ਬੋਲੀ ਦੇਣ ਵਾਲੇ ਆੜਤੀਏ ਦਾ ਕੀਤਾ ਜਾਵੇਗਾ ਸਮਾਜਿਕ ਤੌਰ ਤੇ ਬਾਈਕਾਟ -ਗੋਗਾ, ਮਾਜਰੀ
ਅਹਿਮਦਗੜ੍ਹ, 9 ਜੁਲਾਈ (ਹਰਮਿੰਦਰ ਸਿੰਘ ਭੱਟ) – ਪੰਜਾਬ ਮੰਡੀ ਬੋਰਡ ਵਲੋਂ ਨਵੀਂ ਦਾਣਾ ਮੰਡੀ ਵਿੱਚ 10 ਜੁਲਾਈ ਨੂੰ ਆੜਤੀਆ ਨੂੰ ਦੁਕਾਨਾਂ ਬਣਾਉਣ ਲਈ ਦਿੱਤੇ ਜਾਣ ਵਾਲੇ ਪਲਾਟਾਂ ਦੀ ਕਰਵਾਈ ਜਾਣ ਵਾਲੀ ਬੋਲੀ ਦਾ ਸਥਾਨਕ ਆੜਤੀਆਂ ਵਲੋਂ ਬਾਈਕਾਟ ਕਰਨ ਦੇ ਨਾਲ ਇਹ ਵੀ ਫੈਸਲਾ ਲਿਆ ਹੈ ਕਿ ਜੇਕਰ ਕੋਈ ਵੀ ਆੜਤੀਆ ਨਵੀਂ ਦਾਣਾ ਮੰਡੀ ਵਿੱਚ ਬੋਲੀ ਤੇ ਜਾਵੇਗਾ ਤਾਂ ਉਸ ਦਾ ਸਮਾਜਿਕ ਤੌਰ ਤੇ ਵੀ ਬਾਈਕਾਟ ਕੀਤਾ ਜਾਵੇਗਾ।ਉਕੱਤ ਜਾਣਕਾਰੀ ਪੱਤਰਕਾਰਾਂ ਨੂੰ ਆੜਤੀ ਐਸੋਸ਼ੀਏਨ ਦੇ ਪ੍ਰਧਾਨ ਪਰੇਮ ਇੰਦਰ ਕੁਮਾਰ ਗੋਗਾ ਅਤੇ ਸਕੱਤਰ ਰਜਿੰਦਰ ਸਿੰਘ ਮਾਜਰੀ ਨੇ ਦਿੱਤੀ।ਜਦੋਂ ਇਸ ਪੱਤਰਕਾਰ ਨੇ ਇਸ ਬਾਈਕਾਟ ਕਰਨ ਦੇ ਫੈਸਲੇ ਦਾ ਕਾਰਨ ਪੁੱਛਿਆ ਤਾਂ ਪ੍ਰਧਾਨ ਗੋਗਾ ਅਤੇ ਸਕੱਤਰ ਮਾਜਰੀ ਨੇ ਕਿਹਾ ਕਿ ਦੁਕਾਨਾਂ ਦਾ ਸਾਈਜ ਘੱਟ ਹੈ ਅਤੇ ਰਿਜਰਵ ਕੀਮਤ ਵੱਧ ਅਤੇ ਆੜਤੀਆਂ ਵਲੋਂ ਲਈ ਜਾਣ ਵਾਲੇ ਪਲਾਟ ਅੱਗੇ ਫੜ੍ਹ ਨਾ ਮਿਲਣਾ ਵੀ ਇਕ ਵੱਡਾ ਕਾਰਨ ਹੈ।ਉਹਨਾਂ ਦੱਸਿਆ ਕਿ ਦੁਕਾਨ ਦਾ ਰਕਬਾ 90 ਵਰਗ ਫੁੱਟ ਹੈ ਜਦੋਂ ਕਿ ਪਹਿਲੀ ਮੰਡੀ ਵਿੱਚ ਦੁਕਾਨਾ ਦਾ ਰਕਬਾ 250 ਵਰਗ ਫੁੱਟ ਹੈ। ਪ੍ਰਧਾਨ ਅਤੇ ਸਕੱਤਰ ਅਨੁਸਾਰ ਪੰਜਾਬ ਮੰਡੀ ਬੋਰਡ ਦੇ ਨੁਮਾਇੰਦੀਆਂ ਵਲੋਂ ਪਹਿਲਾਂ ਮੰਡੀ ਦੀ ਬੋਲੀ ਸਾਰੇ ਖੂੰਜਿਆਂ ਦੀ ਕੀਤੀ ਜਾਵੇਗੀ।ਉਹਨਾਂ ਕਿਹਾ ਕਿ ਆੜਤੀਆਂ ਨੂੰ ਇਹ ਵੀ ਖਦਸ਼ਾ ਹੈ ਕਿ ਮੰਡੀ ਦੇ ਵਿਚਕਾਰਲੇ ਹਿੱਸੇ ਵਿੱਚ ਕੋਈ ਗੈਰ ਆੜਤੀ ਘੁਸ ਸਕਦਾ ਹੈ ਜੋ ਬਾਅਦ ਵਿੱਚ ਵਿਵਾਦ ਦਾ ਕਾਰਨ ਬਣ ਸਕਦਾ ਹੈ। ਜਦੋਂ ਇਸ ਮਾਮਲੇ ਬਾਰੇ ਸਥਾਨਕ ਮਾਰਕੀਟ ਕਮੇਟੀ ਦੇ ਸਕੱਤਰ ਬੀਰਇੰਦਰ ਸਿੰਘ ਨਾਲ ਗੱਲ ਕੀਤੀ ਤਾਂ ਉਹਨਾਂ ਕਿਹਾ ਕਿ ਇਹ ਗੱਲ ਜਰੂਰ ਪਤਾ ਲਗਾ ਹੈ ਕਿ ਆੜਤੀਆਂ ਦੇ ਇਕ ਗਰੁੱਪ ਨੇ ਇਸ ਬੋਲੀ ਦਾ ਬਾਈਕਾਟ ਕਰਨ ਦਾ ਫੈਸਲਾ ਕੀਤਾ ਹੈ, ਪਰ ਕਿਸੇ ਨੇ ਉਹਨਾਂ ਨੂੰ ਆਪਣੀਆਂ ਮੰਗਾ ਸੰਬੰਧੀ ਕੋਈ ਵੀ ਲਿਖਤੀ ਤੌਰ ਤੇ ਮੰਗ ਪੱਤਰ ਨਹੀਂ ਦਿੱਤਾ।
Punjab Post Daily Online Newspaper & Print Media