
ਅੰਮ੍ਰਿਤਸਰ, 17 ਅਕਤੂਬਰ (ਗੁਰਚਰਨ ਸਿੰਘ, ਜਗਦੀਪ ਸਿੰਘ ਸੱਗੂ) – ਰਾਮ ਰਹੀਮ ਨੂੰ ਦਿਤੀ ਮੁਆਫੀ ਤੋਂ ਬਾਅਦ ਪੰਜਾਬ ਵਿੱਚ ਜੋ ਘਟਨਾਕ੍ਰਮ ਚੱਲਿਆ, ਉਸ ਨਾਲ ਸਿੱਖਾਂ ਦੇ ਮਨਾਂ ‘ਚ ਕਾਫੀ ਰੋਸ ਪੈਦਾ ਹੋਇਆ ਅਤੇ ਇਸ ਦਾ ਪ੍ਰਗਟਾਵਾ ਸਿੱਖ ਜਥੇਬੰਦੀਆਂ ਅਤੇ ਸਿਆਸੀ ਪਾਰਟੀਆਂ ਵਲੋਂ ਆਪੋ ਆਪਣੇ ਢੰਗ ਨਾਲ ਕੀਤਾ ਗਿਆ।ਇਸੇ ਦੌਰਾਨ ਫਰੀਦਕੋਟ ਦੇ ਪਿੰਡ ਬਰਗਾੜੀ ਵਿੱਚ ਗੁਰੁ ਗ੍ਰੰਥ ਸਾਹਿਬ ਦੇ ਖਿਲਾਰੇ ਗਏ ਪਾਵਨ ਅੰਗਾਂ ਸਬੰਧੀ ਵਾਪਰੀ ਘਟਨਾ ਨੇ ਸਿੱਖਾਂ ਦੇ ਰੋਸ ਨੂੰ ਹੋਰ ਵਧਾ ਦਿੱਤਾ ਅਤੇ ਉਹ ਸੜਕਾਂ ‘ਤੇ ਉਤਰ ਆਏ।ਇਸੇ ਦੌਰਾਨ ਕਈ ਸ਼੍ਰੋਮਣੀ ਕਮੇਟੀ ਮੈਂਬਰਾਂ ਤੇ ਅਕਾਲੀ ਆਗੂਆਂ ਨੇ ਪੰਜਾਬ ਸਰਕਾਰ ਤੇ ਪ੍ਰਸਾਸ਼ਨ ਦੇ ਗੈਰ ਜਿੰਮੇਵਾਰਾਨਾ ਰਵੱਈਏ ਦੇ ਖਿਲਾਫ ਨਾ ਸਿਰਫ ਰੋਸ ਦਾ ਪ੍ਰਗਟਾਵਾ ਕੀਤਾ, ਬਲਕਿ ਆਪਣੇ ਅਹੁਦਿਆਂ ਤੋਂ ਅਸਤੀਫੇ ਵੀ ਦੇ ਦਿੱਤੇ। ਇਸ ਤਰਾਂ ਕੁੱਝ ਪਿੰਡਾਂ ਦੀਆਂ ਪੰਚਾਇਤਾਂ ਨੇ ਵੀ ਆਪਣੇ ਇੱਕ ਮਤ ਹੋ ਕੇ ਵਸਨੀਕਾਂ ‘ਤੇ ਪੁਲਿਸ ਵਲੋਂ ਢਾਹੇ ਗਏ ਕਹਿਰ ਦੇ ਮੱਦਨਜਰ ਅਸਤੀਫੇ ਸੌਂਪੇ।ਅਸਤੀਫਿਆਂ ਦਾ ਇਹ ਸਿਲਸਲਿਾ ਅਜੇ ਵੀ ਜਾਰੀ ਹੈ ਅਤੇ ਅੱਜ ਦਿਲਬਾਗ ਸਿੰਘ ਸੁਲਤਾਨਵਿੰਡ ਪੁੱਤਰ ਪਿਆਰਾ ਸਿੰਘ ਨੇ ਬਲਾਕ ਸੰਮਤੀ ਮੈਂਬਰ ਵਣਚਿੜੀ ਤੋਂ ਆਪਣਾ ਅਸਤੀਫਾ ਦੇਣ ਦਾ ਐਲਾਨ ਜੀ.ਟੀ ਰੋਡ ਬਾਈਪਾਸ ‘ਤੇ ਕੀਤੇ ਗਏ ਰੋਸ ਪ੍ਰਦਰਸ਼ਨ ਦੌਰਾਨ ਹਾਜਰ ਸੰਗਤਾਂ ਦੇ ਸਨਮੁੱਖ ਕੀਤਾ।ਇਸ ਮੌਕੇ ਦਿਲਬਾਗ ਸਿੰਘ ਨੇ ਕਿਹਾ ਕਿ ਉਨਾਂ ਦਾ ਪਰਿਵਾਰ ਅੰਮ੍ਰਿਤਧਾਰੀ ਪਰਿਵਾਰ ਹੈ ਅਤੇ ਕੁੱਝ ਸਮੇਂ ਤੋਂ ਪੰਜਾਬ ਵਿੱਚ ਵਾਪਰ ਰਹੀਆਂ ਘਟਨਾਵਾਂ ਤੋਂ ਉਹ ਕਾਫੀ ਪ੍ਰੇਸ਼ਾਨ ਸਨ ਅਤੇ ਅੱਜ ਅਸਤੀਫਾ ਦੇ ਕੇ ਉਨਾਂ ਨੇ ਆਪਣਾ ਮਨ ਹੌਲਾ ਕੀਤਾ ਹੈ।ਉਨਾਂ ਕਿਹਾ ਕਿ ਸਰਕਾਰ ਤੇ ਪ੍ਰਸਾਸ਼ਨ ਵਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸਰੂਪਾਂ ਦੀ ਹੋ ਰਹੀ ਬੇਅਦਬੀ ਨੂੰ ਗੰਭੀਰਤਾ ਨਾਲ ਨਹੀਂ ਲਿਆ ਜਾ ਰਿਹਾ, ਜਿਸ ਕਰਕੇ ਸ਼ਰਾਰਤੀ ਅਨਸਰਾਂ ਦੇ ਹੌਸਲੇ ਬੁਲੰਦ ਹੋ ਰਹੇ ਹਨ।ਇਸ ਸਮੇਂ ਵਿਜੇਪਾਲ ਸਿੰਘ ਸਮੇਤ ਉਥੇ ਹਾਜਰ ਸਮੂਹ ਸੰਗਤਾਂ ਨੇ ਦਿਲਬਾਗ ਸਿੰਘ ਸੁਲਤਾਨਵਿੰਡ ਵਲੋਂ ਕੀਤੇ ਗਏ ਐਲਾਨ ਦੀ ਸ਼ਲਾਘਾ ਕੀਤੀ।
Punjab Post Daily Online Newspaper & Print Media