿੱਤੀ ਹੈ।
Punjab Post Daily Online Newspaper & Print Media