Tuesday, March 24, 2026

ਦਿੱਲੀ ਕਮੇਟੀ ਨੇ 1984 ਸਿੱਖ ਕਤਲੇਆਮ ਦੇ ਇਨਸਾਫ ਮੁਹਿੰਮ ਵਿੱਚ ਫੂਲਕਾ ਦੀ ਭੂਮਿਕਾ ਨੂੰ ਸ਼ੱਕੀ ਦੱਸਿਆ

PPN0712201507

ਨਵੀਂ ਦਿੱਲੀ, 7 ਦਸੰਬਰ (ਅੰਮ੍ਰਿਤ ਲਾਲ ਮੰਨਣ)- ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਅੱਜ ਸੀਨੀਅਰ ਵਕੀਲ ਹਰਵਿੰਦਰ ਸਿੰਘ ਫੂਲਕਾ ਦੀ ਕਾਰਜਪ੍ਰਣਾਲੀ ਤੇ ਸਵਾਲਿਆ ਨਿਸ਼ਾਨ ਲਗਾਉਂਦੇ ਹੋਏ ਫੂਲਕੇ ਦੀ ਮੌਜ਼ੂਦਗੀ ਵਾਲੇ ਅਹਿਮ ਕੇਸਾ ਵਿਚ ਅਰੋਪੀਆਂ ਨੂੰ ਮਿਲਿਆਂ ਵੱਡੀਆਂ ਰਾਹਤਾ ਦਾ ਵੀ ਖੁਲਾਸਾ ਕੀਤਾ ਗਿਆ।ਕਮੇਟੀ ਪ੍ਰਧਾਨ ਮਨਜੀਤ ਸਿੰਘ ਜੀ.ਕੇ. ਅਤੇ ਜਨਰਲ ਸਕੱਤਰ ਮਨਜਿੰਦਰ ਸਿੰਘ ਸਿਰਸਾ ਨੇ ਪ੍ਰੈਸ ਕਾਨਫਰੰਸ ਦੌਰਾਨ ਫੂਲਕਾ ਦੀ ਭੂਮਿਕਾ ਨੂੰ ਸ਼ੱਕੀ ਕਰਾਰ ਦਿੰਦੇ ਹੋਏ ਕੌਮ ਨੂੰ ਗੁਮਰਾਹ ਕਰਨ ਦਾ ਵੀ ਫੂਲਕਾ ਤੇ ਦੋਸ਼ ਲਗਾਇਆ ਹੈ।
ਜੀ.ਕੇ. ਨੇ 2007 ਤੋਂ ਉਕਤ ਕੇਸਾ ਵਿਚ ਕੌਮ ਨੂੰ ਝੱਲਣੀ ਪੈ ਰਹੀ ਨਾਕਾਮੀ ਦਾ ਜ਼ਿਕਰ ਕਰਦੇ ਹੋਏ ਇਸ ਮਸਲੇ ਤੇ ਕੀਤੀ ਗਈ ਘੋਖ ਦੇ ਨਤੀਜਿਆਂ ਨੂੰ ਵੀ ਜਨਤਕ ਕੀਤਾ। ਜੀ.ਕੇ ਨੇ ਕਿਹਾ ਕਿ ਜਦੋਂ ਅਸੀਂ ਇਸ ਸਬੰਧ ਵਿਚ ਰਿਟਾਇਰਡ ਜਸਟਿਸ ਆਰ.ਐਸ.ਸੋਢੀ ਨਾਲ ਮੁਲਾਕਾਤ ਦੌਰਾਨ ਇਹਨਾਂ ਨਾਕਾਮੀਆਂ ਦੇ ਕਾਰਨਾਂ ਦੇ ਬਾਰੇ ਪੁੱਛਿਆ ਤਾਂ ਉਹਨਾਂ ਨੇ ਸਾਨੂੰ ਇਨ੍ਹਾਂ ਕੇਸਾ ਨੂੰ ਲੜਨ ਦੀ ਯੋਜਨਾ ਨੂੰ ਬਦਲ ਕੇ ਦਿੱਲੀ ਕਮੇਟੀ ਨੂੰ ਆਪ ਪਟੀਸ਼ਨਰ ਦੇ ਤੌਰ ਤੇ ਕੇਸਾ ਵਿਚ ਹਿੱਸਾ ਬਣਨ ਦੀ ਸਲਾਹ ਦਿੱਤੀ। ਜਿਸਤੋਂ ਬਾਅਦ ਕਮੇਟੀ ਵੱਲੋਂ ਬਿਨਾਂ ਫੂਲਕਾ ਨੂੰ ਦੱਸੇ ਜਗਦੀਸ਼ ਟਾਈਟਲਰ ਦੇ ਖਿਲਾਫ ਕੜਕੜਡੂਮਾ ਕੋਰਟ ਵਿੱਚ ਚਲ ਰਹੇ ਕੇਸ ਵਿੱਚ ਸੀ.ਬੀ.ਆਈ. ਕੋਲ 10 ਨਵੰਬਰ ਨੂੰ ਜਾਂਚ ਦੇ ਦੌਰਾਨ ਰਹਿ ਗਏ ਤੱਥਾ ਦੀ ਜਾਣਕਾਰੀ ਦੇਣ ਵਾਲੀ ਅਰਜੀ ਲਗਾਈ ਗਈ ਜਿਸਤੇ ਸੀ.ਬੀ.ਆਈ. ਨੇ 17 ਨਵੰਬਰ ਨੂੰ ਕੋਰਟ ਵਿਚ ਦਿੱਤੇ ਆਪਣੇ ਹਲਫਨਾਮੇ ਵਿੱਚ ਜਾਂਚ ਵਿਚ ਖਾਮਿਆਂ ਨੂੰ ਮੰਨਦੇ ਹੋਏ ਮੁੜ੍ਹ ਤੋਂ ਪੜਤਾਲ ਕਰਨ ਦੀ ਗੱਲ ਕਹੀ। ਜੀ.ਕੇ. ਨੇ ਕਿਹਾ ਕਿ ਫੂਲਕਾ 16 ਨਵੰਬਰ ਦੀ ਸ਼ਾਮ ਨੂੰ ਇਸ ਕੇਸ ਵਿੱਚ 17 ਨਵੰਬਰ ਨੂੰ ਟਾਈਟਲਰ ਨੂੰ ਮੁੜ੍ਹ ਤੋਂ ਕਲੀਨ ਚਿੱਟ ਮਿਲਣ ਦਾ ਦਾਅਵਾ ਮੀਡੀਆ ਨੂੰ ਜ਼ਾਰੀ ਪ੍ਰੈਸ ਰਿਲੀਜ਼ਵਿੱਚ ਕਰ ਚੁੱਕੇ ਸੀ।ਪਰ ਕਮੇਟੀ ਦੀ ਬਦਲੀ ਰਣਨੀਤੀ ਨੇ ਕੌਮ ਨੂੰ ਨਮੋਸ਼ੀ ਮਿਲਣ ਦੇ ਬਦਲੇ ਖੁਸ਼ੀ ਦੀ ਖਬਰ ਦਿੱਤੀ। ਜੀ.ਕੇ. ਨੇ ਪਰਸੋਂ ਫੂਲਕਾ ਵੱਲੋਂ ਇਸ ਕੇਸ ਦਾ ਹਵਾਲਾ ਦਿੰਦੇ ਹੋਏ ਪੰਜਾਬ ਵਿਚ ਕੀਤੀ ਗਈ ਪ੍ਰੈਸ ਕਾਨਫਰੰਸ ਦੌਰਾਨ ਦੋ ਨਵੇਂ ਗਵਾਹਾਂ ਦੀ ਆਮਦ ਬਾਰੇ ਪੁੱਛੇ ਗਏ ਸਵਾਲ ਦਾ ਵੀ ਜਵਾਬ ਦਿੱਤਾ। ਜੀ.ਕੇ. ਨੇ ਕਿਹਾ ਕਿ ਸ਼ਾਇਦ ਫੂਲਕਾ ਨੇ 2007 ਦੀ ਸੀ.ਬੀ.ਆਈ. ਦੀ ਗਵਾਹਾਂ ਦੀ ਲਿਸ਼ਟ ਨਹੀਂ ਵੇਖੀ ਹੈ, ਜਿਸ ਵਿੱਚ ਉਕਤ ਦੋਨੋਂ ਗਵਾਹਾਂ ਦੇ ਨਾਂ ਮੌਜ਼ੂਦ ਸਨ। ਜੀ.ਕੇ. ਨੇ ਫੂਲਕਾ ਤੇ ਪੰਜਾਬ ਦਾ ਮੁੱਖਮੰਤਰੀ ਬਣਨ ਦਾ ਸੁਪਨਾ ਲੈਣ ਦਾ ਇਸ਼ਾਰਾ ਕਰਦੇ ਹੋਏ ਫੂਲਕਾ ਦਾ 1984 ਦੇ ਕੇਸਾ ਤੋਂ ਰੂਝਾਨ ਬਦਲ ਕੇ ਸਿਆਸ਼ਤ ਵੱਲ ਹੋਣ ਦਾ ਵੀ ਦਾਅਵਾ ਕੀਤਾ।
ਸਿਰਸਾ ਨੇ ਫੂਲਕਾ ਦੀ ਪੇਸ਼ੀ ਤੋਂ ਬਾਅਦ ਦਿੱਲੀ ਹਾਈਕੋਰਟ ਤੋਂ ਇਸ ਕਤਲੇਆਮ ਦੇ ਦੋ ਅਹਿਮ ਕੇਸਾ ਵਿਚ 7 ਆਰੋਪੀਆਂ ਨੂੰ ਉਮਰ ਕੈਦ ਦੀ ਸਜ਼ਾ ਦੇ ਬਦਲੇ ਬਰੀ ਹੋਣ ਦੀ ਮਿਲੀ ਵੱਡੀ ਰਾਹਤ ਦਾ ਵੀ ਹਵਾਲਾ ਦਿੱਤਾ। ਸਿਰਸਾ ਨੇ ਕਿਹਾ ਕਿ ਪਹਿਲਾ ਕੇਸ ਜਗਮੋਹਨ ਸਿੰਘ ਦਾ ਤੀਸ ਹਜ਼ਾਰੀ ਕੋਰਟ ਦਾ ਸੀ ਜਿਸ ਵਿਚ ਸਾਬਕਾ ਨਿਗਮ ਪਾਰਸ਼ਦ ਮੰਗਲ ਸੈਨ ਸਣੇ ਤਿੰਨ ਆਰੋਪੀਆਂ ਨੂੰ ਉਮਰ ਕੈਦ ਦੀ ਸਜਾ ਹੋਈ ਸੀ ਅਤੇ ਦੂਜਾ ਕੇਸ ਹਰਮਿੰਦਰ ਕੌਰ ਦਾ ਕੜਕੜਡੂਮਾ ਕੋਰਟ ਦਾ ਸੀ ਜਿਸ ਵਿਚ 4 ਲੋਕਾਂ ਨੂੰ ਹੇਠਲੀ ਅਦਾਲਤ ਵੱਲੋਂ ਉਮਰ ਕੈਦ ਦੀ ਸਜਾ ਹੋਈ ਸੀ ਤੇ ਉਸ ਵੇਲੇ ਤਕ ਇਨ੍ਹਾਂ ਕੇਸਾ ਵਿੱਚ ਫੂਲਕਾ ਵਕਾਲਤ ਨਹੀਂ ਕਰ ਰਹੇ ਸਨ ਪਰ ਜਦੋਂ ਦੋਨਾਂ ਕੇਸਾਂ ਦੇ ਸੱਤੋ ਆਰੋਪੀ ਦਿੱਲੀ ਹਾਈ ਕੋਰਟ ਵਿੱਚ ਅਪੀਲ ਦਾਇਰ ਕਰਦੇ ਹਨ ਤਾਂ ਫੂਲਕਾ ਦੀ ਵਕਾਲਤ ਦੌਰਾਨ ਸੱਤੋ ਬਰੀ ਹੋ ਜਾਂਦੇ ਹਨ। ਜਿਸ ਵਿੱਚ ਇੱਕ ਕੇਸ ਵਿੱਚ ਤਾਂ ਫੂਲਕਾ ਨੇ ਆਰੋਪੀਆਂ ਦੇ ਖਿਲਾਫ਼ ਸੁਪਰੀਮ ਕੋਰਟ ਵਿੱਚ ਅਪੀਲ ਵੀ ਨਹੀਂ ਪਾਈ। ਸਿਰਸਾ ਨੇ ਸਵਾਲ ਕੀਤਾ ਕਿ ਦਿੱਲੀ ਕਮੇਟੀ ਦੀ ਜਿਸ ਅਰਜੀ ਤੋਂ ਬਾਅਦ ਟਾਈਟਲਰ ਤੇ ਸ਼ਿਕੰਜਾ ਕਸਿਆ ਗਿਆ ਉਹ ਅਰਜੀ ਫੂਲਕਾ ਨੇ ਕਿਉਂ ਪਹਿਲੇ ਨਹੀਂ ਦਿੱਤੀ ਸੀ? 2014 ਦੀਆਂ ਲੋਕਸਭਾ ਚੋਣਾਂ ਤੋਂ ਪਹਿਲੇ ਵਕਾਲਤ ਛੱਡਕੇ ਲੁਧਿਆਣੇ ਚੋਣ ਲੜਨ ਗਏ ਫੂਲਕਾ ਵੱਲੋਂ ਬੀਤੇ ਦਿਨੀਂ ਆਮ ਆਦਮੀ ਪਾਰਟੀ ਦੇ ਅਹੁਦਿਆਂ ਨੂੰ ਛੱਡਣ ਦੇ ਛੇੜੇੇ ਗਏ ਰਾਗ ਦੇ ਬਾਵਜੂਦ ਸਿਰਸਾ ਨੇ ਇਨ੍ਹਾਂ ਕੇਸਾ ਨੂੰ ਛੱਡਕੇ 2017 ਵਿੱਚ ਫੂਲਕਾ ਦੇ ਪੰਜਾਬ ਵਿਧਾਨ ਸਭਾ ਚੋਣ ਲੜਨ ਦੀ ਵੀ ਭਵਿੱਖਵਾਣੀ ਕੀਤੀ। ਸਿਰਸਾ ਨੇ ਵਿਅੰਗ ਕੀਤਾ ਕਿ ਆਮ ਆਦਮੀ ਪਾਰਟੀ ਇਰਾਕ, ਸੀਰੀਆ ਸਣੇ ਪੂਰੇ ਸੰਸਾਰ ਵਿੱਚ ਹੁੰਦੇ ਗੈਰਬਰਾਬਰ ਵਿਵਹਾਰ ਦੇ ਪੀੜਿਤਾਂ ਨੂੰ ਫੂਲਕਾ ਵੱਲੋਂ ਇਨਸਾਫ ਦਿਲਵਾਏਗੀ। 1985 ਬੰਬ ਕਾਂਡ ਦੇ ਆਰੋਪੀਆਂ ਪਾਸੋਂ ਕੇਸ ਲੜਨ ਵਾਸਤੇ ਫੂਲਕਾ ਵੱਲੋਂ ਫੀਸ ਮੰਗਣ ਦਾ ਵੀ ਸਿਰਸਾ ਨੇ ਖੁਲਾਸਾ ਕੀਤਾ। ਪੱਤਰਕਾਰਾਂ ਵੱਲੋਂ ਬੀਤੇ ਦਿਨੀ ਰਾਜੀਵ ਗਾਂਧੀ ਦੇ ਭਾਰਤ ਰਤਨ ਦੀ ਵਾਪਸੀ ਲਈ ਫੂਲਕਾ ਵੱਲੋਂ ਬੀਜੇਪੀ ਆਗੂ ਆਰ.ਪੀ.ਸਿੰਘ ਨਾਲ ਮਿਲਕੇ ਕੀਤੀ ਗਈ ਪ੍ਰੈਸ ਕਾਨਫਰੰਸ ਬਾਰੇ ਪੁੱਛੇ ਗਏ ਸਵਾਲ ਦੇ ਜਵਾਬ ਵਿਚ ਸਿਰਸਾ ਨੇ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਬਣਨ ਲਈ ਉਹ ਕਿਸੇ ਦੀ ਵੀ ਗੋਦ ਵਿੱਚ ਬੈਠ ਸਕਦੇ ਹਨ ਕਿਊਂਕਿ ਉਹ ਦੋਹਰੀ ਮਾਨਸਿਕਤਾ ਦੇ ਉਮੀਦਵਾਰ ਹਨ। ਇਸ ਮੌਕੇ ਕਮੇਟੀ ਦੇ ਸੀਨੀਅਰ ਮੀਤ ਪ੍ਰਧਾਨ ਮਹਿੰਦਰ ਪਾਲ ਸਿੰਘ ਚੱਢਾ, ਮੀਤ ਪ੍ਰਧਾਨ ਸਤਪਾਲ ਸਿੰਘ, ਜੁਆਇੰਟ ਸਕੱਤਰ ਅਮਰਜੀਤ ਸਿੰਘ ਪੱਪੂ, ਦਿੱਲੀ ਕਮੇਟੀ ਮੈਂਬਰ ਤਨਵੰਤ ਸਿੰਘ, ਸਮਰਦੀਪ ਸਿੰਘ ਸੰਨੀ, ਹਰਦੇਵ ਸਿੰਘ ਧਨੋਵਾ, ਬੀਬੀ ਧੀਰਜ ਕੌਰ, ਗੁਰਬਖਸ ਸਿੰਘ ਮੌਂਟੂਸ਼ਾਹ, ਪਰਮਜੀਤ ਸਿੰਘ ਚੰਢੋਕ, ਕਾਨੂੰਨੀ ਸਲਾਹਕਾਰ ਜਸਵਿੰਦਰ ਸਿੰਘ ਜੌਲੀ, ਨੌਜਵਾਨ ਅਕਾਲੀ ਆਗੂ ਜਸਪ੍ਰੀਤ ਸਿੰਘ ਵਿੱਕੀਮਾਨ ਮੌਜ਼ੂਦ ਸਨ।

Check Also

ਦੁਬਈ ਦੇ ਵੱਡੇ ਦਿਲ ਵਾਲੇ ਸਰਦਾਰ ਨੇ ਜਾਰਜੀਆ ਹਾਦਸੇ `ਚ ਮਰਨ ਵਾਲਿਆਂ ਦੇ ਪਰਿਵਾਰਾਂ ਦੀ ਫ਼ੜੀ ਬਾਂਹ

ਅੰਮ੍ਰਿਤਸਰ, 23 ਦਸੰਬਰ (ਜਗਦੀਪ ਸਿੰਘ) – ਦੁਬਈ ਦੇ ਉੱਘੇ ਕਾਰੋਬਾਰੀ ਤੇ ਸਰਬਤ ਦਾ ਭਲਾ ਚੈਰੀਟੇਬਲ …

Leave a Reply