Friday, March 6, 2026

ਸਿੱਖ ਚੁਟਕਲਿਆਂ ‘ਤੇ ਰੋਕ ਵਾਸਤੇ ਦਿੱਲੀ ਕਮੇਟੀ ਦੀ ਪਟੀਸ਼ਨ ਆਪਣੇ ਮਨੋਰਥ ਵਿੱਚ ਪੂਰੀ ਹੋਵੇਗੀ – ਜੀ.ਕੇ

PPN0401201609

ਨਵੀਂ ਦਿੱਲੀ, 4 ਜਨਵਰੀ (ਅੰਮ੍ਰਿਤ ਲਾਲ ਮੰਨਣ)- ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਬੀਤੇ ਦਿਨੀਂ ਸ਼ੁਰੂ ਕੀਤੀ ਗਈ ਸਿੱਖ ਚੁਟਕਲਿਆਂ ਤੇ ਰੋਕ ਲਗਾਉਣ ਦੀ ਮੁਹਿੰਮ ਨੂੰ ਅੱਜ ਭਾਰਤੀ ਸੁਪਰੀਮ ਕੋਰਟ ਵੱਲੋਂ ਭਰਵਾ ਹੁੰਗਾਰਾ ਦਿੱਤਾ ਗਿਆ ਹੈ।ਇਸ ਗੱਲ ਦਾ ਦਾਅਵਾ ਕਮੇਟੀ ਪ੍ਰਧਾਨ ਮਨਜੀਤ ਸਿੰਘ ਜੀ.ਕੇ ਨੇ ਕਮੇਟੀ ਦਫ਼ਤਰ ਗੁਰਦੁਆਰਾ ਰਕਾਬਗੰਜ ਸਾਹਿਬ ਵਿਖੇ ਅੱਜ ਸਿੱਖਾਂ ਦੇ ਖਿਲਾਫ ਚੁਟਕਲਿਆਂ ਨੂੰ ਰੋਕਣ ਵਾਸਤੇ ਸੀਨੀਅਰ ਵਕੀਲ ਬੀਬੀ ਹਰਵਿੰਦਰ ਕੌਰ ਚੌਧਰੀ ਵੱਲੋਂ ਸੁਪਰੀਮ ਕੋਰਟ ਵਿਚ ਪਾਈ ਗਈ ਪਟੀਸ਼ਨ ਤੇ ਹੋਈ ਕਾਰਵਾਈ ਦੀ ਜਾਣਕਾਰੀ ਪੱਤਰਕਾਰਾਂ ਨੂੰ ਦੇਣ ਮੌਕੇ ਕੀਤਾ। ਜੀ.ਕੇ. ਨੇ ਦੱਸਿਆ ਕਿ ਸੁਪਰੀਮ ਕੋਰਟ ਦੇ ਚੀਫ਼ ਜਸਟਿਸ ਟੀ.ਐਸ. ਠਾਕੁਰ, ਜਸਟਿਸ ਏ.ਕੇ ਸੀਕਰੀ ਅਤੇ ਜਸਟਿਸ ਆਰ. ਭਾਨੂੰਮਤੀ ਦੀ ਬੈਂਚ ਨੇ ਬੀਬੀ ਚੌਧਰੀ ਦੀ ਪਟੀਸ਼ਨ ਤੇ ਸੁਣਵਾਈ ਕਰਦੇ ਹੋਏ ਇਸ ਮਸਲੇ ਤੇ ਸਿੱਖ ਕੌਮ ਦੇ ਇਕ ਮਤ ਨਾ ਹੋਣ ਦੀ ਗੱਲ ਕਹੀ ਸੀ, ਜਿਸ ‘ਤੇ ਬੀਬੀ ਚੌਧਰੀ ਵੱਲੋਂ ਦਿੱਲੀ ਦੇ ਸਿੱਖਾਂ ਦੀ ਪ੍ਰਤੀਨਿਧੀ ਜਥੇਬੰਦੀ ਦਿੱਲੀ ਕਮੇਟੀ ਦੇ ਪ੍ਰਧਾਨ ਵੱਲੋਂ ਉਨ੍ਹਾਂ ਨੂੰ ਇਸ ਮੁੱਦੇ ਦਾ ਸਮਰਥਨ ਕਰਦੇ ਹੋਏ 60 ਹਜਾਰ ਲੋਕਾਂ ਦੇ ਦਸਤਖਤ ਇਸ ਮੁਹਿੰਮ ਦੇ ਸਮਰਥਨ ਵਿੱਚ ਹੋਣ ਦੀ ਜਾਣਕਾਰੀ ਦਿੰਦੇ ਪੱਤਰ ਨੂੰ ਮਾਨਯੋਗ ਕੋਰਟ ਦੇ ਸਾਹਮਣੇ ਰੱਖਿਆ। ਇਸ ਦੇ ਨਾਲ ਹੀ ਬੀਬੀ ਚੌਧਰੀ ਨੇ ਦਿੱਲੀ ਕਮੇਟੀ ਵੱਲੋਂ ਇਸ ਮਸਲੇ ‘ਤੇ ਸੁਪਰੀਮ ਕੋਰਟ ਵਿੱਚ ਦਾਇਰ ਕੀਤੀ ਗਈ ਪਟੀਸ਼ਨ ਦੇ ਸੁਣਵਾਈ ਵਾਸਤੇ ਤਾਰੀਖ਼ ਦੀ ਉਡੀਕ ਵਿੱਚ ਹੋਣ ਦੀ ਜਾਣਕਾਰੀ ਮਾਨਯੋਗ ਜੱਜ ਸਾਹਿਬਾਨਾਂ ਅੱਗੇ ਰੱਖੀ।
ਜੀ.ਕੇ. ਨੇ ਕਿਹਾ ਕਿ ਮਾਨਯੋਗ ਕੋਰਟ ਵੱਲੋਂ ਦਿੱਲੀ ਕਮੇਟੀ ਦੀ ਸੁਣਵਾਈ ਵਾਸਤੇ ਆਉਣ ਵਾਲੀ ਪਟੀਸ਼ਨ ਦੇ ਨਾਲ ਹੀ ਬੀਬੀ ਚੌਧਰੀ ਦੀ ਪਟੀਸ਼ਨ ਨੂੰ ਨੱਥੀ ਕਰਨ ਦੇ ਆਦੇਸ਼ ਦਿੱਤੇ ਹਨ। ਸੁਪਰੀਮ ਕੋਰਟ ਦੇ ਅੱਜ ਦੇ ਆਦੇਸ਼ ਨੂੰ ਜੀ.ਕੇ. ਨੇ ਉਕਤ ਚੁਟਕਲਿਆਂ ਨੂੰ ਰੋਕਣ ਦੀ ਦਿਸ਼ਾ ਵਿੱਚ ਪਹਿਲਾ ਉਸਾਰੂ ਕਦਮ ਦੱਸਿਆ। ਅਦਾਲਤ ਵਿੱਚ ਭਵਿੱਖ ਦੀ ਰਣਨੀਤੀ ਦਾ ਖੁਲਾਸਾ ਕਰਦੇ ਹੋਏ ਜੀ.ਕੇ. ਨੇ ਕਿਹਾ ਕਿ ਅਸੀਂ ਆਪਣੀ ਪਟੀਸ਼ਨ ਵਿੱਚ ਕੇਵਲ ਸਿੱਖਾਂ ਦੀ ਗੱਲ ਹੀ ਨਹੀਂ ਕੀਤੀ ਹੈ ਸਗੋਂ ਹੋਰ ਭਾਈਚਾਰੇ ਬਿਹਾਰੀ, ਗੁਜਰਾਤੀ, ਮਦਰਾਸੀ ਅਤੇ ਨੌਰਥ ਈਸ਼ਟ ਇੰਡੀਆ ਦੇ ਲੋਕਾਂ ਤੇ ਕੀਤੀਆਂ ਜਾਉਂਦੀਆਂ ਟਿੱਪਣੀਆਂ ਨੂੰ ਵੀ ਨਸਲੀ ਹਾਸੇ ਦੇ ਤੌਰ ਤੇ ਪਰਿਭਾਸ਼ਿਤ ਕੀਤਾ ਹੈ। ਤਾਂਕਿ ਇੱਕ ਵੱਡੇ ਸਮਾਜ ਦੇ ਦਾਇਰੇ ਦੇ ਆਧਾਰ ਤੇ ਸਿੱਖਾਂ ਦੇ ਖਿਲਾਫ਼ ਹੁੰਦੀਆਂ ਨਸ਼ਲੀ ਟਿੱਪਣੀਆਂ ਨੂੰ ਕਾਨੂੰਨੀ ਤਰੀਕੇ ਨਾਲ ਰੋਕਣ ਵਾਸਤੇ ਸੁਪਰੀਮ ਕੋਰਟ ਤੋਂ ਆਦੇਸ਼ ਜਾਰੀ ਕਰਵਾਇਆ ਜਾ ਸਕੇ।
