ਦੇਸ਼ ਦੇ ਮਜ਼ਬੂਤ ਭਵਿੱਖ ਤੇ ਨਿਪੁੰਨ ਬੁੱਧੀਜੀਵੀ ਪੈਦਾ ਕਰਨ ਲਈ ਉੱਚ-ਸਿੱਖਿਆ ‘ਚ ਸੁਧਾਰਾਂ ਦੀ ਲੋੜ – ਜੇਤਲੀ
ਸ: ਬਾਦਲ ਨੇ ਕਾਲਜ ਦੇ ਵਿਕਾਸ ਲਈ 50 ਲੱਖ ਰੁਪਏ ਦਾ ਕੀਤਾ ਐਲਾਨ


ਅੰਮ੍ਰਿਤਸਰ, 14 ਜੁਲਾਈ (ਪ੍ਰੀਤਮ ਸਿੰਘ) -ਅੱਜ ਸਥਾਨਕ ਇਤਿਹਾਸਕ ਖਾਲਸਾ ਕਾਲਜ ਦੀ 108ਵੀਂ ਸਲਾਨਾ ਕਾਨਵੋਕੇਸ਼ਨ ਦੀ ਪ੍ਰਧਾਨਗੀ ਕਰਦਿਆਂ ਭਾਰਤ ਦੇ ਵਿੱਤ ਮੰਤਰੀ ਸ੍ਰੀ ਅਰੁਣ ਜੇਤਲੀ ਨੇ ਕਿਹਾ ਕਿ ਦੇਸ਼ ਦੇ ਮਜ਼ਬੂਤ ਭਵਿੱਖ ਅਤੇ ਨਿਪੁੰਨ ਬੁੱਧੀਜੀਵੀ ਪੈਦਾ ਕਰਨ ਲਈ ਉੱਚ-ਸਿੱਖਿਆ ‘ਚ ਅਹਿਮ ਸੁਧਾਰਾਂ ਦੀ ਲੋੜ ਹੈ। ਉਨ੍ਹਾਂ ਨੇ ਕਿਹਾ ਕਿ ਦੁਨੀਆ ਭਰ ‘ਚ ਵਿੱਦਿਆ ਦੇ ਪ੍ਰਸਾਰ ਸਬੰਧੀ ਮਹੱਤਵਪੂਰਨ ਤਬਦੀਲੀਆਂ ਆ ਰਹੀਆਂ ਹਨ ਅਤੇ ਸਾਡੀ ਨੌਜਵਾਨ ਪੀੜ੍ਹੀ ਤਾਂ ਹੀ ਵਿਸ਼ਵ ਪੱਧਰ ਦੇ ਮੁਕਾਬਲੇ ‘ਚ ਟਿਕ ਸਕੇਗੀ, ਜੇਕਰ ਸਾਡੇ ਵਿੱਦਿਅਕ ਢਾਂਚੇ ‘ਚ ਵੀ ਲੋੜੀਂਦੇ ਬਦਲਾਅ ਕੀਤੇ ਜਾਣ।
ਸ੍ਰੀ ਜੇਤਲੀ ਨੇ ਅੱਜ ਕਾਨਵੋਕੇਸ਼ਨ ਦੌਰਾਨ 300 ਤੋਂ ਵਧੇਰੇ ਪੋਸਟ ਗ੍ਰੈਜ਼ੂਏਟ ਵਿਦਿਆਰਥੀਆਂ ਨੂੰ ਡਿਗਰੀਆਂ ਵੰਡੀਆਂ ਅਤੇ ਆਪਣੇ ਪ੍ਰਧਾਨਗੀ ਭਾਸ਼ਣ ‘ਚ ਕਿਹਾ ਕਿ ਵਿੱਦਿਆ ਦਾ ਮੂਲ ਮੰਤਵ ਦੇਸ਼ ਦੀ ਤਰੱਕੀ ਲਈ ਮਜ਼ਬੂਤ ਦਿਮਾਗ ਪੈਦਾ ਕਰਨਾ ਅਤੇ ਅਗਾਂਹਵਧੂ ਵਿਚਾਰ ਉਜਾਗਰ ਕਰਨਾ ਹੈ। ਉਨ੍ਹਾਂ ਕਿਹਾ ਕਿ ਪਹਿਲਾ ਖੇਤੀਬਾੜੀ ਉਸ ਤੋਂ ਬਾਅਦ ਸਨਅਤ ਅਤੇ ਹੁਣ ‘ਸੌਫ਼ਟ ਕੰਪੀਟੈਨਸੀ’ ਦਾ ਜ਼ਮਾਨਾ ਹੈ। ਜਿਸ ‘ਚ ਮੁਹਾਰਤ ਹਾਸਲ ਕਰਨ ਲਈ ਨੌਜਵਾਨ ਪੀੜ੍ਹੀ ਨੂੰ ਯੋਗ ਸਿੱਖਿਆ ਪ੍ਰਦਾਨ ਕਰਵਾਉਣਾ ਅਤਿਅੰਤ ਜਰੂਰੀ ਹੈ।
