Friday, March 6, 2026

ਮਾ. ਮੇਘ ਦਾਸ ਜਵੰਦਾ ਦੀ ਪੁਸਤਕ ‘ਅੰਬਰ ਦੇ ਤਾਰੇ’ ਤੇ ਹੋਈ ਵਿਚਾਰ ਗੋਸ਼ਟੀ

ਭਾਰੀ ਬਾਰਸ਼ ਦੇ ਬਾਵਜੂਦ 100 ਤੋਂ ਵੱਧ ਲੇਖਕਾਂ ਅਤੇ ਸਰੋਤਿਆਂ ਨੇ ਕੀਤੀ ਸ਼ਿਰਕਤ

PPN240920520

PPN240920521

ਸਮਰਾਲਾ, 24 ਅਗਸਤ (ਪ. ਪ) – ਮਾਸਟਰ ਮੇਘ ਦਾਸ ਜਵੰਦਾ ਮੀਤ ਪ੍ਰਧਾਨ ਦੀ ਬਾਲਾਂ ਲਈ ਕਾਵਿ ਪੁਸਤਕ ‘ਅੰਬਰ ਦੇ ਤਾਰੇ’ ਤੇ ਪੰਜਾਬੀ ਸਾਹਿਤ ਸਭਾ (ਰਜਿ:) ਸਮਰਾਲਾ ਵੱਲੋਂ ਸਥਾਨਕ ਸਰਕਾਰੀ ਸੀਨੀ: ਸੈਕੰ: ਸਕੂਲ (ਲੜਕੇ) ਵਿਖੇ ਵਿਚਾਰ ਗੋਸ਼ਟੀ ਕਰਵਾਈ ਗਈ। ਇਸ ਗੋਸ਼ਟੀ ਵਿੱਚ ਪੰਜਾਬੀ ਦੇ ਨਾਮਵਰ ਲੇਖਕਾਂ ਤੋਂ ਇਲਾਵਾ ਬਾਲ ਸਾਹਿਤ ਦੇ ਸਿਰਮੌਰ ਸਾਹਿਤਕਾਰ (ਡਾ.) ਦਰਸ਼ਨ ਸਿੰਘ ਆਸ਼ਟ ਮੁੱਖ ਮਹਿਮਾਨ ਦੇ ਤੌਰ ਤੇ ਸ਼ਾਮਿਲ ਹੋਏ। ਪ੍ਰੋਗਰਾਮ ਦੀ ਸ਼ੁਰੂਆਤ ਸਰਕਾਰੀ ਮਿਡਲ ਸਕੂਲ ਭਰਥਲਾ ਦੇ ਬੱਚਿਆਂ ਨੇ ਬਾਲ ਪੁਸਤਕ ‘ਅੰਬਰ ਦੇ ਤਾਰੇ’ ਵਿੱਚੋਂ ਕਵਿਤਾਵਾਂ ਗਾ ਕੇ ਕੀਤੀ। ਇਸ ਪਿੱਛੋਂ ਸ਼੍ਰੋਮਣੀ ਬਾਲ ਸਾਹਿਤ ਪੁਰਸਕਾਰ ਵਿਜੇਤਾ ਕਮਲਜੀਤ ਨੀਲੋਂ ਨੇ ਆਪਣੇ ਫਨ ਦਾ ਮੁਜ਼ਾਹਰਾ ਕਰਦੇ ਹੋਏ ਮਾ. ਮੇਘ ਦਾਸ ਜਵੰਦਾ ਦੀ ਪੁਸਤਕ ਵਿੱਚੋਂ ਕਵਿਤਾਵਾਂ ਨੂੰ ਆਪਣੇ ਵਿਲੱਖਣ ਅੰਦਾਜ ਵਿੱਚ ਪੇਸ਼ ਕਰਕੇ ਸਰੋਤਿਆਂ ਨੂੰ ਮੰਤਰ ਮੁਗਧ ਕੀਤਾ।
