
ਮਾਲੇਰਕੋਟਲਾ, 22 ਅਗਸਤ (ਹਰਮਿੰਦਰ ਸਿੰਘ ਭੱਟ) – ਸਥਾਨਕ ਸਰਕਾਰੀ ਹਾਈ ਸਕੂਲ (ਮੁੰਡੇ) ਵਿਖੇ ਜ਼ਿਲਾ ਸਾਇੰਸ ਸੁਪਰਵਾਈਜ਼ਰ ਸ਼੍ਰੀ ਰਾਕੇਸ਼ ਕੁਮਾਰ ਦੇ ਹੁਕਮਾਂ ਅਧੀਨ ਪ੍ਰਿੰਸੀਪਲ ਸ਼੍ਰੀ ਮੁਹੰਮਦ ਖਲੀਲ ਦੀ ਸਰਪ੍ਰਸਤੀ ਹੇਠ ਸਕੂਲ ਦੀ ਇੰਚਾਰਜ ਮੁੱਖ ਅਧਿਆਪਕਾ ਸ਼੍ਰੀਮਤੀ ਰੁਪਿੰਦਰ ਕੌਰ ਦੇ ਸਹਿਯੋਗ ਨਾਲ ਤਹਿਸੀਲ ਪੱਧਰ ਦੇ ਰੋਲ ਪਲੇਅ ਮੁਕਾਬਲੇ ਕਰਵਾਏ ਗਏ।ਜਿਸ ਵਿੱਚ ਮਾਲੇਰਕੋਟਲਾ ਤਹਿਸੀਲ ਦੇ ਵੱਖ-ਵੱਖ ਸਕੂਲਾਂ ਦੀਆਂ ਟੀਮਾਂ ਨੇ ਭਾਗ ਲਿਆ। ਸ਼੍ਰੀ ਸੱਜਾਦ ਅਲੀ ਉਰਦੂ ਅਧਿਆਪਕ ਦੀ ਅਗਵਾਈ ਵਿੱਚ ਸਰਕਾਰੀ ਹਾਈ ਸਕੂਲ ਰੁੜਕਾ ਦੀ ਟੀਮ ਨੇ ਏਡਜ਼ ਵਿਸ਼ੇ ਤੇ ਰੋਲ ਪਲੇਅ ਕਰਕੇ ਪਹਿਲਾ ਸਥਾਨ ਪ੍ਰਾਪਤ ਕੀਤਾ। ਸਕੂਲ ਪਹੁੰਚਣ ਤੇ ਸਮੂਹ ਸਟਾਫ ਦੇ ਨਾਲ ਨਾਲ ਮੁੱਖ ਅਧਿਆਪਿਕਾ ਸ਼੍ਰੀਮਤੀ ਰਾਜ ਰਾਣੀ ਨੇ ਜੇਤੂ ਟੀਮ ਦਾ ਸਵਾਗਤ ਕੀਤਾ। ਉਨ੍ਹਾਂ ਨੇ ਜੇਤੂ ਟੀਮ ਦੇ ਵਿਦਿਆਰਥੀਆਂ ਦੇ ਨਾਲ-ਨਾਲ ਵਿਸ਼ੇਸ਼ ਤੌਰ ਤੇ ਇਸ ਟੀਮ ਦੀ ਤਿਆਰੀ ਕਰਵਾਉਣ ਵਾਲੇ ਅਧਿਆਪਕ ਸ਼੍ਰੀ ਸੱਜਾਦ ਅਲੀ ਨੂੰ ਟੀਮ ਦੀ ਜਿੱਤ ਲਈ ਮੁਬਾਰਕਬਾਦ ਦਿੱਤੀ।ਉਹਨਾਂ ਕਿਹਾ ਕਿ ਸਕੂਲ ਵੱਲੋਂ ਹਮੇਸ਼ਾ ਤੋਂ ਵਿਦਿਆਰਥੀਆਂ ਨੂੰ ਵੱਖ-ਵੱਖ ਗਤੀਵਿਧੀਆਂ ਵਿੱਚ ਹਿੱਸਾ ਲੈਣ ਲਈ ਪ੍ਰੇਰਿਤ ਕੀਤਾ ਜਾਂਦਾ ਹੈ।