ਜੀ.ਕੇ. ਨੇ ਕਮੇਟੀ ਦੇ ਵਕੀਲਾਂ ਵੱਲੋਂ ਸੁਪਰੀਮ ਕੋਰਟ ਵਿੱਚ ਦਾਇਰ ਕੀਤੀ ਗਈ ਪਟੀਸ਼ਨ ਤੋਂ ਪਹਿਲਾਂ ਵਿਦੇਸ਼ੀ ਕਾਨੂੰਨੀ ਦੀ ਘੋਖ ਕਰਦੇ ਹੋਏ ਮਜਬੂਤ ਆਧਾਰ ਤਿਆਰ ਕਰਨ ਦਾ ਵੀ ਦਾਅਵਾ ਕੀਤਾ। ਜੀ.ਕੇ ਨੇ ਸਿੱਖ ਨਸ਼ਲੀ ਚੁਟਕਲਿਆਂ ਦੇ ਖਿਲਾਫ਼ ਐਸ.ਸੀ./ਐਸ.ਟੀ. ਐਕਟ ਅਤੇ ਕੰਮਕਾਜ਼ੀ ਬੀਬੀਆਂ ‘ਤੇ ਨੌਕਰੀ ਦੌਰਾਨ ਇਰਾਦਤਨ ਕੀਤੀ ਗਈ ਗਲਤ ਟਿੱਪਣੀਆਂ ਦੇ ਖਿਲਾਫ਼ ਮੌਜ਼ੂਦ ਕਾਨੂੰਨਾਂ ਦੀ ਤਰਜ ਤੇ ਕਾਨੂੰਨ ਬਣਾਉਣ ਵਾਸਤੇ ਕਮੇਟੀ ਵੱਲੋਂ ਸੁਪਰੀਮ ਕੋਰਟ ਵਿੱਚ ਦਲੀਲਾਂ ਦੇਣ ਦੀ ਗੱਲ ਕਹੀ। ਜੀ.ਕੇ ਨੇ ਸਮੂਹ ਸਿੱਖਾਂ ਨੂੰ ਇਸ ਸਬੰਧ ਵਿੱਚ ਆਨਲਾਈਨ ਪਟੀਸ਼ਨ ਸਾਈਨ ਕਰਨ ਦੀ ਅਪੀਲ ਕਰਦੇ ਹੋਏ ਕੇਸ ਦੀ ਮਜ਼ਬੂਤੀ ਵਾਸਤੇ ਸਾਬਕਾ ਰਿਟਾਇਅਰਡ ਜਸਟਿਸ ਆਰ.ਐਸ.ਸੋਢੀ, ਸੀਨੀਅਰ ਵਕੀਲ ਰਾਮ ਜੇਠਮਲਾਨੀ ਅਤੇ ਆਰ.ਐਸ ਸੂਰੀ ਨੂੰ ਮਿਲਣ ਦੀ ਵੀ ਜਾਣਕਾਰੀ ਦਿੱਤੀ।ਇਸ ਮੌਕੇ ਕਮੇਟੀ ਦੇ ਸੀਨੀਅਰ ਮੀਤ ਪ੍ਰਧਾਨ ਮਹਿੰਦਰਪਾਲ ਸਿੰਘ ਚੱਢਾ, ਕਮੇਟੀ ਮੈਂਬਰ ਹਰਦੇਵ ਸਿੰਘ ਧਨੋਆ, ਪਰਮਜੀਤ ਸਿੰਘ ਚੰਢੋਕ, ਕਮੇਟੀ ਦੇ ਬੁਲਾਰੇ ਪਰਮਿੰਦਰਪਾਲ ਸਿੰਘ ਅਤੇ ਵਕੀਲ ਜਗਮੋਹਨ ਸਿੰਘ ਮੌਜੂਦ ਸਨ।

Check Also

ਦੁਬਈ ਦੇ ਵੱਡੇ ਦਿਲ ਵਾਲੇ ਸਰਦਾਰ ਨੇ ਜਾਰਜੀਆ ਹਾਦਸੇ `ਚ ਮਰਨ ਵਾਲਿਆਂ ਦੇ ਪਰਿਵਾਰਾਂ ਦੀ ਫ਼ੜੀ ਬਾਂਹ

ਅੰਮ੍ਰਿਤਸਰ, 23 ਦਸੰਬਰ (ਜਗਦੀਪ ਸਿੰਘ) – ਦੁਬਈ ਦੇ ਉੱਘੇ ਕਾਰੋਬਾਰੀ ਤੇ ਸਰਬਤ ਦਾ ਭਲਾ ਚੈਰੀਟੇਬਲ …

Leave a Reply