
ਅੰਮ੍ਰਿਤਸਰ, 19 ਸਤੰਬਰ (ਗੁਰਚਰਨ ਸਿੰਘ, ਜਗਦੀਪ ਸਿੰਘ ਸੱਗੂ) – ਅੰਧ ਵਿਸ਼ਵਾਸ਼ਾਂ, ਪਖੰਡਵਾਦ ਅਤੇ ਧਾਰਮਿਕ ਕੱਟੜਵਾਦ ਦੇ ਖਿਲਾਫ ਜੱਦੋ ਜਹਿਦ ਕਰਨ ਵਾਲੇ ਕੋਮਾਂਤਰੀ ਪ੍ਰਸਿੱਧ ਤਰਕਸ਼ੀਲ ਵਿਦਵਾਨ ਅਤੇ ਪ੍ਰਗਤੀਸ਼ੀਲ ਸਾਹਿਤਕਾਰ ਪ੍ਰੋ.ਐਮ.ਐਮ. ਕਲਬੁਰਗੀ ਦੀ ਫਿਰਕੂ ਤਾਕਤਾਂ ਵੱਲੋਂ ਕੀਤੀ ਗਈ ਵਹਿਸ਼ੀ ਹੱਤਿਆ ਦੇ ਵਿਰੋਧ ਵਿੱਚ ਅੱਜ ਵੱਖ-ਵੱਖ ਤਰਕਸ਼ੀਲ, ਕਿਸਾਨ, ਮਜਦੂਰ, ਮੁਲਾਜ਼ਮ, ਵਿਦਿਆਰਥੀ, ਸਾਹਿਤਕ, ਸਮਾਜਿਕ, ਸਭਿਆਚਾਰਕ, ਰੰਗਕਰਮੀਆਂ, ਪੱਤਰਕਾਰਾਂ, ਅਧਿਆਪਕਾਂ ਅਤੇ ਜਮਹੂਰੀ ਜਥੇਬੰਦੀਆਂ ਵੱਲੋਂ ਇਕ ਵਿਸ਼ਾਲ ਰੋਸ ਮਾਰਚ ਸਥਾਨਕ ਨਹਿਰੀ ਦਫਤਰ ਤੋਂ ਜਿਲ੍ਹਾ ਕਚਿਹਰੀ ਤੱਕ ਕੱਢਿਆ ਗਿਆ।
ਇਸ ਰੋਸ ਮਾਰਚ ਵਿੱਚ ਵੱਖ-ਵੱਖ ਜਥੇਬੰਦੀਆਂ ਦੇ ਆਗੂਆਂ ਨੇ ਆਪਣੇ ਸੰਬੋਧਨ ਵਿੱਚ ਪ੍ਰੋ.ਕਲਬੁਰਗੀ ਦੀ ਹੱਤਿਆ ਨੂੰ ਸੰਵਿਧਾਨ ਵਿੱਚ ਦਰਜ ਧਾਰਾ 19 ਤਹਿਤ ਮਿਲੀ ਵਿਚਾਰ ਪ੍ਰਗਟਾਵੇ ਦੀ ਅਜਾਦੀ ਤੇ ਸਿੱਧਾ ਹਮਲਾ ਕਰਾਰ ਦਿੱਤਾ। ਸਭ ਬੁਲਾਰਿਆਂ ਨੇ ਕੇਂਦਰ ਸਰਕਾਰ ਤੇ ਦੋਸ਼ ਲਾਇਆ ਕਿ ਦੇਸ਼ ਵਿੱਚ ਧਾਰਮਿਕ ਆਸਥਾ ਦੀ ਆੜ ਵਿੱਚ ਕੱਟੜਵਾਦ, ਅੰਧਵਿਸ਼ਵਾਸ਼ ਫਲਾਉਣ ਅਤੇ ਫਿਰਕੂ ਰਾਜਨੀਤੀ ਕਰਨ ਵਾਲੇ ਫਾਸ਼ੀਵਾਦੀ ਸੰਗਠਨਾਂ ਦੀ ਮੋਦੀ ਸਰਕਾਰ ਵੱਲੋਂ ਸਿਆਸੀ ਪੁਸ਼ਤਪਨਾਹੀ ਕੀਤੀ ਜਾ ਰਹੀ ਹੈ। ਮੋਦੀ ਸਰਕਾਰ ਦੇ ਸੱਤਾ ਵਿੱਚ ਆਉਣ ਤੋਂ ਬਾਅਦ ਲੋਕਾਂ ਦੇ ਜਮਹੂਰੀ ਹੱਕਾਂ ਦੀ ਰਾਖੀ ਲਈ ਅਤੇ ਸੰਵਿਧਾਨ ਦੀ ਧਾਰਾ 51ਏ (ਐਚ.) ਵਿੱਚ ਦਰਜ ਵਿਗਿਆਨਕ ਵਿਚਾਰਧਾਰਾ ਦਾ ਪ੍ਰਚਾਰ ਪ੍ਰਸਾਰ ਕਰਨ ਵਾਲੇ ਤਰਕਸ਼ੀਲ ਆਗੂਆਂ, ਬੁੱਧੀਜੀਵੀਆਂ, ਪੱਤਰਕਾਰਾਂ ਅਤੇ ਜਮਹੂਰੀ ਹੱਕਾਂ ਦੇ ਰਾਖਿਆਂ, ਉਤੇ ਸਾਜਸ਼ੀ ਕਾਤਲਾਨਾ ਹਮਲੇ ਕੀਤੇ ਜਾ ਰਹੇ ਹਨ। ਉਨ੍ਹਾਂ ਨੇ ਫਾਸ਼ੀਵਾਦੀ ਤਾਕਤਾਂ ਨੂੰ ਚੁਣੌਤੀ ਦਿੱਤੀ ਕਿ ਪ੍ਰੋ.ਕਲਬੁਰਗੀ, ਡਾਕਟਰ ਦਭੋਲਕਰ ਅਤੇ ਗੋਵਿੰਦ ਪਨਸਾਰੇ ਨੂੰ ਕਤਲ ਕਰਕੇ ਦੇਸ਼ ਵਿੱਚ ਦਿੱਨੋ ਦਿਨ ਪ੍ਰਫੁੱਲਤ ਹੋ ਰਹੀ ਲੋਕ ਪੱਖੀ ਜਮਹੂਰੀ, ਤਰਕਸ਼ੀਲ ਅਤੇ ਜਨਤਕ ਲਹਿਰਾਂ ਨੂੰ ਦਬਾਇਆ ਨਹੀਂ ਜਾ ਸਕਦਾ।
ਜਿਲ੍ਹਾ ਕਚਿਹਰੀਆਂ ਵਿਖੇ ਡਿਪਟੀ ਕਮਿਸ਼ਨਰ ਅੰਮ੍ਰਿਤਸਰ ਰਾਹੀਂ ਰਾਸ਼ਟਰਪਤੀ ਨੂੰ ਭੇਜੇ ਮੰਗ ਪੱਤਰ ਵਿੱਚ ਜੋਰਦਾਰ ਮੰਗ ਕੀਤੀ ਗਈ ਕਿ ਪ੍ਰੋ.ਕਲਬੁਰਗੀ ਦੇ ਕਾਤਲਾਂ ਨੂੰ ਤੁਰੰਤ ਗ੍ਰਿਫਤਾਰ ਕਰਕੇ ਸਖਤ ਸਜਾਵਾਂ ਦਿੱਤੀਆਂ ਜਾਣ। ਇਸ ਕਤਲ ਲਈ ਜਿੰਮੇਵਾਰ ਫਿਰਕੂ ਸੰਗਠਨਾਂ ਦੀ ਨਿਸ਼ਾਨਦੇਹੀ ਕਰਕੇ ਉਨ੍ਹਾਂ ਖਿਲਾਫ ਸਖਤ ਕਾਨੂੰਨੀ ਕਾਰਵਾਈ ਕੀਤੀ ਜਾਵੇ ਅਤੇ ਵਿਗਿਆਨਕ ਸੋਚ ਦੀ ਮਜਬੂਤੀ ਲਈ, ਅੰਧਵਿਸ਼ਵਾਸ਼ ਫਲਾਉਣ ਵਾਲੇ ਕੱਟੜਵਾਦੀਆਂ ਅਤੇ ਪਾਖੰਡੀਆਂ ਦੀਆਂ ਗੈਰ ਕਾਨੂੰਨੀ ਗਤੀਵਿਧੀਆਂ ਤੇ ਰੋਕ ਲਾਉਣ ਲਈ ਸਮੁੱਚੇ ਦੇਸ਼ ਵਿੱਚ ਅੰਧਵਿਸ਼ਵਾਸ਼ ਵਿਰੋਧੀ ਕਨੂੰਨ ਲਾਗੂ ਕੀਤਾ ਜਾਵੇ।
ਡਾ.ਪਰਮਿੰਦਰ ਸਿੰਘ ਨੇ ਰੋਸ ਮੁਜਾਹਰੇ ਨੂੰ ਸੰਬੋਧਿਤ ਹੁੰਦਿਆਂ ਕਿਹਾ ਕਿ ਦਰਅਸਲ ਫਿਰਕਾਪ੍ਰਸਤ ਕੱਟੜਪੰਥੀ ਤੱਤਾਂ ਵੱਲੋਂ ਪ੍ਰੋ.ਕਲਬੁਰਗੀ ਦਾ ਕਤਲ ਅਜਾਦ ਅਤੇ ਵਿਗਿਆਨਕ ਪਰਖ ਦਾ ਗਲਾ ਘੁੱਟਣ ਦੀ ਕੋਸ਼ਿਸ਼ ਹੈ। ਉਨ੍ਹਾਂ ਇਹ ਵੀ ਕਿਹਾ ਕਿ ਬੋਲਣ ਦੀ ਅਜਾਦੀ ਖੋਹ ਕੇ ਵਿਗਿਆਨਕ ਅਤੇ ਜਮਹੂਰੀ ਸੋਚ ਉਤੇ ਵੀ ਸਿੱਧਾ ਹਮਲਾ ਕੀਤਾ ਗਿਆ ਹੈ ਅਤੇ ਅਜੋਕੇ ਆਧੁਨਿਕ ਸਮਾਜ ਤੇ ਵੀ। ਬੜੀ ਸ਼ਰਮ ਦੀ ਗੱਲ ਹੈ ਕਿ ਇਨ੍ਹਾਂ ਕਤਲਾਂ ਦੀ ਸਟੇਟ ਮਸ਼ੀਨਰੀ ਵੱਲੋਂ ਢਿੱਲੀ ਮੱਠੀ ਜਾਂਚ ਕੀਤੀ ਜਾ ਰਹੀ ਹੈ। ਇਸ ਤੋਂ ਸਿੱਧ ਹੁੰਦਾ ਹੈ ਕਿ ਕਨੂੰਨ ਦੇ ਰਾਖੇ ਸਟੇਟ ਮਸ਼ੀਨਰੀ, ਪੁਲਿਸ ਦੋਸ਼ੀਆਂ ਨੂੰ ਫੜਨ ਵਿੱਚ ਦਿਲਚਸਪੀ ਨਹੀ ਲੈ ਰਹੀ ਅਤੇ ਦੋਸ਼ੀਆਂ ਦੀ ਹਰ ਹੀਲੇ ਮਦਦ ਕੀਤੀ ਜਾ ਰਹੀ ਹੈ। ਤਰਕਸ਼ੀਲ ਆਗੂ ਸੁਮੀਤ ਸਿੰਘ ਨੇ ਦੋਸ਼ ਲਾਇਆ ਕਿ ਸਮੇਂ ਦੀਆਂ ਸਰਕਾਰਾਂ ਅੰਧ ਵਿਸ਼ਵਾਸ਼ ਫੈਲਾਉਣ ਲਈ ਇਲੈਕਟ੍ਰੋਨਿਕ ਮੀਡੀਏ ਦੀ ਦੁਰਵਰਤੋ ਕਰਕੇ ਲੁਕਾਈ ਦੀ ਮਾਨਸਿਕਤਾ ਨੂੰ ਵਹਿਮਾਂ-ਭਰਮਾਂ ਵਿੱਚ ਫਸਾ ਕੇ ਆਪਣੇ ਰਾਜਭਾਗ ਨੂੰ ਹੋਰ ਪਕੇਰਾ ਕਰਕੇ ਕਾਰਪੋਰੇਟ ਘਰਾਣਿਆਂ ਦੀ ਪੂੰਜੀ ਦੀ ਪਕੜ ਹੋਰ ਮਜਬੂਤ ਕਰਨ ਦੀਆਂ ਨੀਤੀਆਂ ਦਿਨ ਪ੍ਰਤੀ ਦਿਨ ਤੇਜ ਕਰ ਰਹੀਆਂ ਹਨ। ਇਸ ਮੌਕੇ ਐਡਵੋਕੇਟ ਅਮਰਜੀਤ ਬਾਈ ਨੇ ਸਟੇਜ ਦੀ ਜਿੰਮੇਵਾਰੀ ਨਿਭਾਉਦਿਆਂ ਸਮੂਹ ਤਰਕਸ਼ੀਲ, ਜਨਤਕ ਅਤੇ ਜਮਹੂਰੀ ਜਥੇਬੰਦੀਆਂ ਨੂੰ ਇਕਜੁੱਟ ਹੋ ਕੇ ਪਨਪ ਰਹੇ ਫਾਸ਼ੀਵਾਦ ਵਿਰੁੱਧ ਸੰਘਰਸ਼ ਕਰਨ ਦਾ ਸੱਦਾ ਦਿਤਾ।
ਇਸ ਵਿਸ਼ਾਲ ਰੋਸ ਮਾਰਚ ਵਿੱਚ ਤਰਕਸ਼ੀਲ ਸੁਸਾਇਟੀ, ਅੰਮ੍ਰਿਤਸਰ ਇਕਾਈ ਅਤੇ ਮਾਝਾ ਜੋਨ, ਜਮਹੂਰੀ ਕਿਸਾਨ ਸਭਾ, ਕਿਰਤੀ ਕਿਸਾਨ ਯੂਨੀਅਨ, ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ), ਕਿਸਾਨ ਸੰਘਰਸ਼ ਕਮੇਟੀ, ਚੰਡੀਗੜ੍ਹ ਪੰਜਾਬ ਪੱਤਰਕਾਰ ਯੂਨੀਅਨ, ਡੈਮੋਕਰੇਟਿਕ ਟੀਚਰਜ਼ ਫਰੰਟ, ਸੀਟੂ, ਪੰਜਾਬੀ ਸਾਹਿਤ ਸਭਾ ਚੋਗਾਵਾਂ, ਸੀਟੂ ਪੰਜਾਬ, ਪੇਂਡੂ ਮਜਦੂਰ ਯੂਨੀਅਨ, ਲੋਕ ਮੋਰਚਾ, ਮੁਲਾਜਮ ਮੰਚ ਪੰਜਾਬ, ਪੰਜਾਬ ਸਬਾਰਡੀਨੇਟ ਸਰਵਿਸਜ਼ ਯੂਨੀਅਨ, ਪੰਜਾਬ ਸਟੂਡੈਂਟਸ ਯੂਨੀਅਨ, ਨਾਰੀ ਚੇਤਨਾ ਮੰਚ, ਸਾਫਮਾ, ਕੇਂਦਰੀ ਪੰਜਾਬੀ ਲੇਖਕ ਸਭਾ, ਪੰਜਾਬੀ ਸਾਹਿਤ ਅਕਾਦਮੀ, ਲੁਧਿਆਣਾ, ਪ੍ਰਦੂਸ਼ਣ ਰੋਕਥਾਮ ਕਮੇਟੀ, ਆਲਮੀ ਪੰਜਾਬੀ ਵਿਰਾਸਤ ਫਾਊਂਡੇਸ਼ਨ, ਡੈਮੋਕਰੇਟਿਕ ਐਡਵੋਕੇਟ ਫੋਰਮ ਫੋਕਲੋਰ ਰੀਸਰਚ ਅਕੈਡਮੀ ਅਤੇ ਹੋਰ ਜਨਤਕ ਅਤੇ ਜਮਹੂਰੀ ਜਥੇਬੰਦੀਆਂ ਦੇ ਆਗੂ ਅਤੇ ਕਾਰਕੁਨ ਸ਼ਾਮਲ ਹੋਏ ਜਿਨਾਂ ਵਿੱਚੋਂ ਕਾਮਰੇਡ ਰਤਨ ਸਿੰਘ ਰੰਧਾਵਾ, ਡਾ: ਕੁਲਦੀਪ ਸਿੰਘ, ਕੁਲਦੀਪ ਸਿੰਘ ਬਾਸਰਕੇ, ਜਸਬੀਰ ਸਿੰਘ ਪੱਟੀ, ਸੁਖਰਾਜ ਸਰਕਾਰੀਆ, ਰਜਿੰਦਰ ਮਝੈਲ, ਦੀਪ ਦਵਿੰਦਰ ਸਿੰਘ, ਗੁਰਬਾਜ ਤੋਲਾਨੰਗਲ, ਪ੍ਰੋ: ਜਗਰੂਪ ਸੇਖੋਂ, ਅਮਰੀਕ ਸਿੰਘ, ਜਗਤਾਰ ਕਰਮਪੁਰਾ, ਜਗੀਰ ਕੌਰ, ਡਾ: ਇਕਬਾਲ ਕੌਰ ਸੌਂਦ, ਕਾਮਰੇਡ ਹਰਭਜਨ ਸਿੰਘ, ਧਰਮਿੰਦਰ ਅਜਨਾਲਾ ਆਦਿ ਬੁਲਾਰਿਆਂ ਨੇ ਸੰਬੋਧਨ ਕੀਤਾ ਅਤੇ ਇਸ ਮੌਕੇ ਹੋਰਨਾਂ ਤੋਂ ਇਲਾਵਾ ਬਲਵਿੰਦਰ ਸਿੰਘ ਦੁਧਾਲਾ, ਜਰਮਨਜੀਤ ਸਿੰਘ ਬਾਠ, ਰਮੇਸ਼ ਯਾਦਵ, ਧਰਮਿੰਦਰ ਔਲਖ, ਬਲਵੰਤ ਸਿੰਘ ਡੇਰਾਬਾਬਾ ਨਾਨਕ, ਮਾਸਟਰ ਕੁਲਜੀਤ ਵੇਰਕਾ, ਜਸਪਾਲ ਸਿੰਘ, ਮਿ: ਰੰਧਾਵਾ, ਮੁਖਵਿੰਦਰ ਚੋਹਲਾ, ਡਾ: ਕਸ਼ਮੀਰ ਸਿੰਘ, ਮੁਖਤਿਆਰ ਸਿੰਘ, ਜਸਬੀਰ ਕੌਰ, ਕਰਨਰਾਜ ਸਿੰਘ, ਕਾਮਰੇਡ ਅਜੀਤ ਸਿੰਘ, ਯਸ਼ਪਾਲ ਝਬਾਲ, ਗਰਬਚਨ ਸਿੰਘ ਲੋਕ ਮੋਰਚਾ, ਦਮਨਜੀਤ ਕੌਰ, ਵਰਿੰਦਰ ਪੰਨੂੰ, ਦਰਸ਼ਨ ਕੌਰ, ਨਾਗਰ ਮੱਲ, ਇੰਦਰ ਸਿੰਘ ਮਾਨ, ਬਲਦੇਵ ਸਿੰਘ ਵੀ ਹਾਜਰ ਸਨ।
Punjab Post Daily Online Newspaper & Print Media