ਇਸ ਮੌਕੇ ਸ੍ਰੀ ਜੇਤਲੀ ਨੇ ਪੰਜਾਬ ਦੇ ਮੁੱਖ ਮੰਤਰੀ ਸ: ਪ੍ਰਕਾਸ਼ ਸਿੰਘ ਬਾਦਲ, ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ, ਸ੍ਰੀ ਵਿਜੈ ਸਾਂਪਲਾ ਅਤੇ ਪੰਜਾਬ ਭਾਜਪਾ ਪ੍ਰਧਾਨ ਸ੍ਰੀ ਕਮਲ ਸ਼ਰਮਾ ਨਾਲ ਮਿਲਕੇ ‘ਖ਼ਾਲਸਾ ਕਾਲਜ ਗਵਰਨਿੰਗ ਕੌਂਸਲ’ ‘ਤੇ ਲਿਖੀ ਗਈ ਕਿਤਾਬ ਦਾ ਵਿਮੋਚਨ ਵੀ ਕੀਤਾ। ਸਮੇਂ ਦੇ ਅਨੁਕੂਲ ਹੋਰ ਰਹੀਆਂ ਤਬਦੀਲੀਆਂ ਦਾ ਜ਼ਿਕਰ ਕਰਦਿਆਂ ਉਨ੍ਹਾਂ ਨੇ ਕਿਹਾ ਕਿ ਅੱਜ ਦੁਨੀਆ ਦੀ ਸਭ ਤੋਂ ਵੱਡੀ ਆਵਾਜਾਈ ਸਾਧਨਾਂ ਦੀ ਕੰਪਨੀ ਕੋਲ ਇਕ ਵੀ ਵਾਹਨ ਮੌਜ਼ੂਦ ਨਹੀਂ ਹੈ ਅਤੇ ਇਸ ਤਰ੍ਹਾਂ ਦੁਨੀਆਂ ਦੇ ਸਭ ਤੋਂ ਵੱਡੇ ‘ਰਿਟੇਲ ਨੈੱਟਵਰਕ’ ਪਾਸ ਇਕ ਵੀ ਸਟੋਰ ਉਪਲਬੱਧ ਨਹੀਂ। ਇਸ ਲਈ ਆਉਣ ਵਾਲੇ ਸਮੇਂ ‘ਚ ਵਿਚਾਰਾਂ ਸਦਕਾ ਹੀ ਦੁਨੀਆਵੀਂ ਲੋਕ ਵਿਚਰ ਸਕਣਗੇ।
ਉਨ੍ਹਾਂ ਕਿਹਾ ਕਿ ਇਸ ਤਰ੍ਹਾਂ ਦੇ ਬਹੁਪੱਖੀ ਅਤੇ ਅਗਾਂਹਵਧੂ ਵਿਚਾਰ ਪੈਦਾ ਕਰਨਾ ਹੀ ਸਾਡੀ ਸਿੱਖਿਆ ਪ੍ਰਣਾਲੀ ਦਾ ਮੁੱਖ ਉਦੇਸ਼ ਹੋਣਾ ਚਾਹੀਦਾ ਹੈ। ਇਸ ਤੋਂ ਪਹਿਲਾਂ ਸ: ਬਾਦਲ ਨੇ ਪੰਜਾਬ ਦੀਆਂ ਸਮੱਸਿਆਵਾਂ ਬਾਰੇ ਸ੍ਰੀ ਜੇਤਲੀ ਨੂੰ ਜਾਣਕਾਰੀ ਪ੍ਰਦਾਨ ਕੀਤੀ, ਜਿਸ ‘ਤੇ ਉਨ੍ਹਾਂ ਕਿਹਾ ਕਿ ਕੇਂਦਰ ਦੀ ਸਰਕਾਰ ਸੂਬੇ ਦੀ ਹਰੇਕ ਮੁਸ਼ਕਿਲ ਨੂੰ ਹੱਲ ਕਰਨ ਲਈ ਵਚਨਬੱਧ ਹੈ। ਸ: ਬਾਦਲ ਨੇ ਸਿੱਖਿਅਕ ਸਮਾਜ ਉਸਾਰਣ ‘ਚ ਖ਼ਾਲਸਾ ਕਾਲਜ ਦੀ ਭੂਮਿਕਾ ਦੀ ਸ਼ਲਾਘਾ ਕੀਤੀ। ਉਨ੍ਹਾਂ ਨੇ ਕਾਲਜ ਦੇ ਵਿਕਾਸ ਲਈ ਇਸ ਮੌਕੇ ‘ਤੇ 50 ਲੱਖ ਰੁਪਏ ਦੀ ਖ਼ਾਸ ਗ੍ਰਾਂਟ ਦੇਣ ਦਾ ਐਲਾਨ ਵੀ ਕੀਤਾ।
