
ਅੰਮ੍ਰਿਤਸਰ, 30 ਦਸੰਬਰ (ਗੁਰਚਰਨ ਸਿੰਘ)- ਸਾਲ 2015 ਦੌਰਾਨ ਬਾਰਡਰ ਜ਼ੋਨ ਅੰਮ੍ਰਿਤਸਰ ਵਿੱਚ ਪੰਜਾਬ ਪੁਲਿਸ ਨੇ ਜਿੱਥੇ ਜੁਰਮਾਂ ਨੂੰ ਕਾਬੂ ਕਰਨ ਵਿੱਚ ਵੱਡੀ ਸਫਲਤਾ ਹਾਸਲ ਕੀਤੀ ਹੈ ਉੱਥੇ ਹੀ ਕਈ ਮਹੱਤਵਪੂਰਨ ਪ੍ਰੋਜੈਕਟ ਅਤੇ ਭਲਾਈ ਕੰਮਾਂ ਵਿਚ ਵੀ ਵੱਧ-ਚੜ੍ਹ ਕੇ ਯੋਗਦਾਨ ਪਾਇਆ ਹੈ।
ਇਸ ਸਬੰਧੀ ਆਈ ਜੀ ਬਾਰਡਰ ਜ਼ੋਨ ਅੰਮ੍ਰਿਤਸਰ ਸ੍ਰੀ ਲੋਕ ਨਾਥ ਆਂਗਰਾ ਨੇ ਦੱਸਿਆ ਕਿ ਬਾਰਡਰ ਜ਼ੋਨ ਅੰਮ੍ਰਿਤਸਰ ਦੇ ਖੇਤਰ ਵਿਚ ਪੈਂਦੀ 316 ਕਿਲੋਮੀਟਰ ਲੰਬੀ ਭਾਰਤ-ਪਾਕਿਸਤਾਨ ਅੰਤਰਰਾਸ਼ਟਰੀ ਸਰਹੱਦ ਨੂੰ ਬੀ.ਐਸ.ਐਫ. ਅਤੇ ਆਰਮਡ ਪੁਲਿਸ ਦੇ ਸਹਿਯੋਗ ਨਾਲ ਸਫਲਤਾਪੂਰਵਕ ਸੁਰੱਖਿਅਤ ਰੱਖਿਆ ਗਿਆ ਹੈ। ਇਸ ਤੋਂ ਇਲਾਵਾ ਇਸ ਸਾਲ ਸੰਗੀਨ ਜ਼ੁਰਮਾਂ ਵਿਚ ਵੀ ਕਮੀ ਆਈ ਹੈ। ਸਾਲ 2015 ਵਿਚ ਕਤਲ ਅਤੇ ਕਤਲ ਦੀ ਕੋਸ਼ਿਸ਼ ਦੇ ਮਾਮਲੇ ਸਾਲ 2014 ਦੇ ਮੁਕਾਬਲੇ ਘੱਟ ਦਰਜ ਹੋਏ ਹਨ। ਇਸ ਦੇ ਨਾਲ ਹੀ ਸੱਟਾ ਤੇ ਲੜਾਈ-ਝਗੜੇ ਦੇ ਪਿਛਲੇ ਸਾਲ 672 ਮੁਕੱਦਮੇ ਦਰਜ ਹੋਏ ਸਨ ਜਦਕਿ ਇਸ ਸਾਲ 552 ਮਾਮਲੇ ਦਰਜ ਹੋਏ ਹਨ।
ਉਨ੍ਹਾਂ ਅੱਗੇ ਦੱਸਿਆ ਕਿ ਸੰਨ੍ਹ ਲਾਉਣ ਦੀਆਂ ਘਟਨਾਵਾਂ, ਲੁੱਟਾਂ-ਖੋਹਾਂ ਅਤੇ ਧੋਖਾਧੜੀ-ਹੇਰਾਫੇਰੀ ਦੇ ਮਾਮਲਿਆਂ ਨੂੰ ਠੱਲ੍ਹ ਪਾਉਣ ਵਿਚ ਵੀ ਪੁਲਿਸ ਕਾਮਯਾਬ ਰਹੀ ਹੈ। ਸਾਲ 2015 ਦੌਰਾਨ ਸੰਨਾਂ ਦੇ ਕੇਸ 313 ਦਰਜ ਹੋਏ ਜਦਕਿ ਪਿਛਲੇ ਸਾਲ 321 ਮਾਮਲੇ ਦਰਜ ਹੋਏ ਸਨ। ਇਸ ਤੋ ਇਲਾਵਾ ਲੁੱਟਾਂ-ਖੋਹਾਂ ਵਿਚ ਸਾਲ 2014 ਦੌਰਾਨ ਦਰਜ ਹੋਏ 152 ਕੇਸਾਂ ਦੇ ਮੁਕਾਬਲੇ ਇਸ ਸਾਲ 134 ਕੇਸ ਦਰਜ ਹੋਏ। ਉੱਧਰ ਧੋਖਾਧੜੀ-ਹੇਰਾਫੇਰੀ ਦੇ ਸਾਲ 2014 ਦੌਰਾਨ ਦਰਜ ਹੋਏ 453 ਕੇਸਾਂ ਦੇ ਮੁਕਾਬਲੇ ਇਸ ਸਾਲ 428 ਕੇਸ ਦਰਜ ਹੋਏ। ਇਸੇ ਤਰ੍ਹਾਂ ਪੁਲਿਸ ਵੱਲੋਂ ਸੰਨ੍ਹਾਂ ਦੇ ਕੇਸਾਂ ਵਿਚ 30,62,610/- ਰੁਪਏ, ਚੋਰੀ ਦੇ ਕੇਸਾਂ ਵਿਚ 52,57,185/- ਰੁਪਏ ਅਤੇ ਲੁੱਟਾ-ਖੋਹਾਂ ਦੇ ਮਾਮਲਿਆਂ ਵਿਚ 1,00,12,214/- ਰੁਪਏ ਦੀ ਬਰਾਮਦਗੀ ਵੀ ਕੀਤੀ ਗਈ ਹੈ। ਇਸ ਤੋਂ ਇਲਾਵਾ 2015 ਵਿੱਚ ਆਈ.ਪੀ.ਸੀ. ਅਧੀਨ ਕੁੱਲ 4463 ਕੇਸ ਦਰਜ ਹੋਏ ਜਦਕਿ 2014 ਦੌਰਾਨ ਕੁੱਲ 4558 ਕੇਸ ਦਰਜ ਹੋਏ ਸਨ। ਇਸ ਤਰ੍ਹਾਂ ਆਈ.ਪੀ.ਸੀ. ਅਧੀਨ ਮਾਮਲਿਆਂ ਵਿੱਚ ਪਿਛਲੇ ਸਾਲ ਦੇ ਮੁਕਾਬਲੇ ਇਸ ਸਾਲ ਦੌਰਾਨ 2.08 ਪ੍ਰਤੀਸ਼ਤ ਦੀ ਕਮੀ ਆਈ ਹੈ।
ਉਨ੍ਹਾਂ ਅੱਗੇ ਦੱਸਿਆ ਕਿ ਬਾਰਡਰ ਜ਼ੋਨ ਵਿਚ ਵੱਖ-ਵੱਖ 11 ਅਪਰਾਧੀ ਗਰੋਹਾਂ ਨੂੰ ਬੇਨਕਾਬ ਕਰਕੇ ਉਨ੍ਹਾਂ ਦੇ ਕੁੱਲ 59 ਗੈਂਗ ਮੈਂਬਰਾਂ ਨੂੰ ਗ੍ਰਿਫਤਾਰ ਕੀਤਾ ਗਿਆ। ਇਨ੍ਹਾਂ ਗਰੋਹਾਂ ਵਿਚ ਜ਼ਿਲ੍ਹਾ ਅੰਮ੍ਰਿਤਸਰ ਵਿਚ ਗ੍ਰਿਫਤਾਰ ਕੀਤਾ ਜਗਦੀਪ ਸਿੰਘ ਉਰਫ ਜੱਗੂ ਗੈਂਗ ਅਤੇ ਜ਼ਿਲ੍ਹਾ ਤਰਨ ਤਾਰਨ ਵਿਚ ਗ੍ਰਿਫਤਾਰ ਸੋਨੂੰ ਕੰਗਲਾ ਤੇ ਹਰਜਿੰਦਰ ਉਰਫ ਵਿੱਕੀ ਗੌਂਡਰ ਗੈਂਗ ਪ੍ਰਮੁੱਖ ਹਨ ਜੋ ਕਈ ਅਪਰਾਧਿਕ ਵਾਰਦਾਤਾਂ ਵਿਚ ਸ਼ਾਮਿਲ ਸਨ। ਇਸ ਤੋ ਇਲਾਵਾ ਇਸ਼ਤਿਹਾਰੀ ਮੁਜਰਿਮਾਂ ਵਿਰੁੱਧ ਕਾਰਵਾਈ ਜਾਰੀ ਰੱਖਦੇ ਹੋਏ ਇਸ ਸਾਲ ਕੁੱਲ 335 ਇਸ਼ਤਿਹਾਰੀ ਮੁਜਰਿਮਾਂ ਨੂੰ ਗ੍ਰਿਫਤਾਰ ਕੀਤਾ ਗਿਆ।
