ਅਨਿਲ ਜੋਸ਼ੀ ਨੇ ਲੋਕਾਂ ਨੂੰ ਇਸ ਪ੍ਰਦਰਸ਼ਨੀ ਤੋਂ ਲਾਹਾ ਲੈਣ ਦੀ ਕੀਤੀ ਅਪੀਲ
ਅੰਮ੍ਰਿਤਸਰ, 8 ਜੂਨ (ਗੁਰਚਰਨ ਸਿੰਘ) – ਭਾਰਤ ਸਰਕਾਰ ਦੇ ਸੂਚਨਾ ਤੇ ਪ੍ਰਸਾਰਨ ਮੰਤਰਾਲਾ ਦੇ ਵਿਗਿਆਪਨ ਅਤੇ ਦ੍ਰਿਸ਼ ਪ੍ਰਚਾਰ ਨਿਦੇਸ਼ਾਲਾ ਡੀਏਵੀਪੀ ਵੱਲੋਂ ਕੇਂਦਰ ਸਰਕਾਰ ਦੇ ਇਕ ਵਰ੍ਹਾ ਪੂਰਾ ਹੋਣ ਤੇ ਸਰਕਾਰ ਦੀਆਂ ਪ੍ਰਾਪਤੀਆਂ ਨੂੰ ਦਰਸਾਉਂਦੀ ਵਿਸ਼ਾਲ ਫੋਟੋ ਪ੍ਰਦਰਸ਼ਨੀ ”ਸਾਲ ਏਕ ਸ਼ੁਰੂਆਤ ਅਨੇਕ” ਅੱਜ ਸਥਾਨਕ ਟਾਊਨ ਹਾਲ ਵਿਚ ਸ਼ੁਰੂ ਹੋਈ।7 ਦਿਨ ਤੱਕ ਚੱਲਣ ਵਾਲੀ ਫੋਟੋ ਪ੍ਰਦਰਸ਼ਨੀ ਦਾ ਉਦਘਾਟਨ ਪੰਜਾਬ ਦੇ ਸਥਾਨਕ ਸਰਕਾਰਾਂ ਬਾਰੇ ਮੰਤਰੀ ਸ੍ਰੀ ਅਨਿਲ ਜੋਸ਼ੀ ਤੇ ਪੰਜਾਬ ਦੀ ਮੁੱਖ ਪਾਰਲੀਮਾਨੀ ਸਕੱਤਰ ਸ੍ਰੀਮਤੀ ਨਵਜੋਤ ਕੌਰ ਸਿੱਧੂ ਨੇ ਸਾਂਝੇ ਤੌਰ ਤੇ ਕੀਤਾ। ਉਦਘਾਟਨੀ ਸਮਾਗਮ ਨੂੰ ਸੰਬੋਧਨ ਕਰਦਿਆਂ ਸ੍ਰੀ ਅਨਿਲ ਜੋਸ਼ੀ ਨੇ ਕਿਹਾ ਕਿ ਦੇਸ਼ ਦੀ ਆਜ਼ਾਦੀ ਮਗਰੋਂ ਇਹ ਪਹਿਲੀ ਸਰਕਾਰ ਹੈ ਜਿਸਨੇ ਪਾਰਦਰਸ਼ੀ ਤੇ ਜਵਾਬਦੇਈ ਨਾਲ ਕੰਮ ਕਰਦੇ ਹੋਏ ਆਪਣੇ ਇਕ ਸਾਲ ਦਾ ਲੇਖਾ ਜੋਖਾ ਲੋਕਾਂ ਅੱਗੇ ਪੇਸ਼ ਕਰਨ ਦੀ ਹਿੰਮਤ ਕੀਤੀ ਹੈ। ਉਨ੍ਹਾਂ ਕਿਹਾ ਕਿ ਸ੍ਰੀ ਨਰਿੰਦਰ ਮੋਦੀ ਦੀ ਅਗਵਾਈ ਹੇਠ ਐਨ.ਡੀ.ਏ. ਸਰਕਾਰ ਨੇ ਇਕ ਸਾਲ ਦੇ ਛੋਟੇ ਸਮੇਂ ਵਿਚ ਹੀ ਅਜਿਹੇ ਕਦਮ ਚੁਕੇ ਨੇ ਜਿਸਦਾ ਅਸਰ ਭਾਰਤ ਵਿਚ ਹੀ ਨਹੀਂ ਸਗੋਂ ਵਿਦੇਸ਼ਾਂ ਵਿਚ ਵੀ ਪਿਆ ਹੈ। ਸ੍ਰੀ ਜੋਸ਼ੀ ਨੇ ਕਿਹਾ ਕਿ ‘ਪ੍ਰਧਾਨ ਮੰਤਰੀ ਜਨ ਧਨ ਯੋਜਨਾ’ ਨਾਲ ਆਮ ਆਦਮੀ ਦੀ ਬੈਂਕਾਂ ਤੱਕ ਪਹੁੰਚ ਵਧੀ ਹੈ ਤੇ ਹਾਲ ਵਿਚ ਹੀ ਸਰਕਾਰ ਵੱਲੋਂ ਸ਼ੁਰੂ ਕੀਤੀਆਂ ਗਈਆਂ ਸਮਾਜਿਕ ਸਰੁੱਖਿਆ ਦੀਆਂ ਤਿੰਨ ਸਕੀਮਾਂ ਹੇਠ ਲਾਭਪਾਤਰੀਆਂ ਦੀ ਗਿਣਤੀ ਲਗਾਤਾਰ ਵੱਧ ਰਹੀ ਹੈ ਜੋ 10 ਕਰੋੜ ਤੋਂ ਵੀ ਟੱਪ ਚੁਕੀ ਹੈ।
ਪ੍ਰਧਾਨ ਮੰਤਰੀ ਦੇ ਸਵੱਛ ਭਾਰਤ ਪ੍ਰੋਗਰਾਮ ਦਾ ਜ਼ਿਕਰ ਕਰਦੀਆਂ ਅਨਿਲ ਜੋਸ਼ੀ ਨੇ ਕਿਹਾ ਕਿ ਆਪਣੇ ਆਲੇ ਦੁਆਲੇ ਨੂੰ ਸਵੱਛ ਰੱਖਣਾ ਸਾਡੀ ਸਾਰੀਆਂ ਦੀ ਸਾਂਝੀ ਜ਼ਿੰਮੇਵਾਰੀ ਬਣਦੀ ਹੈ। ਉਨ੍ਹਾਂ ਦੱਸਿਆ ਕਿ ਸਵੱਛ ਭਾਰਤ ਮੁਹਿੰਮ ਹੇਠ ਪੰਜਾਬ ਨੂੰ 381 ਕਰੋੜ ਰੁਪਏ ਦੀ ਰਕਮ ਮਨਜ਼ੂਰ ਹੋਈ ਹੈ। ਉਨ੍ਹਾਂ ਸਰਕਾਰ ਦੇ ਪ੍ਰੋਗਰਾਮ ਤੇ ਪ੍ਰਾਪਤੀਆਂ ਲੋਕਾਂ ਤੱਕ ਪਹੁੰਚਾਉਣ ਲਈ ਸੂਚਨਾ ਤੇ ਪ੍ਰਸਾਰਨ ਮੰਤਰਾਲਾ ਵੱਲੋਂ ਆਰੰਭੀ ਗਈ ਮੁਹਿੰਮ ਦੀ ਸ਼ਲਾਘਾ ਕੀਤੀ। ਉਨ੍ਹਾਂ ਸੁਝਾਅ ਦਿੱਤਾ ਕਿ ਅਜਿਹੀਆਂ ਪ੍ਰਦਰਸ਼ਨੀਆਂ ਮੁਹੱਲਾ ਪੱਧਰ ਤੇ ਲਗਾਈਆਂ ਜਾਣ ਤਾਂ ਜੋ ਇਹ ਪ੍ਰੋਗਰਾਮ ਉਨ੍ਹਾਂ ਲੋਕਾਂ ਤੱਕ ਪਹੁੰਚਣ ਜਿੰਨ੍ਹਾਂ ਲਈ ਬਣਾਏ ਗਏ ਹਨ।
ਉਦਘਾਟਨੀ ਸਮਾਗਮ ਨੂੰ ਹੋਰਨਾਂ ਤੋਂ ਇਲਾਵਾ ਭਾਰਤੀ ਜਨਤਾ ਪਾਰਟੀ ਦੇ ਕੌਮੀ ਸਕੱਤਰ ਤਰੁਨ ਚੁੱਘ ਤੇ ਅੰਮ੍ਰਿਤਸਰ ਦੇ ਡਿਪਟੀ ਕਮਿਸ਼ਨਰ-ਕਮ-ਕਮਿਸ਼ਨਰ ਸ੍ਰੀ ਪ੍ਰਦੀਪ ਕੁਮਾਰ ਸਭਰਵਾਲ ਨੇ ਵੀ ਸੰਬੋਧਨ ਕਰਦਿਆਂ ਲੋਕਾਂ ਨੂੰ ਇਸ ਪ੍ਰਦਰਸ਼ਨੀ ਰਾਹੀਂ ਵੱਧ ਤੋਂ ਵੱਧ ਜਾਣਕਾਰੀ ਲੈਣ ਲਈ ਆਖਿਆ। ਖੇਤਰੀ ਪ੍ਰਦਰਸ਼ਨੀ ਅਧਿਕਾਰੀ ਮੈਡਮ ਸਪਨਾ ਨੇ ਆਏ ਮਹਿਮਾਨਾਂ ਦਾ ਧੰਨਵਾਦ ਕਰਦਿਆਂ ਦੱਸਿਆ ਕਿ ਇਹ ਸੱਤ ਦਿਨਾਂ ਪ੍ਰਦਰਸ਼ਨੀ ਦੌਰਾਨ ਲੋਕਾਂ ਨੂੰ ‘ਬੇਟੀ ਬਚਾਓ ਬੇਟੀ ਪੜ੍ਹਾਓ’ ‘ਸੁਕੰਨਿਆ ਸਮਰਿੱਧੀ ਯੋਜਨਾ’ ‘ਸਵੱਛ ਭਾਰਤ ਮਜ਼ਬੂਤ ਭਾਰਤ’ ‘ਯੁਵਾ ਸ਼ਕਤੀ ਤੇ ਹੁਨਰ ਵਿਕਾਸ’ ‘ਅੰਨਦਾਤਾ ਸੁਖੀ ਰਹੇ’ ‘ਵਿਦੇਸ਼ਾਂ ਵਿਚ ਭਾਰਤ ਦੀ ਧਮਕ’ ਤੇ ਹੋਰ ਪ੍ਰੋਗਰਾਮਾਂ ਬਾਰੇ ਜਾਗਰੂਕ ਕੀਤਾ ਜਾਵੇਗਾ। ਵੱਖ ਵੱਖ ਵਿਸ਼ਿਆਂ ਉਪਰ ਪੇਟਿੰਗ ਮੁਕਾਬਲੇ ਵੀ ਕਰਵਾਏ ਜਾਣਗੇ।
ਇਸ ਮੌਕੇ ਤੇ ਮੈਡਮ ਸਪਨਾ ਤੇ ਖੇਤਰੀ ਪ੍ਰਚਾਰ ਅਧਿਕਾਰੀ ਅੰਮ੍ਰਿਤਸਰ ਸ੍ਰੀਮਤੀ ਗਗਨਦੀਪ ਕੌਰ ਦੇਵਗਨ ਨੇ ਸ੍ਰੀ ਅਨਿਲ ਜੋਸ਼ੀ ਤੇ ਹੋਰਨਾਂ ਮਹਿਮਾਨਾਂ ਨੂੰ ਮੋਮੈਂਟੋ ਤੇ ਦੁਸ਼ਾਲੇ ਦੇ ਕੇ ਸੂਚਨਾ ਤੇ ਪ੍ਰਸਾਰਨ ਮੰਤਰਾਲਾ ਵੱਲੋਂ ਸਨਮਾਨਿਤ ਕੀਤਾ। ਸੰਗੀਤ ਤੇ ਨਾਟਕ ਵਿਭਾਗ ਦੀਆਂ ਰਜਿਸਟਰ ਪਾਰਟੀਆਂ ਅੰਬਿਕਾ ਸੋਨੀ ਤੇ ਭਗਵੰਤ ਪਿਆਸਾ ਗਰੁੱਪ ਵੱਲੋਂ ਥੀਮ ਅਧਾਰਿਤ ਸਭਿਆਚਾਰਕ ਪ੍ਰੋਗਰਾਮ ਪੇਸ਼ ਕੀਤੇ ਗਏ। ਵੱਖ ਵੱਖ ਸਕੂਲਾਂ ਦੇ ਬੱਚਿਆਂ ਨੇ ਵੀ ਉਦਘਾਟਨੀ ਸਮਾਗਮ ਵਿਚ ਗੱਤਕਾ ਤੇ ਹੋਰ ਦਿਲਚਪਸ ਪ੍ਰੋਗਰਾਮ ਪੇਸ਼ ਕੀਤੇ। ਇਸ ਮੌਕੇ ਤੇ ਹੋਰਨਾਂ ਤੋਂ ਇਲਾਵਾ ਅੰਮ੍ਰਿਤਸਰ ਦੇ ਮੇਅਰ ਸ੍ਰੀ ਬਖਸ਼ੀ ਰਾਮ ਅਰੋੜਾ, ਪੰਜਾਬ ਦੀ ਸਾਬਕਾ ਸਿਹਤ ਮੰਤਰੀ ਸ੍ਰੀਮਤੀ ਲਕਸ਼ਮੀ ਕਾਂਤਾ ਚਾਵਲਾ, ਸਮਾਜ ਸੇਵਿਕਾ ਸਵਰਾਜ ਗਰੋਵਰ ਵੀ ਮੌਜੂਦ ਸਨ।
Punjab Post Daily Online Newspaper & Print Media