ਜਿਸ ਲਈ ਉਹਨਾਂ ਦੀ ਹਰ ਸੰਭਵ ਮਦਦ ਵੀ ਕੀਤੀ ਜਾਂਦੀ ਹੈ, ਤਾਂ ਜੋ ਵਿਦਿਆਰਥੀਆਂ ਦਾ ਸਰਵਪੱਖੀ ਵਿਕਾਸ ਹੋ ਸਕੇ। ਇਸ ਜਿੱਤ ਤੇ ਖੁਸ਼ੀ ਦਾ ਇਜ਼ਹਾਰ ਕਰਦੇ ਹੋਏ ਉਹਨਾਂ ਨੇ ਜ਼ਿਲਾ ਪੱਧਰੀ ਰੋਲ ਪਲੇਅ ਮੁਕਾਬਲਿਆਂ ਵਿਚ ਵੀ ਟੀਮ ਦੀ ਜਿੱਤ ਲਈ ਸ਼ੁਭ ਕਾਮਨਾਵਾਂ ਪੇਸ਼ ਕੀਤੀਆਂ।ਗੁਰਪ੍ਰੀਤ ਸਿੰਘ ਕੰਪਿਊਟਰ ਫੈਕਲਿਟੀ ਨੇ ਕਿਹਾ ਕਿ ਰੋਲ ਪਲੇਅ ਸਾਡੀ ਜ਼ਿੰਦਗੀ ਦਾ ਅਹਿਮ ਹਿੱਸਾ ਹਨ।ਲੰਬੇ ਸਮੇਂ ਤੋਂ ਨਾਟਕਾਂ ਤੇ ਰੋਲ ਪਲੇਅ ਦੁਆਰਾ ਸਮਾਜ ਨੂੰ ਸਿੱਖਿਆ ਤੇ ਸੇਧ ਦੇਣ ਦੀ ਕੋਸ਼ਿਸ਼ ਕੀਤੀ ਜਾਂਦੀ ਰਹੀ ਹੈ। ਵਿਦਿਆਰਥੀਆਂ ਨੂੰ ਵਿੱਦਿਅਕ ਗਤੀਵਿਧੀਆਂ ਦੇ ਨਾਲ-ਨਾਲ ਸਹਿ-ਵਿੱਦਿਅਕ ਗਤੀਵਿਧੀਆਂ ਵਿੱਚ ਵੀ ਵੱਧ ਚੜ੍ਹ ਕੇ ਹਿੱਸਾ ਲੈਣਾ ਚਾਹੀਦਾ ਹੈ, ਕਿਉਂਕਿ ਇਸ ਨਾਲ ਸਾਨੂੰ ਬਹੁਤ ਕੁਝ ਸਿੱਖਣ ਨੂੰ ਮਿਲਦਾ ਹੈ ਤੇ ਜ਼ਿੰਦਗੀ ਵਿਚ ਨਿਖਾਰ ਆਉਂਦਾ ਹੈ।
Check Also
ਗੁਰਦੁਆਰਾ ਸ਼ਹੀਦ ਬਾਬਾ ਗੁਰਬਖਸ਼ ਸਿੰਘ ਵਿਖੇ ਬੇਅਦਬੀ ਕਰਨ ਦੀ ਕੋਸ਼ਿਸ਼ ਦਾ ਐਡਵੋਕੇਟ ਧਾਮੀ ਨੇ ਲਿਆ ਸਖ਼ਤ ਨੋਟਿਸ
ਅੰਮ੍ਰਿਤਸਰ, 11 ਜਨ (ਜਗਦੀਪ ਸਿੰਘ) – ਸੱਚਖੰਡ ਸ੍ਰੀ ਦਰਬਾਰ ਸਾਹਿਬ ਕੰਪਲੈਕਸ ਅੰਦਰ ਸਥਿਤ ਗੁਰਦੁਆਰਾ ਸ਼ਹੀਦ …
Punjab Post Daily Online Newspaper & Print Media