ਉਨ੍ਹਾਂ ਦੱਸਿਆ ਕਿ 2015 ਦੌਰਾਨ ਬਾਰਡਰ ਜ਼ੋਨ, ਅੰਮ੍ਰਿਤਸਰ ਵਿਚ ਸੜਕੀ ਆਵਾਜਾਈ ਦੌਰਾਨ ਵਾਪਰੀਆਂ ਦੁਰਘਟਨਾਵਾਂ ਵਿਚ 445 ਵਿਅਕਤੀਆਂ ਦੀ ਜਾਨ ਗਈ ਅਤੇ 697 ਵਿਅਕਤੀ ਜ਼ਖਮੀ ਹੋਏ। ਇਸ ਸਬੰਧ ਵਿੱਚ 750 ਮੁਕੱਦਮੇ ਦਰਜ ਕੀਤੇ ਗਏ ਹਨ। ਇਨ੍ਹਾਂ ਹਾਦਸਿਆਂ ਵਿਚ ਜ਼ਖਮੀ 697 ਵਿਅਕਤੀਆਂ ਨੂੰ ਇਲਾਜ ਲਈ ਪੁਲਿਸ ਵੱਲੋਂ ਹਸਪਤਾਲ ਪਹੁੰਚਾਇਆ ਗਿਆ। ਸਾਲ 2015 ਦੌਰਾਨ ਟਰੈਫਿਕ ਨਿਯਮਾਂ ਨੂੰ ਸਖਤੀ ਨਾਲ ਲਾਗੂ ਕਰਨ ਸਦਕਾ ਪਿਛਲੇ ਸਾਲ ਦੇ ਮੁਕਾਬਲੇ ਦੁਰਘਟਨਾਵਾਂ ਵਿੱਚ ਘੱਟ ਮੌਤਾਂ ਹੋਈਆਂ ਕਿਉਂ ਕਿ ਸਾਲ 2014 ਵਿੱਚ 521 ਵਿਅਕਤੀਆਂ ਦੀ ਮੌਤ ਹੋਈ ਸੀ। ਇਸੇ ਤਰ੍ਹਾਂ ਪੁਲਿਸ ਵੱਲੋਂ ਸੰਵੇਦਨਸ਼ੀਲ ਪੁਆਇੰਟਾਂ ‘ਤੇ ਢੁਕਵੇਂ ਪ੍ਰਬੰਧ ਕੀਤੇ ਹੋਣ ਕਰਕੇ ਇਸ ਸਾਲ 76 ਵਿਅਕਤੀਆਂ ਦੀ ਜਾਨ ਬਚਾਈ ਗਈ ਹੈ।
ਉਨ੍ਹਾਂ ਦੱਸਿਆ ਕਿ ਇਸ ਸਾਲ ਦੌਰਾਨ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਵਾਲੇ ਕੁੱਲ 67,952 ਵਿਅਕਤੀਆ ਦੇ ਮੋਟਰ ਵਹੀਕਲ ਐਕਟ ਅਧੀਨ ਟਰੈਫਿਕ ਚਲਾਨ ਕੀਤੇ ਗਏ ਅਤੇ ਉਨ੍ਹਾਂ ਪਾਸੋ ਕੁੱਲ 2,19,78,600/- ਰੁਪਏ ਜੁਰਮਾਨਾ ਵਸੂਲ ਕਰਕੇ ਸਰਕਾਰੀ ਖਜ਼ਾਨੇ ਵਿੱਚ ਜਮ੍ਹਾ ਕਰਵਾਇਆ ਗਿਆ। ਇਸ ਤੋਂ ਇਲਾਵਾ ਬਾਰਡਰ ਜੋਨ ਵਿੱਚ ਕੁੱਲ 