Sunday, October 18, 2026

ਮੂਲ ਨਾਨਕਸ਼ਾਹੀ ਕੈਲੰਡਰ ਅਨੁਸਾਰ ਮਨਾਇਆ ਗੁਰੂ ਰਾਮਦਾਸ ਜੀ ਦਾ ਪ੍ਰਕਾਸ਼ ਪੁਰਬ

PPN1110201506

ਅੰਮ੍ਰਿਤਸਰ, 11 ਅਕਤੂਬਰ (ਜਗਦੀਪ ਸਿੰਘ ਸੱਗੂ) ਅਕਾਲ ਪੁਰਖ ਕੀ ਫੌਜ ਅਤੇ ਪੰਥਕ ਤਾਲਮੇਲ ਸੰਗਠਨ ਵੱਲੋ ਜਿਥੇ ਅੰਮ੍ਰਿਤਸਰ ਵਿਖੇ ਮੂਲ ਨਾਨਕਸ਼ਾਹੀ ਕੈਲੰਡਰ ਅਨੁਸਾਰ ਗੁਰੁ ਰਾਮਦਾਸ ਜੀ ਦਾ ਪ੍ਰਕਾਸ਼ ਪੁਰਬ ਮਨਾਇਆ ਗਿਆ, ਉਥੇ ਫਤਹਿ ਫਾਉਂਡੇਸ਼ਨ ਅਤੇ ਰਤਨ ਇੰਸਟੀਚਿਊੇਟ ਆਫ ਐਜੁਕੇਸ਼ਨ ਵੱਲੋਂ ਮੂਲ ਨਾਕਸ਼ਾਹੀ ਕੈਲੰਡਰ 2013 ਦੇ ਅਧਾਰ ‘ਤੇ ਸਥਾਨਕ ਸੁਲਤਾਨਵਿੰਡ ਰੋਡ ਵਿਖੇ ਗੁਰੂ ਰਾਮਦਾਸ ਜੀ ਦਾ ਪ੍ਰਕਾਸ਼ ਦਿਹਾੜਾ ਸ਼ਰਧਾ ਸਹਿਤ ਮਨਾਏ ਜਾਣ ਦੀ ਖਬਰ ਹੈ।ਗੁਰਪੁਰਬ ਸਬੰਧੀ ਅਯੋਜਿਤ ਕੀਤੇ ਗਏ ਗੁਰਮਤਿ ਸਮਾਗਮ ਦੌਰਾਨ ਪਹਿਲਾਂ ਸਹਿਜ ਪਾਠ ਦੇ ਭੋਗ ਪਾਏ ਗਏ, ਜਿਸ ਉਪਰੰਤ ਭਾਈ ਦਲਜੀਤ ਸਿੰਘ ਲਾਲਪੁਰਾ, ਭਾਈ ਗੁਰਿਦੰਰਬੀਰ ਸਿੰਘ, ਭਾਈ ਪਵਿੱਤਰਜੀਤ ਸਿੰਘ ਦੇ ਰਾਗੀ ਜੱਥਿਆਂ ਨੇ ਸੰਗਤਾਂ ਨੂੰ ਗੁਰਬਾਣੀ ਕੀਰਤਨ ਦੁਆਰਾ ਨਿਹਾਲ ਕੀਤਾ।ਇਸ ਸਮੇਂ ਫਤਹਿ ਫਾਉਂਡੇਸ਼ਨ ਦੇ ਨੌਜਵਾਨ ਆਗੂ ਇਕਵਾਕ ਸਿੰਘ ਪੱਟੀ ਨੇ ਹਾਜਰ ਸੰਗਤਾਂ ਨਾਲ ਵਿਚਾਰ ਸਾਂਝੇ ਕਰਦਿਆਂ ਕਿਹਾ ਕਿ ਸਮੁੱਚੇ ਸਿਖ ਪੰਥ ਨੂੰ ਮੂਲ ਨਾਨਕਸ਼ਾਹੀ ਕੈਲੰਡਰ ਅਨੁਸਾਰ ਹੀ ਗੁਰੂ ਸਾਹਿਬਾਨਾਂ ਦੇ ਪੁਰਬ ਅਤੇ ਹੋਰ ਇਤਿਹਾਸਕ ਦਿਹਾੜੇ ਮਨਾਉਣੇ ਚਾਹੀਦੇ ਹਨ ਤਾਂ ਜੋ ਕਿਸੇ ਵੀ ਤਰ੍ਹਾਂ ਦੇ ਬਿਪਰਵਾਦੀ ਕੈਲੰਡਰ ਨੂੰ ਮਾਨਤਾ ਨਾ ਦਿੱਤੀ ਜਾ ਸਕੇ, ਉਹਨਾਂ ਕਿਹਾ ਕਿ ਭਾਵੇਂ ਸ੍ਰੀ ਅਕਾਲ ਤਖ਼ਤ ਸਾਹਿਬ ਅਤੇ ਸ੍ਰੌਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਿੱਖਾਂ ਦੀਆਂ ਸਿਰਮੌਰ ਸੰਸਥਾਵਾਂ ਹਨ, ਪਰ ਮੌਜੂਦਾ ਦੌਰ ਵਿੱਚ ਇਹ ਸੰਸਥਾਵਾਂ ਸਿਆਸੀ ਪ੍ਰਭਾਵ ਅਧੀਨ ਕੰਮ ਕਰ ਰਹੀਆਂ ਹਨ, ਜਿਸ ਕਰਕੇ ਸਿੱਖ ਸੰਗਤਾਂ ਗੁਰਮਤਿ ਸਿਧਾਂਤਾਂ ਅਤੇ ਗੁਰਮਤਿ ਵਿਚਾਰਧਾਰਾ ਨੂੰ ਪਹਿਲ ਦੇਣ ਲੱਗ ਪਈਆਂ ਹਨ ਜੋ ਕਿ ਸਿੱਖੀ ਦੇ ਉਜਵਲ ਭਵਿੱਖ ਲਈ ਬਹੁਤ ਵਧੀਆ ਗੱਲ ਹੈ।ਇਸ ਮੌਕੇ ਵੱਡੀ ਗਿਣਤੀ ‘ਚ ਸੰਗਤਾਂ ਤੋਂ ਇਲਾਵਾ ਸ. ਭੁਪਿੰਦਰ ਸਿੰਘ, ਸ. ਸਰਬਜੀਤ ਸਿੰਘ, ਸ. ਅਮਨਦੀਪ ਸਿੰਘ, ਸ. ਜਤਿੰਦਰਪਾਲ ਸਿੰਘ, ਸ. ਕਰਨਦੀਪ ਸਿੰਘ ਆਦਿ ਸਖਸ਼ੀਅਤਾਂ ਹਾਜ਼ਰ ਸਨ।

Leave a Reply