ਬਰਸਾਤੀ ਪਾਣੀ ਦੀ ਨਿਕਾਸੀ ਬਣਾਈ ਰੋਹੀ ਬਣ ਰਹੀ ਹੈ ਗੰਦਾ ਨਾਲਾ

ਪੱਟੀ, 12 ਜੂਨ (ਅਵਤਾਰ ਸਿੰਘ ਢਿਲੋਂ, ਰਣਜੀਤ ਸਿੰਘ ਮਾਹਲਾ) – ਪੱਟੀ ਸ਼ਹਿਰ ਦੇ ਬਾਹਰਵਾਰ ਸਰਹਾਲੀ ਰੋਡ ‘ਤੇ ਪੈਂਦੀ ਰੋਹੀ ਜੋ ਕਿ ਬਰਸਾਤੀ ਪਾਣੀ ਦੀ ਨਿਕਾਸੀ ਲਈ ਬਣੀ ਹੋਈ ਹੈ ਅਤੇ ਇਸਦੇ ਪੁਲ ‘ਤੋਂ ਲੰਘ ਕੇ ਹੀ ਪੱਟੀ ਸ਼ਹਿਰ ਆਉਣ ਲਈ ਰਸਤਾ ਬਣਿਆ ਹੋਇਆ ਹੈ। ਪਰ ਇਸ ਰੋਹੀ ਦੇ ਕੰਢੇ ‘ਤੇ ਨਗਰ ਕੌਂਸਲ ਵੱਲੋਂ ਸਾਰੇ ਸ਼ਹਿਰ ਦਾ ਇਕੱਠਾ ਕੀਤਾ ਕੂੜਾ ਕਰਕਟ ਸੁੱਟਣ ਕਾਰਨ ਜਿੱਥੇ ਸ਼ਹਿਰ ਵਿੱਚ ਆਉਣ ਵਾਲੇ ਲੋਕਾਂ ਦਾ ਸਵਾਗਤ ਗੰਦੀ ਬਦਬੂ ਨਾਲ ਹੁੰਦਾ ਹੈ, ਉਥੇ ਇਸ ਕੂੜੇ ਕਰਕਟ ਕਾਰਨ ਸ਼ਹਿਰ ਵਿੱਚ ਮਹਾਮਾਰੀ ਫੈਲਣ ਦਾ ਵੀ ਖਤਰਾ ਬਣਿਆ ਹੋਇਆ ਹੈ।ਇਸ ਦੇ ਨਾਲ ਹੀ ਨਗਰ ਕੌਂਸਲ ਵੱਲੋਂ ਸ਼ਹਿਰ ਦੇ ਸੀਵਰੇਜ਼ ਦਾ ਗੰਦਾ ਪਾਣੀ ਵੀ ਰੋਹੀ ਵਿੱਚ ਹੀ ਸੁੱਟਿਆ ਜਾ ਰਿਹਾ ਹੈ।
ਪੱਤਰਕਾਰਾਂ ਵੱਲੋਂ ਜਦੋਂ ਰੋਹੀ ਦਾ ਦੌਰਾ ਕੀਤਾ ਗਿਆ ਤਾਂ ਦੇਖਿਆ ਗਿਆ ਕਿ ਇੱਕ ਜੇ.ਸੀ.ਬੀ ਮਸ਼ੀਨ ਵੱਲੋਂ ਰੋਹੀ ਦੇ ਕੰਢੇ ‘ਤੇ ਪਿਆ ਕੂੜਾ ਰੋਹੀ ਦੇ ਅੰਦਰ ਸੁੱਟਿਆ ਜਾ ਰਿਹਾ ਸੀ। ਜਿਸ ਕਾਰਨ ਰੋਹੀ ਵਿੱਚ ਪਾਣੀ ਦਾ ਵਹਾਅ ਬੰਦ ਹੋਣ ਦਾ ਖਤਰਾ ਬਣ ਗਿਆ ਹੈ। ਵਰਨਣਯੋਗ ਹੈ ਕਿ ਕੁਝ ਸਮਾਂ ਪਹਿਲਾਂ ਲਹੁਕਾ ਵਿਖੇ ਖੁੱਲੀ ਸ਼ਰਾਬ ਦੀ ਫੈਕਟਰੀ ਵੱਲੋਂ ਗੰਦਾ ਪਾਣੀ ਵੀ ਪੱਟੀ ਵਾਲੀ ਰੋਹੀ ਵਿੱਚ ਸੁੱਟਿਆ ਜਾਦਾ ਸੀ, ਜਿਸ ਕਾਰਨ ਜਿੱਥੇ ਇਲਾਕੇ ਵਿੱਚ ਗੰਦਗੀ ਫੈਲ ਰਹੀ ਸੀ ਉਥੇ ਗੰਭੀਰ ਮਹਾਮਾਰੀ ਫੈਲਣ ਦਾ ਖਤਰਾ ਬਣ ਗਿਆ ਸੀ, ਜਿਸ ਨੂੰ ਇਲਾਕਾ ਵਾਸੀਆਂ ਨੇ ਤਕੜੇ ਸੰਘਰਸ਼ ਤੋਂ ਬਾਅਦ ਬੰਦ ਕਰਵਾਇਆ ਸੀ। ਮਾਨਸੂਨ ਦਾ ਮੌਸਮ ਸ਼ੁਰੂ ਹੋਣ ਤੋਂ ਪਹਿਲਾਂ ਸਰਕਾਰ ਵੱਲੋਂ ਸਾਰੀਆਂ ਡਰੇਨਜ਼ ਨੂੰ ਸਾਫ਼ ਕਰਵਾਇਆ ਜਾਂਦਾ ਹੈ ਤਾਂ ਜੋ ਮੀਂਹ ਆਦਿ ਦੇ ਪਾਣੀ ਦਾ ਜਲਦੀ ਤੋਂ ਜਲਦੀ ਨਿਕਾਸ ਹੋ ਸਕੇ, ਪਰ ਇਸਦੇ ਉਲਟ ਪੱਟੀ ਦੀ ਰੋਹੀ ਦੀ ਸਾਫ਼ ਸਫ਼ਾਈ ਕਰਵਾਉਣ ਦੀ ਬਜਾਇ ਨਗਰ ਕੌਂਸਲ ਪੱਟੀ ਵੱਲੋਂ ਰੋਹੀ ਵਿੱਚ ਕੂੜਾ ਕਰਕਟ ਸੁੱਟਿਆ ਜਾ ਰਿਹਾ ਹੈ ਅਤੇ ਇਹ ਕੂੜਾ ਮਾਨਸੂਨ ਦੇ ਦਿਨਾਂ ਵਿੱਚ ਰੋਹੀ ਦੇ ਪਾਣੀ ਲਈ ਡੱਕਾ ਸਾਬਿਤ ਹੋਵੇਗਾ ਅਤੇ ਇਸਤੋਂ ਗੰਭੀਰ ਬਿਮਾਰੀਆਂ ਪੈਦਾ ਹੋਣ ਦਾ ਖਤਰਾ ਹੈ।
ਇਥੇ ਇਹ ਦੱਸਣਯੋਗ ਹੈ ਕਿ ਇਹ ਰੋਹੀ ਪੱਟੀ ਦੇ ਪ੍ਰਮੁੱਖ ਧਾਰਮਿਕ ਅਸਥਾਨ ਰੋਹੀ ਵਾਲੇ ਮੰਦਰ ਦੇ ਨਾਲ ਹੋ ਕੇ ਲੰਘਦੀ ਹੈ ਅਤੇ ਇਸ ਰੋਹੀ ਦੇ ਗੰਦੇ ਪਾਣੀ ਦੀ ਬਦਬੂ ਕਾਰਨ ਇਸ ਧਾਰਮਿਕ ਅਸਥਾਨ ਵਿੱਚ ਆਉਣ ਵਾਲੇ ਸ਼ਰਧਾਲੂਆਂ ਨੂੰ ਵੀ ਮੂੰਹ ਢੱਕਣਾ ਪੈਂਦਾ ਹੈ। ਜਦੋਂ ਇਸ ਸਬੰਧੀ ਨਗਰ ਕੌਂਸਲ ਪੱਟੀ ਦੇ ਸੈਨਟਰੀ ਇੰਸਪੈਕਟਰ ਰਣਬੀਰ ਸੂਦ ਨਾਲ ਗੱਲ ਕੀਤੀ ਗਈ ਤਾਂ ਉਨਾਂ ਕਿਹਾ ਕਿ ਰੋਹੀ ਵਿੱਚ ਕੂੜਾ ਸੁੱਟਣ ਲਈ ਲੱਗੀ ਜੇ.ਸੀ.ਬੀ ਮਸ਼ੀਨ ਨਗਰ ਕੌਂਸਲ ਵੱਲੋਂ ਨਹੀਂ ਲਗਾਈ ਗਈ ਬਲਕਿ ਇਹ ਨੇੜਲੇ ਖੇਤਾਂ ਵਾਲਿਆਂ ਵੱਲੋਂ ਕੂੜਾ ਰੋਹੀ ਵਿੱਚ ਸੁੱਟਿਆ ਜਾ ਰਿਹਾ ਹੈ, ਪਰ ਰੋਹੀ ਦੇ ਕੰਢੇ ਨਗਰ ਕੌਂਸਲ ਦੀਆਂ ਟਰਾਲੀਆਂ ਦਾ ਕੂੜਾ ਸੁੱਟਣ ਸਬੰਧੀ ਉਹ ਕੋਈ ਉੱਤਰ ਨਹੀਂ ਦੇ ਸਕੇ। ਇਲਾਕੇ ਦੇ ਲੋਕਾਂ ਨੇ ਹਲਕਾ ਵਿਧਾਇਕ ਅਤੇ ਕੈਬਨਿਟ ਮੰਤਰੀ ਸz.ਆਦੇਸ਼ ਪ੍ਰਤਾਪ ਸਿੰਘ ਕੈਰੋਂ ਤੋਂ ਮੰਗ ਕੀਤੀ ਹੈ ਕਿ ਪੱਟੀ ਦੀ ਰੋਹੀ ਵਿੱਚ ਨਗਰ ਕੌਂਸਲ ਵੱਲੋਂ ਸੁੱਟੀ ਜਾ ਰਹੀ ਗੰਦਗੀ ਨੂੰ ਰੁਕਵਾਇਆ ਜਾਵੇ ਅਤੇ ਸ਼ਹਿਰ ਦੇ ਸੀਵਰੇਜ਼ ਦੇ ਗੰਦੇ ਪਾਣੀ ਨੂੰ ਟ੍ਰੀਟਮੈਂਟ ਪਲਾਂਟ ਲਗਾ ਕੇ ਸਾਫ਼ ਕਰਵਾਕੇ ਰੋਹੀ ਵਿੱਚ ਪਾਇਆ ਜਾਵੇ ਤਾਂ ਜੋ ਇਲਾਕੇ ਵਿੱਚ ਫੈਲਣ ਵਾਲੀ ਕਿਸੇ ਵੀ ਭਿਆਣਕ ਬੀਮਾਰੀ ਤੋਂ ਬਚਿਆ ਜਾ ਸਕੇ।
Punjab Post Daily Online Newspaper & Print Media