73 ਅਜਿਹੇ ਸਥਾਨਾਂ ਦੀ ਪਛਾਣ ਕੀਤੀ ਗਈ ਹੈ ਜਿੱਥੇ ਵਾਰ-ਵਾਰ ਹਾਦਸੇ ਵਾਪਰਦੇ ਹਨ ਅਤੇ ਢੁੱਕਵੀ ਲੋੜੀਂਦੀ ਕਾਰਵਾਈ ਲਈ ਕਦਮ ਚੁੱਕੇ ਜਾ ਰਹੇ ਹਨ। ਛੋਟੇ ਸ਼ਹਿਰਾ ਵਿੱਚ ਭੀੜ ਘੱਟ ਕਰਨ ਲਈ ਵਿਸ਼ੇਸ਼ ਟਰੈਫਿਕ ਪਲਾਨ ਵੀ ਤਿਆਰ ਕੀਤੇ ਗਏ ਹਨ।
ਸ੍ਰੀ ਆਂਗਰਾ ਨੇ ਅੱਗੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਪਬਲਿਕ ਦੀ ਸਹੂਲਤ ਵਾਸਤੇ ਹਰੇਕ ਜ਼ਿਲ੍ਹੇ ਵਿੱਚ ਜ਼ਿਲ੍ਹਾ ਪੱਧਰ ‘ਤੇ ਸੀ.ਪੀ.ਆਰ.ਸੀ., ਸਬ-ਡਵੀਜਨ ਸੁਵਿਧਾ ਸੈਟਰਾਂ ਅਤੇ ਪੁਲਿਸ ਸਟੇਸ਼ਨ ਆਊਟ ਰੀਚ ਸੈਂਟਰ ਬਣਾਏ ਗਏ ਹਨ ਜਿਨ੍ਹਾਂ ਵਿੱਚ ਵੱਖ-ਵੱਖ ਤਰ੍ਹਾਂ ਦੀਆਂ 41 ਸੇਵਾਵਾਂ ਮੁਹੱਈਆ ਕਰਵਾਈਆਂ ਜਾ ਰਹੀਆਂ ਹਨ। ਸਾਲ 2015 ਦੌਰਾਨ ਬਾਰਡਰ ਜ਼ੋਨ ਦੇ ਜ਼ਿਲ੍ਹਿਆਂ ਵਿਚ ਕੁੱਲ 2,06,814 ਲੋਕਾਂ ਨੂੰ ਵੱਖ-ਵੱਖ ਸੇਵਾਵਾਂ ਪ੍ਰਦਾਨ ਕੀਤੀਆਂ ਗਈਆਂ।
ਬਾਰਡਰ ਜ਼ੋਨ, ਅੰਮ੍ਰਿਤਸਰ ਦੀ ਪੁਲਿਸ ਵੱਲੋ ਨਸ਼ਿਆ ਵਿਰੁੱਧ ਕਾਰਵਾਈ ਨੂੰ ਇਸ ਸਾਲ ਹੋਰ ਤੇਜ਼ ਕੀਤਾ ਗਿਆ। ਸਾਲ 2015 ਦੌਰਾਨ 1305 ਮੁਕੱਦਮੇ ਦਰਜ ਕਰਕੇ 1435 ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਨਸ਼ਿਆ ਵਿਰੁੱਧ ਕਾਰਵਾਈ ਜਾਰੀ ਰੱਖਣ ਦੇ ਨਾਲ-ਨਾਲ ਨਸ਼ਿਆ ਦੀ ਗ੍ਰਿਫਤ ਵਿੱਚ ਆਏ ਵਿਅਕਤੀਆਂ ਦਾ ਨਸ਼ਾ ਛੁਡਾਉਣ ਵਿੱਚ ਵੀ ਪੁਲਿਸ ਨੇ ਸਹਿਯੋਗ ਕੀਤਾ ਅਤੇ ਬਾਰਡਰ ਜ਼ੋਨ ਦੇ ਜ਼ਿਲ੍ਹਿਆ ਵਿੱਚ 1949 ਵਿਅਕਤੀਆਂ ਨੂੰ ਉਨ੍ਹਾਂ ਦੇ ਨਸ਼ੇ ਛੁਡਾਉਣ/ਇਲਾਜ ਲਈ ਨਸ਼ਾ ਛੁਡਾਊ ਕੇਂਦਰਾਂ ਵਿਚ ਭੇਜਿਆ ਗਿਆ।