ਗੋਸ਼ਟੀ ਦਾ ਅਰੰਭ ਪੰਜਾਬੀ ਦੇ ਉੱਘੇ ਲੇਖਕ ਪ੍ਰੋ. ਹਮਦਰਦਵੀਰ ਨੌਸ਼ਹਿਰਵੀ ਨੇ ਪੁਸਤਕ ਨਾਲ ਜਾਣ ਪਛਾਣ ਕਰਵਾ ਕੇ ਕੀਤੀ। ਉਨ੍ਹਾਂ ਕਿਹਾ ਕਿ ਬੱਚੇ ਦਾ ਸਭ ਤੋਂ ਪਹਿਲਾ ਬੋਲਿਆ ਜਾਣ ਵਾਲਾ ਸ਼ਬਦ ‘ਮਾਂ’ ਹੈ। ਮਾ. ਮੇਘ ਦਾਸ ਜਵੰਦਾ ਦੀ ਪੁਸਤਕ ਦੀ ਪਹਿਲੀ ਕਵਿਤਾ ‘ਪਿਆਰੀ ਮਾਂ’ ਨਾਲ ਹੀ ਸ਼ੁਰੂ ਹੁੰਦੀ ਹੈ। ਉਨ੍ਹਾਂ ਅੱਗੇ ਕਿਹਾ ਕਿ ਇਸ ਪੁਸਤਕ ਦੀ ਦਿੱਖ ਬਾਲਾਂ ਲਈ ਖਿੱਚ ਭਰਪੂਰ ਹੈ। ਇਸ ਪੁਸਤਕ ਵਿੱਚ ਦਰਜ ਕਵਿਤਾਵਾਂ ਵੀ ਬਾਲ ਮਨਾਂ ਨੂੰ ਅਨੰਦਿਤ ਕਰਨ ਦੇ ਨਾਲ ਨਾਲ ਉਸਾਰੂ ਸੰਦੇਸ਼ ਵੀ ਦਿੰਦੀਆਂ ਹਨ। ਇਸ ਪੁਸਤਕ ਤੇ ਪਹਿਲਾ ਪਰਚਾ ਬਾਲ ਸਾਹਿਤਕਾਰ ਮਹਿੰਦਰ ਸਿੰਘ ਮਾਨੂੰਪੁਰੀ ਨੇ ਪੜ੍ਹਿਆ, ਉਨ੍ਹਾਂ ਕਿਹਾ ਕਿ ਇਸ ਪੁਸਤਕ ਵਿੱਚ ਦਰਜ ਕਵਿਤਾਵਾਂ ਬਾਲਾਂ ਨੂੰ ਆਪਣੇ ਨਾਲ ਨਾਲ ਤੋਰਦੀਆਂ ਹੋਈਆਂ ਉਨ੍ਹਾਂ ਵਿੱਚ ਹੋਰ ਅੱਗੇ ਪੜ੍ਹਨ ਦੀ ਚੇਸ਼ਟਾ ਵੀ ਪੈਦਾ ਕਰਦੀਆਂ ਹਨ। ਮਾ. ਮੇਘ ਦਾਸ ਵੱਲੋਂ ਲਿਖੀਆਂ ਇਹ ਕਵਿਤਾਵਾਂ ਬਾਲਾਂ ਦੇ ਬੌਧਿਕ ਪੱਧਰ ਨੂੰ ਧਿਆਨ ਵਿੱਚ ਰੱਖਕੇ ਲਿਖੀਆਂ ਗਈਆਂ ਹਨ। ਛੋਟੀ ਬਹਿਰ ਅਤੇ ਸਰਲ ਭਾਸ਼ਾ ਵਿੱਚ ਰਚੀਆਂ ਇਹ ਕਵਿਤਾਵਾਂ ਬਾਲਾਂ ਨੂੰ ਪਸ਼ੂ, ਪੰਛੀਆਂ ਅਤੇ ਰੁੱਖਾਂ ਪ੍ਰਤੀ ਮੋਹ ਕਰਨ ਦਾ ਬੜੇ ਸਹਿਜ ਢੰਗ ਨਾਲ ਸੁਨੇਹਾ ਦਿੰਦੀਆਂ ਹਨ। ਉਨ੍ਹਾਂ ਪਰਚੇ ਵਿੱਚ ਅਜੋਕੇ ਸਮੇਂ ਦਾ ਇੱਕ ਅਹਿਮ ਸਵਾਲ ਉਠਾਦਿਆਂ ਕਿਹਾ ਕਿ ਅੱਜ ਵਾਤਾਵਰਨ ਤੇ ਪਾਣੀ ਸੰਭਾਲ ਜਿਹੇ ਮੁੱਦੇ ਸਾਨੂੰ ਨਿੱਠ ਕੇ ਉਭਾਰਨੇ ਚਾਹੀਦੇ ਹਨ, ਜਿਨ੍ਹਾਂ ਦਾ ਜਿਕਰ ਮਾ. ਮੇਘ ਦਾਸ ਨੇ ਆਪਣੀਆਂ ਕਵਿਤਾਵਾਂ ਵਿੱਚ ਕੀਤਾ ਹੈ। ਇਸ ਮੁੱਦੇ ਦੀ ਅਹਿਮੀਅਤ ਜਿੱਥੇ ਬਾਲ ਮਨਾਂ ਵਿੱਚ ਸ਼ੁਰੂ ਕਰਨੀ ਹੋਵੇਗੀ, ਉੱਥੇ ਵੱਡਿਆਂ ਨੂੰ ਵੀ ਇਸ ਤੇ ਗੰਭੀਰਤਾ ਨਾਲ ਕੰਮ ਕਰਨ ਦੀ ਲੋੜ ਹੈ। ਪੁਸਤਕ ਤੇ ਦੂਜਾ ਪਰਚਾ ਉੱਘੇ ਕਹਾਣੀਕਾਰ ਸੁਖਜੀਤ ਮਾਛੀਵਾੜਾ ਨੇ ਪੜ੍ਹਿਆ। ਉਨ੍ਹਾਂ ਕਿਹਾ ਕਿ ਪੁਸਤਕ ਵਿੱਚ ਦਰਜ ਕਵਿਤਾਵਾਂ ਅਤੇ ਬਾਲ ਗੀਤ ਸਹਿਜੇ ਹੀ ਬਾਲਾਂ ਦੀ ਜ਼ੁਬਾਨ ਤੇ ਚੜ੍ਹਨ ਵਾਲੇ ਹਨ। ਕਵਿਤਾਵਾਂ ਵਿੱਚ ਕਵੀ ਨੇ ਬੱਚਿਆਂ ਲਈ ਖੁਸ਼ੀ ਦੇ ਮੌਕੇ ਜਿਵੇਂ ਵਿਆਹ, ਹੋਲੀ ਅਤੇ ਮੇਲੇ ਜਿਹੇ ਦ੍ਰਿਸ਼ਾਂ ਨੂੰ ਕਾਵਿ ਰੰਗ ਵਿੱਚ ਬਾਖੂਬੀ ਰੰਗਿਆ ਹੈ। ਉਨ੍ਹਾਂ ਅੱਗੇ ਕਿਹਾ ਕਿ ਮਾਂ ਦੀ ਮਹੱਤਤਾ ਕੇਵਲ ਬਾਲਾਂ ਲਈ ਹੀ ਜਰੂਰੀ ਨਹੀਂ, ਸਗੋਂ ਬਾਕੀਆਂ ਦੇ ਸਾਰੇ ਜੀਵਨ ਵਿੱਚ ਵੀ ਮਹੱਤਵਪੂਰਨ ਹੁੰਦੀ ਹੈ, ਪਰ ਅਫਸੋਸ ਹੈ ਕਿ ਅੱਜ ਦੇ ਨੌਜਵਾਨ ਨੂੰ ਬਜ਼ਾਰ ਦੇ ਮਾਰੂ ਪ੍ਰਭਾਵਾਂ ਨੂੰ ਕਬੂਲਦੇ ਹੋਏ ਬਰਾਂਡਿਡ ਕੱਪੜੇ, ਮੋਟਰ ਸਾਈਕਲ ਅਤੇ ਮਹਿੰਗੇ ਮੋਬਾਇਲ ਖਰੀਦਣ ਲਈ ਮਾਂ ਨੂੰ ਇੱਕ ਜ਼ਰੀਆ ਬਣਾ ਲਿਆ ਹੈ। ਅੱਜ ਦਾ ਨੌਜਵਾਨ ਇਹ ਚੀਜਾਂ ਦੀ ਮੰਗ ਪਿਤਾ ਤੋਂ ਕਰਨ ਦੀ ਬਜਾਏ ਆਪਣੀ ਮਾਂ ਤੋਂ ਕਰਦਾ ਹੈ। ਇਸ ਤੇ ਜਰੂਰ ਵਿਚਾਰ ਹੋਣੀ ਚਾਹੀਦੀ ਹੈ।
