ਜ਼ਿਲ੍ਹੇ ਨੂੰ ਸਵੱਛ ਬਣਾਉਣ ਲਈ ਸ਼ਹਿਰਵਾਸੀਆਂ ਦਾ ਸਹਿਯੋਗ ਜਰੂਰੀ – ਡੀ. ਸੀ

ਅੰਮ੍ਰਿਤਸਰ, 10 ਜੂਨ (ਪ੍ਰੀਤਮ ਸਿੰਘ) – ਪਵਿੱਤਰ ਨਗਰ ਸ੍ਰੀ ਅੰਮ੍ਰਿਤਸਰ ਦੇ 438ਵੇਂ ਸਥਾਪਨਾ ਮੌਕੇ ‘ਈਕੋ ਸਿੱਖਸ’ ਅਤੇ ਖ਼ਾਲਸਾ ਕਾਲਜ ਆਫ਼ ਐਜੂਕੇਸ਼ਨ ਦੇ ਸਹਿਯੋਗ ਨਾਲ ਸਥਾਨਕ ਕੇਸ ਸੰਭਾਲ ਪ੍ਰਚਾਰ ਸੰਸਥਾ (ਰਜਿ.) ਵੱਲੋਂ ਕਾਲਜ ਦੇ ਭਾਈ ਰਾਮ ਸਿੰਘ ਹਾਲ ਵਿਖੇ ‘ਹਾਊ ਟੂ ਮੇਕ ਅੰਮ੍ਰਿਤਸਰ ਸਿਟੀ ਕਲੀਨ ਐਂਡ ਬਿਊਟੀਫ਼ੁਲ’ ਵਿਸ਼ੇ ‘ਤੇ ਸੈਮੀਨਾਰ ਕਰਵਾਇਆ ਗਿਆ। ਜਿਸ ਵਿੱਚ ਸ੍ਰੀ ਪ੍ਰਦੀਪ ਸਭਰਵਾਲ ਡਿਪਟੀ ਕਮਿਸ਼ਨਰ ਅੰਮ੍ਰਿਤਸਰ ਨੇ ਮੁੱਖ ਮਹਿਮਾਨ ਵਜੋਂ, ਮੇਅਰ ਸ਼੍ਰੀ ਬਖਸ਼ੀ ਰਾਮ ਅਰੋੜਾ, ਖ਼ਾਲਸਾ ਕਾਲਜ ਗਵਰਨਿੰਗ ਕੌਂਸਲ ਦੇ ਵਿੱਤ ਸਕੱਤਰ ਤੇ ਈਕੋਸਿੱਖ ਅੰਮ੍ਰਿਤਸਰ ਦੇ ਪ੍ਰਧਾਨ ਸ: ਗੁਨਬੀਰ ਸਿੰਘ ਅਤੇ ਅੰਮ੍ਰਿਤਸਰ ਇੰਪਰੂਵਮੈਂਟ ਟਰੱਸਟ ਚੇਅਰਮੈਨ ਸ਼੍ਰੀ ਸੰਦੀਪ ਰਿਸ਼ੀ ਨੇ ਬਤੌਰ ਵਿਸ਼ੇਸ਼ ਮਹਿਮਾਨ ਵਜੋਂ ਸ਼ਿਰਕਤ ਕੀਤੀ। ਜਦੋਂਕਿ ਕਾਲਜ ਪ੍ਰਿੰਸੀਪਲ ਡਾ. ਜਸਵਿੰਦਰ ਸਿੰਘ ਢਿੱਲੋਂ ਨੇ ਸੈਮੀਨਾਰ ਦੀ ਸਦਾਰਤ ਕੀਤੀ।
ਮੁੱਖ ਬੁਲਾਰਿਆਂ ਵਿੱਚ ਸ: ਰਾਜਬੀਰ ਸਿੰਘ ਟਰੱਸਟੀ ਪਿੰਗਲਵਾੜਾ, ਅੰਮ੍ਰਿਤਸਰ, ਡਾ. ਪੀ. ਐੱਸ. ਮਹੂਰਾ ਆਰਕੀਟੈਕਚਰ ਵਿਭਾਗ, ਗੁਰੁ ਨਾਨਕ ਦੇਵ ਯੂਨੀਵਰਸਿਟੀ, ਡਾ. ਵਰਿੰਦਰਪਾਲ ਸਿੰਘ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਲੁਧਿਆਣਾ ਅਤੇ ਪ੍ਰੋਫੈਸਰ ਤਰਨਦੀਪ ਸਿੰਘ ਘੁੰਮਣ ‘ਈਕੋ ਸਿੱਖਸ’ ਸ਼ਾਮਿਲ ਸਨ।
