
ਸੰਦੌੜ, 20 ਜੁਲਾਈ (ਹਰਮਿੰਦਰ ਸਿੰਘ) – ਪਿੰਡ ਜਮਾਲਪੁਰ ਦੀ ਬਜ਼ੁਰਗ ਮਾਤਾ ਪਰਮਜੀਤ ਕੌਰ ਅਤੇ ਉਸ ਦੀ ਇੱਕ ਤਲਾਕਸ਼ੁਦਾ ਕੁੜੀ ਅਤੇ ਉਸ ਕੁੜੀ ਦੇ ਦੋ ਬੱਚੇ ਜੋ ਕਿ ਗ਼ਰੀਬੀ ਦੀ ਚੱਕੀ ਥੱਲੇ ਦਿਨ ਪਰ ਦਿਨ ਪਿਸ ਰਹੇ ਹਨ ਅਤੇ ਆਪਣਾ ਗੁਜ਼ਾਰਾ ਲੋਕਾਂ ਦੇ ਘਰਾਂ ਵਿਚ ਝਾੜੂ ਪੋਚਾ ਕਰ ਕੇ ਕਰ ਰਹੇ ਹਨ। ਇਨ੍ਹਾਂ ਦੇ ਘਰ ਦੀ ਛੱਤ ਵੀ ਬੀਤੇ ਦਿਨਾਂ ਵਿਚ ਪਈ ਭਾਰੀ ਬਾਰਸ਼ ਕਰ ਕੇ ਤਰੇੜਾਂ ਆ ਕੇ ਡਿੱਗਣ ਦੇ ਕਿਨਾਰੇ ਸੀ, ਜਿਸ ਨੂੰ ਮੁਰੰਮਤ ਕਰਵਾਉਣ ਤੋ ਅਸਮਰੱਥ ਇਹ ਪਰਿਵਾਰ ਅਤਿ ਦੁਖੀ ਹੋ ਘਰੋ ਬਾਹਰ ਰਾਤਾਂ ਕੱਟਣ ਨੂੰ ਮਜਬੂਰ ਸੀ ।
ਇਸ ਸੰਬੰਧ ਵਿਚ ਸਮਾਜਸੇਵੀ ਅਤੇ ਉੱਘੇ ਗੀਤਕਾਰ ਲੱਖਾ ਸਿੰਘ ਚੂਹੜਚੱਕ ਨੇ ਦੱਸਿਆ ਕਿ ਜੱਦੋ ਉਨਾਂ ਨੂੰ ਇਹਨ੍ਹਾਂ ਬਾਰੇ ਪਤਾ ਲੱਗਿਆ ਤਾਂ ਸਿੱਖ ਸੇਵਾ ਸੁਸਾਇਟੀ ਕੈਲੀਫੋਰਨੀਆਂ ਦੇ ਆਗੂਆਂ ਵੱਲੋਂ ਇਸ ਦੁਖੀ ਪਰਿਵਾਰ ਦੀ ਨਕਦ ਰੁਪਏ ਦੇ ਕੇ ਆਰਥਿਕ ਸਹਾਇਤਾ ਕੀਤੀ ਗਈ ਅਤੇ ਭਰੋਸਾ ਦਿਵਾਇਆ ਗਿਆ ਕਿ ਜੱਦੋ ਵੀ ਇਸ ਪਰਿਵਾਰ ਨੂੰ ਜ਼ਰੂਰਤ ਮਹਿਸੂਸ ਹੋਵੇਗੀ, ਸੁਸਾਇਟੀ ਹਰ ਦਮ ਸੇਵਾ ਵਿਚ ਤਤਪਰ ਰਹੇਗੀ।
ਇਸ ਮੌਕੇ ਉਨ੍ਹਾਂ ਸੁਸਾਇਟੀ ਦੇ ਆਗੂ ਜਗਸੀਰ ਸਿੰਘ ਮੌੜ, ਸ਼ਿਵਕਰਨ ਸਿੰਘ ਭਾਈ ਰੂਪਾ, ਧੰਨਾ ਸਿੰਘ ਮੌੜ, ਲਖਵਿੰਦਰ ਸਿੰਘ ਮੌੜ, ਗੁਰਲਾਲ ਸਿੰਘ ਫ਼ੌਜੀ, ਬਿੱਟੂ ਸਿੰਘ, ਬਾਬਾ ਸੇਵਕ ਸਿੰਘ ਮੌੜ ਆਦਿ ਮੈਂਬਰ ਹਾਜ਼ਰ ਸਨ।
Punjab Post Daily Online Newspaper & Print Media