ਸ੍ਰੀ ਜੇਤਲੀ ਨੇ ਵੀ ਕਿਹਾ ਕਿ ਦੁਨੀਆ ਦੇ ਕਿਸੇ ਵਿੱਦਿਅਕ ਅਦਾਰੇ ਪਾਸ ਇੰਨ੍ਹੀ ਜਿਆਦਾ ਮਨਮੋਹਕ ਅਤੇ ਵਿਰਾਸਤੀ ਇਮਾਰਤ ਨਹੀਂ, ਜਿਸ ‘ਤੇ ਸਾਨੂੰ ਮਾਣ ਹੋਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ‘ਚ ਸਨਅਤ ਦੇ ਵਿਕਾਸ ਅਤੇ ਮੁੱਢਲੇ ਢਾਂਚੇ ਨੂੰ ਹੋਰ ਮਜ਼ਬੂਤ ਕਰਨ ਲਈ ਕੇਂਦਰ ਸਰਕਾਰ ਹਰ ਹੀਲਾ ਕਰੇਗੀ।
ਇਸ ਮੌਕੇ ਪਹਿਲਾਂ ਖਾਲਸਾ ਕਾਲਜ ਗਵਰਨਿੰਗ ਕੌਂਸਲ ਦੇ ਪ੍ਰਧਾਨ ਸ: ਸੱਤਿਆਜੀਤ ਸਿੰਘ ਮਜੀਠੀਆ ਨੇ ਸ੍ਰੀ ਜੇਤਲੀ ਨੂੰ ਉੱਚ ਕੋਟੀ ਦੇ ਆਰਥਿਕ ਮਾਹਿਰ ਦੱਸਦਿਆਂ ਕਿਹਾ ਕਿ ਦੇਸ਼ ਦਾ ਖ਼ਜਾਨਾ ਉਨ੍ਹਾਂ ਦੇ ਹੱਥਾਂ ‘ਚ ਸੁਰੱਖਿਅਤ ਹੈ ਅਤੇ ਉਹ ਆਪਣੀ ਦੂਰਅੰਦੇਸ਼ੀ ਨਾਲ ਦੇਸ਼ ਨੂੰ ਆਰਥਿਕ ਪੱਖੋਂ ਮਜ਼ਬੂਤ ਕਰਨਗੇ। ਕੌਂਸਲ ਦੇ ਆਨਰੇਰੀ ਸਕੱਤਰ ਸ: ਰਜਿੰਦਰ ਮੋਹਨ ਸਿੰਘ ਛੀਨਾ ਨੇ ਆਪਣੇ ਧੰਨਵਾਦ ਮਤੇ ‘ਚ ਸ੍ਰੀ ਜੇਤਲੀ ਅਤੇ ਸ: ਬਾਦਲ ਤੋਂ ਇਲਾਵਾ ਬਾਕੀ ਪੁੱਜੀਆਂ ਸ਼ਖਸ਼ੀਅਤਾਂ ਦਾ ਸ਼ੁਕਰਾਨਾ ਕੀਤਾ।
ਸ: ਛੀਨਾ ਨੇ ਆਪਣੇ ਧੰਨਵਾਦ ਮਤੇ ਦੌਰਾਨ ਵਿਦਿਆਰਥੀਆਂ ਨੂੰ ਇਸ ਗੱਲ ਦੀ ਵਧਾਈ ਦਿੱਤੀ ਕਿ ਉਹ ਫ਼ਿਲਾਸਵਰ ਸਿਆਸੀ ਸ੍ਰੀ ਜੇਤਲੀ ਦੇ ਹੱਥੋਂ ਅੱਜ ਡਿਗਰੀਆਂ ਪ੍ਰਾਪਤ ਕਰ ਰਹੇ ਹਨ। ਉਨ੍ਹਾਂ ਨੇ ਵਿਦਿਆਰਥੀਆਂ ਨੂੰ ਸ੍ਰੀ ਜੇਤਲੀ ਦੇ ਜੀਵਨ ਸੰਘਰਸ਼ ‘ਤੋਂ ਵੀ ਪ੍ਰੇਰਣਾ ਲੈਣ ਲਈ ਕਿਹਾ ਤਾਂ ਉਹ ਵੀ ਜ਼ਿੰਦਗੀ ‘ਚ ਨਵੀਆਂ ਉਚਾਈਆਂ ਛੂਹ ਸਕਣ।
ਕਾਲਜ ਪ੍ਰਿੰਸੀਪਲ ਡਾ. ਮਹਿਲ ਸਿੰਘ ਨੇ ਇਸ ਮੌਕੇ ਕਾਲਜ ਦੇ ਸਲਾਨਾ ਰਿਪੋਰਟ ਪੜ੍ਹੀ ਅਤੇ ਆਪਣੀਆਂ ਉਪਲਬੱਧੀਆਂ ਦਾ ਲੇਖਾ-ਜੋਖਾ ਪੇਸ਼ ਕੀਤਾ। ਉਨ੍ਹਾਂ ਨੇ ਕਿਹਾ ਕਿ ਕਾਲਜ ਨੇ ਜਿਥੇ ਅਕਾਦਮਿਕ ਖ਼ੇਤਰ ‘ਚ ਮੱਲ੍ਹਾਂ ਮਾਰੀਆਂ ਹਨ, ਉੱਥੇ ਉਨ੍ਹਾਂ ਨੇ ਖੇਡਾਂ, ਸੱਭਿਆਚਾਰ ਪ੍ਰੋਗਰਾਮਾਂ ਅਤੇ ਹੋਰ ਵਿਸ਼ਿਆਂ ਜਿੰਨ੍ਹਾਂ ‘ਚ ਨਵੀਆਂ ਕਿਤਾਬਾਂ ਦਾ ਛਪਣਾ, ਸੈਮੀਨਾਰ ਤੇ ਵਰਕਸ਼ਾਪਾਂ ਦਾ ਲਗਾਉਣਾ ਅਤੇ ਨਵੇਂ ਸੈਂਟਰ ਖੋਲ੍ਹਣਾ ਆਦਿ ਸ਼ਾਮਿਲ ਹੈ, ‘ਚ ਵੀ ਸਫ਼ਲਤਾ ਹਾਸਲ ਕੀਤੀ ਹੈ। ਇਸ ਮੌਕੇ ‘ਤੇ ਸ: ਪ੍ਰਕਾਸ਼ ਸਿੰਘ ਬਾਦਲ ਅਤੇ ਸ੍ਰੀ ਅਰੁਣ ਜੇਤਲੀ ਨੂੰ ਸ: ਮਜੀਠੀਆ, ਸ: ਛੀਨਾ ਨੇ ਖ਼ਾਲਸਾ ਕਾਲਜ ਦੀ ਤਸਵੀਰ ਅਤੇ ਸ੍ਰੀ ਸਾਹਿਬ ਭੇਟ ਕਰਕੇ ਸਨਮਾਨਿਤ ਵੀ ਕੀਤਾ।
ਇਸ ਮੌਕੇ ਕੈਬਨਿਟ ਮੰਤਰੀ ਸ: ਬਿਕਰਮ ਸਿੰਘ ਮਜੀਠੀਆ, ਸ੍ਰੀ ਤਰੁਣ ਚੁੱਘ, ਨਰੇਸ਼ ਸ਼ਰਮਾ, ਬੋਨੀ ਅਮਰਪਾਲ ਸਿੰਘ ਅਜਨਾਲਾ, ਪੁਲਿਸ ਕਮਿਸ਼ਨਰ ਸ: ਜਤਿੰਦਰ ਸਿੰਘ ਔਲਖ, ਡੀ. ਆਈ. ਜੀ. ਸ: ਸੁਰਜੀਤ ਸਿੰਘ, ਸ: ਜੋਗਾ ਸਿੰਘ, ਸ੍ਰੀ ਪ੍ਰਦੀਪ ਸਭਰਵਾਲ, ਮੇਅਰ ਬਖਸ਼ੀ ਰਾਮ ਅਰੋੜਾ, ਜੁਆਇੰਟ ਸਕੱਤਰ ਸ: ਗੁਨਬੀਰ ਸਿੰਘ, ਸ: ਰਾਜਬੀਰ ਸਿੰਘ, ਸ: ਸਰਦੂਲ ਸਿੰਘ ਮੰਨਣ, ਸ: ਹਰਮਿੰਦਰ ਸਿੰਘ, ਮੈਂਬਰ ਸ: ਜਤਿੰਦਰ ਬਰਾੜ, ਸ: ਸੰਤੋਖ ਸਿੰਘ ਸੇਠੀ, ਐੱਸ. ਐੱਸ. ਛੀਨਾ ਸਮੂਹ ਕਾਲਜਾਂ ਦੇ ਪ੍ਰਿੰਸੀਪਲ, ਸਟਾਫ਼ ਮੈਂਬਰ, ਅਧਿਆਪਕ ਤੇ ਵਿਦਿਆਰਥੀ ਮੌਜ਼ੂਦ ਸਨ।
Punjab Post Daily Online Newspaper & Print Media