ਸ੍ਰੀ ਸਭਰਵਾਲ ਨੇ ਹੋਕਾ ਦਿੰਦਿਆਂ ਕਿਹਾ ਕਿ ਉਂਝ ਤੇ ਸਾਰੀ ਧਰਤੀ ਹੀ ਅਕਾਲ ਪੁਰਖ ਸਿਰਜੀ ‘ਤੇ ਪਵਿੱਤਰ ਹੈ ਜਿਸਨੂੰ ਵੱਖ-ਵੱਖ ਪ੍ਰਦੂਸ਼ਣਾਂ ਤੋਂ ਬਚਾ ਕੇ ਖ਼ੂਬਸੂਰਤ ਬਣਾਉਣਾ ਸਾਡਾ ਸਾਰਿਆਂ ਦਾ ਫਰਜ਼ ਹੈ ਤੇ ਉੱਥੇ ਪਵਿੱਤਰ ਨਗਰੀ ਸ੍ਰੀ ਅੰਮ੍ਰਿਤਸਰ ਤਾਂ ਵਸਾਈ ਹੀ ਸਾਡੇ ਚੌਥੇ ਨਾਨਕ ਧੰਨ ਸ੍ਰੀ ਗੁਰੁ ਰਾਮਦਾਸ ਜੀ ਨੇ ਹੈ ਅਤੇ ਸਾਡਾ ਅੰਮ੍ਰਿਤਸਰ ਨਗਰ ਦੇ ਬਸ਼ਿੰਦਿਆਂ ਦਾ ਤਾਂ ਸਭ ਤੋਂ ਮਹੱਤਵਪੂਰਨ ਫਰਜ਼ ਬਣ ਜਾਂਦਾ ਹੈ ਕਿ ਇਸ ਸਾਰੇ ਸ਼ਹਿਰ ਦੀ ਹਦੂਦ ਨੂੰ ਪਵਿੱਤਰ ਸਮਝ ਕੇ ਕਿਉਂਕਿ ਇੱਥੇ ਦੇ ਚੱਪੇ-ਚੱਪੇ ਨੂੰ ਗੁਰੂ ਸਾਹਿਬਾਨ ਦੀ ਚਰਨ ਛੋਹ ਪ੍ਰਾਪਤ ਹੈ, ਸਭ ਤੋਂ ਮਹੱਤਵਪੂਰਨ ਅਤੇ ਸਾਫ਼ ਸੁਥਰੀ ਬਣਾਈਏ। ਉਸ ਲਈ ਅੰਮ੍ਰਿਤਸਰ ਦੇ ਬੱਚੇ ਤੋਂ ਲੈ ਕੇ ਹਰੇਕ ਬਜ਼ੁਰਗ ਨੂੰ ਆਪਣਾ ਫਰਜ਼ ਪਛਾਣਦਿਆਂ ਹੋਇਆ ਆਪਣੀ ਆਦਤਾਂ ਬਦਲਣੀਆਂ ਪੈਣਗੀਆਂ। ਸਾਨੂੰ ਖੁਦ ਨੂੰ ਆਪਣਾ ਆਲਾ ਦੁਆਲਾ ਜਿੱਥੇ ਸਵਾਰਨਾ ਤੇ ਸੰਭਾਲਣਾ ਪਵੇਗਾ ਉਥੇ ਵੱਧ ਤੋਂ ਵੱਧ ਖ਼ੂਬਸੂਰਤ ਅਤੇ ਮੈਡੀਸ਼ੀਨੀਅਲ ਪੌਂਦੇ ਲਗਾਉਣੇ ਹੋਣਗੇ।
ਸ: ਗੁਨਬੀਰ ਸਿੰਘ ਨੇ ਕਿਹਾ ਕਿ ਉਹ ਅੰਮ੍ਰਿਤਸਰ ਦੀ ਬੇਹਤਰੀ ਅਤੇ ਤਰੱਕੀ ਲਈ ਹਰ ਤਰ੍ਹਾਂ ਨਾਲ ਸਮਰਪਿਤ ਹਨ। ਸਰਕਾਰ ਅਤੇ ਸਰਕਾਰੀ ਅਧਿਕਾਰੀਆਂ ਨੂੰ ਕੂੜੇ ਕਰਕਟ ਦੀ ਮੈਨੇਜਮੈਟ ਲਈ ਪ੍ਰੋਗਰਾਮ ਉਲੀਕਣੇ ਅਤੇ ਨੇਪਰੇ ਚੜਾਉਣੇ ਪੈਣਗੇ। ਸੜਕਾਂ ਅਤੇ ਪੁਲਾਂ ਦੀ ਸਮੇਂ ਸਮੇਂ ਸਿਰ ਮੁਰੰਮਤ ਅਤੇ ਸੰਭਾਲ ਕਰਨੀ ਪਵੇਗੀ, ਵਹੀਕਲਜ਼ ਦੀ ਪਾਰਕਿੰਗ ਦਾ ਪ੍ਰਬੰਧ ਵੀ ਸੁਧਾਰਨਾ ਹੋਵੇਗਾ ਆਵਾਜਾਈ ਰੈਗੂਲਰ ਕਰਨੀ ਹੋਵੇਗੀ ਈਕੋ ਫ੍ਰੈਂਡਲੀ ਵਹੀਕਲਜ਼ ਦਾ ਚੱਲਣਾ ਜ਼ਰੂਰੀ ਕਰਨਾ ਹੋਵੇਗਾ। ਇਸ ਮੌਕੇ ਸ: ਗੁਨਬੀਰ ਸਿੰਘ ‘ਈਕੋ ਸਿੱਖਸ’ ਨੇ ਵੀ ਵੱਖ-ਵੱਖ ਸੁਆਲਾਂ ਦੇ ਜੁਆਬ ਦਿੱਤੇ।
ਮੇਅਰ ਸ੍ਰੀ ਬਖ਼ਸ਼ੀ ਰਾਮ ਅਰੋੜਾ ਅਤੇ ਇੰਪਰੂਵਮੈਂਟ ਟਰੱਸਟ ਦੇ ਚੇਅਰਮੈਨ ਸ੍ਰੀ ਸੰਦੀਪ ਰਿਸ਼ੀ ਨੇ ਆਪਣੇ ਵੱਲੋਂ ਵੀ ਹਰ ਤਰ੍ਹਾਂ ਦਾ ਸਹਿਯੋਗ ਦੇਣ ਦਾ ਭਰੋਸਾ ਦੁਆਇਆ। ਸੈਮੀਨਾਰ ਦੀ ਸ਼ੁਭ ਸ਼ੁਰੂਆਤ ਗੁਰਬਾਣੀ ਸ਼ਬਦ ਨਾਲ ਕੀਤੀ ਗਈ। ਉਪਰੰਤ ਕੇਸ ਸੰਭਾਲ ਪ੍ਰਚਾਰ ਸੰਸਥਾ ਦੇ ਚੇਅਰਮੈਨ ਸ: ਐਸ.ਜੇ.ਐਸ. ਪਾਲ ਸੇਵਾਮੁਕਤ ਚੀਫ਼ ਇਨਕਮਟੈਕਸ ਨੇ ਸੈਮੀਨਾਰ ਦਾ ਮਨੋਰਥ ਦੱਸਦਿਆ ਹੋਇਆ ਸੰਸਥਾ ਦੇ ਸੰਖੇਪ ਇਤਿਹਾਸ ਬਾਰੇ ਜਾਣਕਾਰੀ ਦਿੱਤੀ ਅਤੇ ਆਏ ਹੋਏ ਮਹਿਮਾਨਾਂ ਨੂੰ ਜੀ ਆਇਆ ਆਖਿਆ।
ਅਖੀਰ ਵਿੱਚ ਆਏ ਹੋਏ ਮਹਿਮਾਨਾਂ ਦਾ ਧੰਨਵਾਦ ਕਰਦਿਆਂ ਹੋਇਆ ਪ੍ਰਿੰ. ਜੇ.ਐਸ. ਢਿੱਲੋਂ ਨੇ ਆਪਣੇ ਵੱਡਮੁਲੇ ਵਿਚਾਰ ਦਿੱਤੇ ਅਤੇ ਅੰਮ੍ਰਿਤਸਰ ਦੇ ਨਿਵਾਸੀਆਂ ਦੀ ਜ਼ਮੀਰ ਨੂੰ ਝੰਜੋੜਦਿਆਂ ਹੋਇਆ ਆਪਣਾ ਫਰਜ਼ ਪਛਾਨਣ ਦੀ ਪੁਰਜ਼ੋਰ ਅਪੀਲ ਕੀਤੀ। ਇਸ ਮੌਕੇ ਜੱਜਬੀਰ ਸਿੰਘ ਵਾਲੀਆ ਟਰੱਸਟੀ ਕੇਸ ਸੰਭਾਲ ਪ੍ਰਚਾਰ ਸੰਸਥਾ, ਡਾ. ਭੁਪਿੰਦਰ ਸਿੰਘ ਪ੍ਰਧਾਨ ਕੇਸ ਸੰਭਾਲ ਪ੍ਰਚਾਰ ਸੰਸਥਾ, ਡਾ. ਤੇਜਿੰਦਰਪਾਲ ਸਿੰਘ ਵਾਲੀਆ, ਸz. ਸੁਖਦੇਵ ਸਿੰਘ ਸੰਧਾਵਾਲੀਆ, ਕੁਲਵੰਤ ਸਿੰਘ ਗਿੱਲ, ਸਰਬਜੀਤ ਸਿੰਘ ਗੁੰਮਟਾਲਾ ਕੁਲਵੰਤ ਸਿੰਘ ਬਾਜਵਾ ਆਦਿ ਹਾਜ਼ਰ ਸਨ।
Punjab Post Daily Online Newspaper & Print Media