ਇਸ ਸਾਲ ਵਿਆਹ-ਸ਼ਾਦੀ ਨਾਲ ਸਬੰਧਤ ਪਰਿਵਾਰਕ ਮਾਮਲਿਆਂ ਵਿੱਚ ਕੁਲ 2472 ਸ਼ਿਕਾਇਤਾਂ ਪ੍ਰਾਪਤ ਹੋਈਆ, ਜਿਨ੍ਹਾਂ ਵਿਚੋਂ 72 ਕੇਸਾਂ ਵਿੱਚ ਮੁਕੱਦਮੇ ਦਰਜ ਕੀਤੇ ਗਏ ਅਤੇ ਸਮਾਜ ਦੇ ਮੋਹਤਬਰ ਵਿਅਕਤੀਆਂ ਦੇ ਸਹਿਯੋਗ ਨਾਲ 1720 ਕੇਸਾ ਵਿੱਚ ਸਬੰਧਿਤ ਪਾਰਟੀਆ ਦਾ ਰਾਜੀਨਾਵਾ ਕਰਵਾਇਆ ਗਿਆ। ਉਨ੍ਹਾਂ ਦੱਸਿਆ ਕਿ ਸਾਲ 2015 ਦੌਰਾਨ ਬਾਰਡਰ ਜ਼ੋਨ ਦੇ ਜ਼ਿਲ੍ਹਿਆਂ ਵਿੱਚ ਕੁੱਲ 55753 ਸ਼ਿਕਾਇਤਾਂ ਪ੍ਰਾਪਤ ਹੋਈਆਂ ਜਿਨ੍ਹਾਂ ਵਿੱਚੋਂ 45932 ਸ਼ਿਕਾਇਤਾਂ ਦਾ ਨਿਪਟਾਰਾ ਕੀਤਾ ਜਾ ਚੁੱਕਾ ਹੈ।
ਉਨ੍ਹਾਂ ਦੱਸਿਆ ਕਿ ਸਾਲ 2015 ਦੌਰਾਨ ਬਾਰਡਰ ਜ਼ੋਨ, ਅੰਮ੍ਰਿਤਸਰ ਦੀ ਪੁਲਿਸ ਨੇ ਦੀਨਾਨਗਰ ਵਿਚ ਅੱਤਵਾਦੀਆਂ ਦੀ ਕਾਰਵਾਈ ਦਾ ਬੜੇ ਹੌਸਲੇ ਅਤੇ ਦਲੇਰੀ ਨਾਲ ਜਵਾਬ ਦਿੱਤਾ। ਅੱਤਵਾਦੀਆਂ ਨਾਲ ਕੁੱਝ ਘੰਟੇ ਚੱਲੇ ਗਹਿਗੱਚ ਮੁਕਾਬਲੇ ਵਿੱਚ ਹਮਲਾਵਰ ਤਿੰਨੇ ਪਾਕਿਸਤਾਨੀ ਅੱਤਵਾਦੀ ਮਾਰ ਦਿੱਤੇ ਗਏ।
ਇਸ ਤੋਂ ਇਲਾਵਾ ਭਲਾਈ ਕੰਮਾਂ ਵਿਚ ਵੀ ਪੰਜਾਬ ਪੁਲਿਸ ਬਾਰਡਰ ਜ਼ੋਨ ਅੱਗੇ ਰਹੀ। ਉਨ੍ਹਾਂ ਦੱਸਿਆ ਕਿ ਜ਼ਿਲ੍ਹਾ ਤਰਨ ਤਾਰਨ ਦੇ ਥਾਣਾ ਚੋਹਲਾ ਸਾਹਿਬ ਦੀ ਨਵੀਂ ਇਮਾਰਤ ਦਾ ਨੀਂਹ ਪੱਥਰ 10-12-2015 ਨੂੰ ਮੁੱਖ ਮੰਤਰੀ, ਪੰਜਾਬ ਵੱਲੋਂ ਰੱਖਿਆ ਗਿਆ। ਜ਼ਿਲ੍ਹਾ ਤਰਨ ਤਾਰਨ ਦੇ ਥਾਣਾ ਸਿਟੀ ਦੀ ਨਵੀਂ ਇਮਾਰਤ ਲਈ 2 ਕਰੋੜ ਰੁਪਏ, ਪੁਲਿਸ ਲਾਈਨ, ਤਰਨ ਤਾਰਨ ਵਿੱਚ ਨਵਾਂ ਟਿਊਬਵੈੱਲ ਲਗਾਉਣ ਲਈ 12 ਲੱਖ ਰੁਪਏ, ਅੰਮ੍ਰਿਤਸਰ ਦਿਹਾਤੀ ਦੇ ਥਾਣਾ ਮਹਿਤਾ ਦੀ ਚਾਰ ਦੀਵਾਰੀ ਦੀ ਉਸਾਰੀ ਲਈ 5 ਲੱਖ ਰੁਪਏ ਸਰਕਾਰ ਵੱਲੋਂ ਮੰਨਜੂਰ ਕੀਤੇ ਗਏ। ਜ਼ਿਲ੍ਹਾ ਅੰਮ੍ਰਿਤਸਰ ਦਿਹਾਤੀ ਦੇ ਥਾਣਾ ਭਿੰਡੀ ਸੈਦਾਂ, ਚੌਕੀ ਕੱਕੜ, ਚੌਕੀ ਰਾਮ ਤੀਰਥ, ਚੌਕੀ ਗੱਗੋ ਮਾਹਲ ਦੀਆਂ ਇਮਾਰਤਾਂ ਅਤੇ ਡੀ.ਐਸ.ਪੀ. ਰਾਜਾਸਾਂਸੀ ਦੇ ਦਫਤਰ ਅਤੇ ਰਿਹਾਇਸ਼ ਮੁਕੰਮਲ ਕਰਨ ਲਈ ਫੰਡ ਅਲਾਟ ਹੋਏ। ਜ਼ਿਲ੍ਹਾ ਅੰਮ੍ਰਿਤਸਰ ਦਿਹਾਤੀ ਦੇ ਥਾਣਾਂ ਮੱਤੇਵਾਲ ਅਤੇ ਥਾਣਾ ਰਾਜਾਸਾਂਸੀ, ਜ਼ਿਲ੍ਹਾ ਬਟਾਲਾ ਦੇ ਸਾਂਝ ਕੇਂਦਰ ਘੁਮਾਣ, ਘਣੀਏ ਕੇ ਬਾਂਗਰ, ਜ਼ਿਲ੍ਹਾ ਗੁਰਦਾਸਪੁਰ ਦੇ ਪੀ.ਐਸ. ਆਊਟ ਰੀਚ ਸੈਂਟਰ ਘੁੰਮਣ ਕਲਾਂ, ਪਠਾਨਕੋਟ ਦੇ ਪੀ.ਐਸ. ਆਊਟ ਰੀਚ ਸੈਟਰ ਕਾਨਵਾਂ ਦੀਆਂ ਨਵੀਆਂ ਇਮਾਰਤਾਂ ਬਣਾਈਆਂ ਗਈਆਂ।
ਇਸ ਤੋਂ ਇਲਾਵਾ ਪੁਲਿਸ ਮੁਲਾਜ਼ਮਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਦੀ ਭਲਾਈ ਲਈ ਵੀ ਕਈ ਕਾਰਜ ਕੀਤੇ ਗਏ। ਉਨ੍ਹਾਂ ਦੱਸਿਆ ਕਿ ਹਰੇਕ ਜ਼ਿਲ੍ਹੇ ਵਿੱਚ ਪੁਲਿਸ ਕਰਮਚਾਰੀਆਂ ਦੀਆਂ ਮੁਸ਼ਕਿਲਾਂ ਸੁਣਨ ਅਤੇ ਹੱਲ ਕਰਨ ਲਈ ਦਰਬਾਰ ਲਗਾਇਆ ਜਾਂਦਾ ਹੈ। ਸਾਰੇ ਮੁਲਾਜ਼ਮਾਂ ਦੀ ਕੈਸ਼-ਲੈਂਸ ਸਿਹਤ ਬੀਮਾ ਸਕੀਮ ਤਹਿਤ ਫਾਰਮ ਭਰਵਾ ਕੇ ਸਬੰਧਤ ਵਿਭਾਗ ਵਿਚ ਜਮ੍ਹਾਂ ਕਰਵਾ ਦਿੱਤੇ ਗਏ ਹਨ ਅਤੇ ਪੁਲਿਸ ਕਰਮਚਾਰੀਆਂ ਦੀ ਸਿਹਤ ਦਾ ਖਿਆਲ ਰੱਖਣ ਲਈ ਇਸ ਜ਼ੋਨ ਵਿੱਚ ਤਾਇਨਾਤ ਸਾਰੇ ਪੁਲਿਸ ਕਰਮਚਾਰੀਆਂ ਦਾ ਸਾਲਾਨਾ ਮੈਡੀਕਲ ਚੈਕਅੱਪ ਕਰਵਾਇਆ ਗਿਆ ਹੈ। ਇਸ ਤੋਂ ਇਲਾਵਾ ਪੁਲਿਸ ਜ਼ਿਲ੍ਹਾ ਅੰਮ੍ਰਿਤਸਰ ਦਿਹਾਤੀ ਦੇ ਦਫਤਰ ਵਿੱਚ ਵਾਟਰ ਫਿਲਟਰ (ਆਰ.ਓ. ਸਿਸਟਮ) ਮੁਹੱਈਆ ਕਰਵਾਏ ਗਏ ਹਨ। ਜਨਾਨਾ ਤੇ ਮਰਦਾਨਾ ਅਲੱਗ-ਅਲੱਗ ਬਾਥਰੂਮ ਅਤੇ ਪਬਲਿਕ ਲਈ ਉਡੀਕ ਘਰ ਬਣਵਾਏ ਗਏ। ਉਨ੍ਹਾਂ ਦੱਸਿਆ ਕਿ ਪੁਲਿਸ ਜ਼ਿਲ੍ਹਾ ਅੰਮ੍ਰਿਤਸਰ ਦਿਹਾਤੀ ਵਿੱਚ ਤਾਇਨਾਤ ਸਰਕਾਰੀ ਗੱਡੀਆ ਦੇ ਸਾਰੇ ਡਰਾਈਵਰਾਂ ਦੀਆ ਅੱਖਾਂ ਦਾ ਮੁਫਤ ਟੈਸਟ ਕਰਵਾਇਆ ਗਿਆ। ਪੁਲਿਸ ਕਰਮਚਾਰੀਆਂ ਦੇ ਬੱਚਿਆ ਨੂੰ ਮੁਫਤ ਕੰਪਿਊਟਰ ਸਿਖਲਾਈ ਦੇਣ ਲਈ ਕੰਪਿਊਟਰ ਟ੍ਰੇਨਿੰਗ ਸਕੂਲ, ਪੁਲਿਸ ਲਾਈਨ ਅੰਮ੍ਰਿਤਸਰ (ਦਿਹਾਤੀ) ਵਿਚ ਸਹੂਲਤ ਪ੍ਰਦਾਨ ਕੀਤੀ ਗਈ।
ਉਨ੍ਹਾਂ ਅੱਗੇ ਦੱਸਿਆ ਕਿ ਇਸ ਜ਼ੋਨ ਦੇ 92 ਪੁਲਿਸ ਕਰਮਚਾਰੀਆਂ ਨੂੰ ਡੀ.ਜੀ.ਪੀ., ਪੰਜਾਬ ਵੱਲੋਂ ਤਰੱਕੀਆ ਦਿੱਤੀਆਂ ਗਈਆਂ ਅਤੇ 17 ਪੁਲਿਸ ਅਧਿਕਾਰੀਆਂ ਨੂੰ ਉੱਤਮ ਸੇਵਾਵਾਂ ਨਿਭਾਉਣ ਕਰਕੇ ਡੀ.ਜੀ.ਪੀ ਡਿਸਕ ਨਾਲ ਸਨਮਾਨਿਤ ਕੀਤਾ ਗਿਆ। 590 ਪੁਲਿਸ ਕਰਮਚਾਰੀਆਂ ਨੂੰ ਸ਼ਲਾਘਾਯੋਗ ਸੇਵਾਵਾਂ ਨਿਭਾਉਣ ਕਰਕੇ ਇਸ ਦਫਤਰ ਵੱਲੋ ਪ੍ਰਸੰਸਾ ਪੱਤਰ ਦਰਜਾ ਪਹਿਲਾ ਸਮੇਤ ਨਕਦ ਇਨਾਮ ਉਨ੍ਹਾਂ ਦੀ ਹੌਂਸਲਾ ਅਫਜਾਈ ਲਈ ਦਿੱਤੇ ਗਏ।
Punjab Post Daily Online Newspaper & Print Media