ਤੀਜਾ ਪਰਚਾ ਸਾਹਿਤਕਾਰ ਰਘਵੀਰ ਸਿੰਘ ਭਰਤ ਵੱਲੋਂ ਪੜ੍ਹਿਆ ਗਿਆ। ਪਰਚੇ ਵਿੱਚ ਉਨ੍ਹਾਂ ਕਿਹਾ ਕਿ ਮਾ. ਮੇਘ ਦਾਸ ਜਵੰਦਾ ਜਿੱਥੇ ਸਿੱਖਿਆ ਨੂੰ ਸਮਰਪਿਤ ਅਤੇ ਸਮਰੱਥ ਅਧਿਆਪਕ ਹੈ, ਉੱਥੇ ਉਸਨੇ ਦੋ ਬਾਲ ਕਾਵਿ ਸੰਗ੍ਰਹਿ ਦੀ ਰਚਨਾ ਕਰਕੇ ਬਾਲ ਸਾਹਿਤ ਵਿੱਚ ਆਪਣਾ ਯੋਗਦਾਨ ਪਾਇਆ ਹੈ। ਉਨ੍ਹਾਂ ਮਾ. ਮੇਘ ਦਾਸ ਨੂੰ ਸਾਹਿਤ ਦੀਆਂ ਹੋਰ ਸਿਨਫ਼ਾਂ ਵਿੱਚ ਬਾਲ ਸਾਹਿਤ ਦੀ ਰਚਨਾ ਕਰਨ ਦਾ ਅਹਿਮ ਮਸ਼ਵਰਾ ਵੀ ਦਿੱਤਾ। ਪਰਚਿਆਂ ਤੇ ਬਹਿਸ ਵਿੱਚ ਡਾ. ਹਰਦੀਪ ਸ਼ਾਹੀ, ਬਾਬੂ ਸਿੰਘ ਚੌਹਾਨ, ਹਰਬੰਸ ਸਿੰਘ ਪੰਧੇਰ, ਮਾ. ਰਾਮ ਰਤਨ, ਕੁਲਵੰਤ ਤਰਕ, ਐਡਵੋਕੇਟ ਨਰਿੰਦਰ ਸ਼ਰਮਾ ਅਤੇ ਅਧਿਆਪਕ ਚੇਤਨਾ ਮੰਚ ਦੇ ਪ੍ਰਧਾਨ ਲੈਕ: ਵਿਜੈ ਕੁਮਾਰ ਸ਼ਰਮਾ ਨੇ ਭਾਗ ਲਿਆ। ਮਾ. ਮੇਘ ਦਾਸ ਵੱਲੋਂ ਬਹਿਸ ਵਿੱਚ ਉੱਠੇ ਸਵਾਲਾਂ ਦੇ ਜਵਾਬ ਦਿੱਤੇ। ਸਮਾਗਮ ਦੇ ਮੁੱਖ ਮਹਿਮਾਨ ਡਾ. ਦਰਸ਼ਨ ਸਿੰਘ ਆਸ਼ਟ ਨੇ ਆਪਣੇ ਭਾਸ਼ਣ ਵਿੱਚ ਕਿਹਾ ਕਿ ਮਾ. ਮੇਘ ਦਾਸ ਜਵੰਦਾ ਦੀਆਂ ਕਵਿਤਾਵਾਂ ਬਾਲਾਂ ਦੇ ਚਾਵਾਂ, ਮਲਾਰਾਂ, ਉਮੰਗਾਂ, ਖੁਸ਼ੀਆਂ ਅਤੇ ਭਾਵਨਾਵਾਂ ਦੀਆਂ ਤਰਜ਼ਮਾਨੀ ਕਰਦੀਆਂ ਹਨ। ਇਹ ਕਵਿਤਾਵਾਂ ਸਰਲਤਾ, ਸਹਿਜ਼ ਅਤੇ ਸੁਹਜ਼ ਜਿਹੇ ਗੁਣਾਂ ਨਾਲ ਲਬਰੇਜ਼ ਹਨ। ਉਨ੍ਹਾਂ ਅੱਗੇ ਕਿਹਾ ਕਿ ਇਸ ਕਾਵਿ ਸੰਗ੍ਰਹਿ ਵਿੱਚ ਪੁਰਾਣੀਆਂ ਬਾਲ ਕਹਾਣੀਆਂ ਨੂੰ ਮੇਘ ਦਾਸ ਨੇ ਅਧੁਨਿਕ ਰੂਪ ਵਿੱਚ ਢਾਲ ਕੇ ਕਾਵਿ ਕਹਾਣੀਆਂ ਦੇ ਰੂਪ ਵਿੱਚ ਬੜੇ ਹੀ ਸੁੰਦਰ ਢੰਗ ਨਾਲ ਪੇਸ਼ ਕੀਤਾ ਹੈ, ਜੋ ਕਿ ਬੱਚਿਆਂ ਨੂੰ ਆਪਣੇ ਨਾਲ ਜੋੜਨ ਵਿੱਚ ਸਮਰੱਥ ਹਨ। ਉਨ੍ਹਾਂ ਨੇ ਸਮਾਗਮ ਵਿੱਚ ਹਾਜ਼ਰ ਬੱਚਿਆਂ ਨਾਲ ਸੰਵਾਦ ਰਚਾ ਕੇ ਸਕੂਲ ਪਾਠਕ੍ਰਮ ਵਿੱਚ ਉਨ੍ਹਾਂ ਵੱਲੋਂ ਅਧੁਨਿਕ ਪਰਿਪੇਖ ਵਿੱਚ ਰੱਖਕੇ ਲਿਖੀਆਂ ਕਹਾਣੀਆਂ, ਕਵਿਤਾਵਾਂ ਬਾਰੇ ਵੀ ਜਾਣਕਾਰੀ ਸਾਂਝੀ ਕੀਤੀ। ਉਨ੍ਹਾਂ ਕਿਹਾ ਬਾਲ ਸਾਹਿਤਕਾਰਾਂ ਨੂੰ ਬਾਲਾਂ ਦੇ ਉਮਰ ਗੁੱਟ ਨੂੰ ਧਿਆਨ ਵਿੱਚ ਰੱਖਕੇ ਹੀ ਰਚਨਾ ਕਰਨੀ ਚਾਹੀਦੀ ਹੈ। ਸਭਾ ਵੱਲੋਂ ਮੁੱਖ ਮਹਿਮਾਨ ਨੂੰ ਸ਼ਾਲ ਅਤੇ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਵੀ ਕੀਤਾ ਗਿਆ।
ਅੰਤ ਵਿੱਚ ਸਭਾ ਦੇ ਸਰਪ੍ਰਸਤ ਪ੍ਰੋ. ਬਲਦੀਪ ਸਿੰਘ ਨੇ ਸਮਾਗਮ ਵਿੱਚ ਹਾਜਰ ਸਭ ਦਾ ਧੰਨਵਾਦ ਕੀਤਾ ਇਸ ਸਮਾਗਮ ਵਿੱਚ ਹੋਰਨਾਂ ਤੋਂ ਇਲਾਵਾ ਸੋਮ ਸਹੋਤਾ ਰਾਬਤਾ ਟੀ. ਵੀ. ਅਸਟ੍ਰੇਲੀਆ, ਪ੍ਰਿੰਸੀਪਲ ਅਮਰ ਸਿੰਘ ਲੁਧਿਆਣਾ, ਪ੍ਰਿੰਸੀਪਲ ਗੁਰਦੀਪ ਸਿੰਘ ਰਾਏ (ਸਟੇਟ ਐਵਾਰਡੀ), ਹਰਜਿੰਦਰ ਸਿੰਘ ਬਾਬੂ, ਕਹਾਣੀਕਾਰ ਮੁਖਤਿਆਰ ਸਿੰਘ, ਪਰਮਜੀਤ ਸਿਹੌੜਾ, ਲਾਭ ਸਿੰਘ ਬੇਗੋਵਾਲ, ਸੁਖਚੈਨ ਸਿੰਘ ਮਾਂਗਟ, ਸੱਜਣ ਸਿੰਘ, ਮਨਪ੍ਰੀਤ ਸਿੰਘ, ਭੋਲਾ ਦਿਆਲਪੁਰੀਆ, ਸੰਤੋਖ ਸਿੰਘ ਕੋਟਾਲਾ, ਮਨਜਿੰਦਰ ਸਿੰਘ ਨਾਗਰਾ, ਮਾ. ਅਮਰੀਕ ਸਿੰਘ, ਸੰਜੀਵ ਕੁਮਾਰ, ਸਮਸ਼ੇਰ ਸਿੰਘ ਸ਼ੇਰ, ਜੋਗਿੰਦਰ ਸਿੰਘ ਜੋਸ਼ ਸਰਪ੍ਰਸਤ, ਬਲਬੀਰ ਸਿੰਘ ਬੱਬੀ ਤੱਖਰਾਂ, ਮੈਨੇਜਰ ਕਰਮ ਚੰਦ, ਨੇਤਰ ਸਿੰਘ ਮੁਤਿਓਂ, ਪ੍ਰੇਮ ਨਾਥ ਮੁੱਖ ਅਧਿਆਪਕ, ਰਘਵੀਰ ਸਿੱਧੂ, ਮਾ. ਪੁਖਰਾਜ ਸਿੰਘ ਘੁਲਾਲ, ਉੱਘੇ ਰੰਗਕਰਮੀ ਰਾਜਵਿੰਦਰ ਸਿੰਘ ਸਮਰਾਲਾ ਅਕਸ ਰੰਗਮੰਚ, ਸੰਦੀਪ ਕੌਰ ਗਰੇਵਾਲ, ਹਰਪਿੰਦਰ ਕੌਰ, ਉਪਿੰਦਰਜੀਤ ਕੌਰ, ਸੁਮਨ ਬਾਲਾ, ਮੈਡਮ ਜਗਦੀਸ਼ ਕੌਰ, ਮੈਡਮ ਅਮਰਜੀਤ ਕੌਰ, ਮਾ. ਬਲਵੀਰ ਸਿੰਘ, ਮਾ. ਜਸਵਿੰਦਰ ਸਿੰਘ, ਦਰਸ਼ਨ ਸਿੰਘ ਕੰਗ, ਪ੍ਰੇਮ ਸਾਗਰ ਸ਼ਰਮਾ, ਗੁਰਚਰਨ ਸਿੰਘ, ਹਰਪ੍ਰੀਤ ਸਿੰਘ, ਜੈਦੀਪ ਮੈਨਰੋ, ਨੌਬੀ ਸੋਹਲ, ਨਰਿੰਦਰ ਮਣਕੂ, ਇੰਦਰਜੀਤ ਸਿੰਘ ਕੰਗ, ਡਾ. ਹਰਜਿੰਦਰ ਪਾਲ ਸਿੰਘ, ਜਸਵਿੰਦਰ ਸੋਫਤ, ਤਸਵਿੰਦਰ ਬੜੈਚ, ਲੈਕ: ਅਵਤਾਰ ਸਿੰਘ, ਲਖਵਿੰਦਰਪਾਲ ਸਿੰਘ ਖਾਲਸਾ, ਸੁਖਜੀਤ ਸਿੰਘ ਰਾਮਪੁਰ, ਜੋਗਿੰਦਰ ਸਿੰਘ ਬਿੱਲੂ ਬਹਿਲੋਲਪੁਰ, ਮਨਦੀਪ ਮਾਣਕੀ, ਜਗਦੀਸ਼ ਗਰੇਵਾਲ, ਲੈਕ: ਸਵਰਨ ਸਿੰਘ, ਕਰਮਜੀਤ ਬਾਸੀ ਆਦਿ ਹਾਜਰ ਸਨ। ਇਸ ਸਾਰੇ ਸਮਾਗਮ ਦੀ ਕਾਰਵਾਈ ਸੰਦੀਪ ਤਿਵਾੜੀ ਅਤੇ ਜਗਦੀਸ਼ ਨੀਲੋਂ ਨੇ ਬਾਖੂਬੀ ਨਿਭਾਈ।

Check Also

ਖਾਲਸਾ ਕਾਲਜ ਗਰਲਜ਼ ਸੀ: ਸੈਕੰ: ਸਕੂਲ ਦੀ ਵਿਦਿਆਰਥਣ ਨੇ ਨਗਦ ਇਨਾਮ ਪ੍ਰਾਪਤ ਕੀਤਾ

ਅੰਮ੍ਰਿਤਸਰ, 5 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਗਵਰਨਿੰਗ ਕੌਸਲ ਅਧੀਨ ਖਾਲਸਾ ਕਾਲਜ ਗਰਲਜ਼ …

Leave a Reply