
ਨਵੀਂ ਦਿੱਲੀ, 24 ਜਨਵਰੀ (ਪੰਜਾਬ ਪੋਸਟ ਬਿਊਰੋ) – ਨੇਤਾ ਜੀ ਸੁਭਾਸ਼ ਚੰਦਰ ਬੋਸ ਦੀ ੧੧੯ਵੀਂ ਜੈਅੰਤੀ ਮੌਕੇ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਨੇ ਅੱਜ ਇੱਥੇ ਭਾਰਤੀ ਰਾਸ਼ਟਰੀ ਪੁਰਾਲੇਖ ਵਿਖੇ ਨੇਤਾ ਜੀ ਨਾਲ ਸਬੰਧਤ 100 ਫਾਇਲਾਂ ਦਾ ਪਹਿਲਾ ਸੈੱਟ ਜਨਤਕ ਕੀਤਾ। ਸਮਾਗਮ ਵਿੱਚ ਸੱਭਿਆਚਾਰ ਅਤੇ ਸੈਰ ਸਪਾਟਾ ਰਾਜ ਮੰਤਰੀ (ਸੁਤੰਤਰ ਚਾਰਜ) ਡਾ. ਮਹੇਸ਼ ਸ਼ਰਮਾ, ਸ਼ਹਿਰੀ ਵਿਕਾਸ ਅਤੇ ਹਾਊਸਿੰਗ ਤੇ ਸ਼ਹਿਰੀ ਗਰੀਬੀ ਹਟਾਓ ਰਾਜ ਮੰਤਰੀ ਸ੍ਰੀ ਬਾਬੁਲ ਸੁਪਰੀਓ ਅਤੇ ਨੇਤਾ ਜੀ ਸੁਭਾਸ਼ ਚੰਦਰ ਬੋਸ ਦੇ ਪਰਿਵਾਰਕ ਮੈਂਬਰਾਂ ਨੇ ਸ਼ਮੂਲੀਅਤ ਕੀਤੀ।ਪ੍ਰਧਾਨ ਮੰਤਰੀ ਨੇ ਵੈੱਬ ਪੋਰਟਲ www.netajipapers.gov.in ਰਾਹੀਂ ਇਹਨਾਂ ਫਾਇਲਾਂ ਦਾ ਡਿਜੀਟਲ ਸੰਸਕਰਣ ਵੀ ਜਾਰੀ ਕੀਤਾ। ਪ੍ਰਦਰਸ਼ਨੀ ਵਿੱਚ ਚੋਣਵੇਂ ਪੇਪਰ ਪ੍ਰਦਰਸ਼ਿਤ ਕੀਤੇ ਗਏ ਜਿਹਨਾਂ ਵਿੱਚ ਪ੍ਰਧਾਨ ਮੰਤਰੀ ਨੇ ਗਹਿਰੀ ਦਿਲਚਸਪੀ ਲਈ। ਪ੍ਰਧਾਨ ਮੰਤਰੀ ਨੇ ਨੇਤਾ ਜੀ ਦੇ ਪਰਿਵਾਰਕ ਮੈਂਬਰਾਂ ਨਾਲ ਗੱਲਬਾਤ ਕੀਤੀ ਅਤੇ ਕਿਹਾ ਕਿ ਉਹਨਾਂ ਦੀ ਸਰਕਾਰ ਨੇ ੧੪ ਅਕਤੂਬਰ, 2014 ਨੂੰ ਕੀਤਾ ਵਾਅਦਾ ਅੱਜ ਪੂਰਾ ਕਰ ਦਿੱਤਾ। ਨੇਤਾ ਜੀ ਦੇ ਪਰਿਵਾਰਕ ਮੈਂਬਰਾਂ ਨੇ ਪ੍ਰਧਾਨ ਮੰਤਰੀ ਦਾ ਇਸ ਪਹਿਲ ਲਈ ਧੰਨਵਾਦ ਕੀਤਾ ਅਤੇ ਸੰਤੁਸ਼ਟੀ ਪ੍ਰਗਟਾਈ ਕਿ 70 ਸਾਲਾਂ ਤੋਂ ਵਰਗੀਕ੍ਰਿਤ ਪਈਆਂ ਫਾਇਲਾਂ ਹੁਣ ਜਨਤਕ ਅਧਿਕਾਰ ਖੇਤਰ ਵਿੱਚ ਆਈਆਂ ਹਨ। ਇਹ ਫਾਇਲਾਂ ਅਤੇ ਪੇਪਰ ਈ ਕਿਓਸਕ/ਫਲਿਪਬੁੱਕ ਅਤੇ ਟੇਬਲਟਸ ‘ਤੇ 15 ਫਰਵਰੀ, 2016 ਤੱਕ ਭਾਰਤੀ ਰਾਸ਼ਟਰੀ ਪੁਰਾਲੇਖ ਭਵਨ, ਜਨਪਥ, ਨਵੀਂ ਦਿੱਲੀ ਵਿਖੇ ਜਨਤਾ ਲਈ ਉਪਲੱਭਧ ਹਨ। ਇਹਨਾਂ ਪੇਪਰਾਂ ਵਿੱਚ 1956 ਤੋਂ 2013 ਤੱਕ ਦੇ ਸਮੇਂ ਦੀਆਂ 36 ਫਾਇਲਾਂ ਪ੍ਰਧਾਨ ਮੰਤਰੀ ਦਫ਼ਤਰ, 18 ਫਾਇਲਾਂ ਗ੍ਰਹਿ ਮੰਤਰਾਲਾ ਅਤੇ 46 ਫਾਇਲਾਂ ਵਿਦੇਸ਼ ਮੰਤਰਾਲੇ ਨਾਲ ਸਬੰਧਤ ਹਨ। ਇਹਨਾਂ ਫਾਇਲਾਂ ਨੂੰ ਜਨਤਕ ਕਰਨ ਨਾਲ ਲੰਬੇ ਸਮੇਂ ਤੋਂ ਚੱਲੀ ਆ ਰਹੀ ਜਨਤਾ ਦੀ ਮੰਗ ਪੂਰੀ ਹੋਈ ਹੈ ਅਤੇ ਵਿਦਵਾਨਾਂ ਨੂੰ ਨੇਤਾ ਜੀ ਸਬੰਧੀ ਖੋਜ ਲਈ ਇਹਨਾਂ ਤੋਂ ਕਾਫੀ ਸਹਾਇਤਾ ਮਿਲੇਗੀ। ਭਾਰਤੀ ਰਾਸ਼ਟਰੀ ਪੁਰਾਲੇਖ ਦੀ ਹਰ ਮਹੀਨੇ ਨੇਤਾ ਜੀ ਨਾਲ ਸਬੰਧਤ ੨੫ ਫਾਇਲਾਂ ਦੀਆਂ ਡਿਜੀਟਲ ਕਾਪੀਆਂ ਜਨਤਕ ਕਰਨ ਦੀ ਯੋਜਨਾ ਹੈ। ਇੱਥੇ ਇਹ ਜ਼ਿਕਰਯੋਗ ਹੈ ਕਿ 1997 ਵਿੱਚ ਭਾਰਤੀ ਰਾਸ਼ਟਰੀ ਪੁਰਾਲੇਖ ਨੇ ਰੱਖਿਆ ਮੰਤਰਾਲੇ ਤੋਂ ਇੰਡੀਅਨ ਨੈਸ਼ਨਲ ਆਰਮੀ (ਆਜ਼ਾਦ ਹਿੰਦ ਫੌਜ) ਨਾਲ ਸਬੰਧਤ 900 ਫਾਇਲਾਂ ਪ੍ਰਾਪਤ ਕੀਤੀਆਂ ਸਨ ਅਤੇ 2012 ਵਿੱਚ ਖੋਸਲਾ ਕਮਿਸ਼ਨ ਨਾਲ ਸਬੰਧਤ 1030 ਫਾਇਲਾਂ/ਵਸਤਾਂ (੨੭੧ ਫਾਇਲਾਂ/ਵਸਤਾਂ) ਅਤੇ ਗ੍ਰਹਿ ਮੰਤਰਾਲੇ ਤੋਂ ਜਸਟਿਸ ਮੁਖਰਜੀ ਜਾਂਚ ਕਮਿਸ਼ਨ ਨਾਲ ਸਬੰਧਤ (759 ਫਾਇਲਾਂ/ਵਸਤਾਂ) ਪ੍ਰਾਪਤ ਕੀਤੀਆਂ ਸਨ। ਜਨਤਕ ਰਿਕਾਰਡ ਨਿਯਮ, 1997 ਦੇ ਅਧੀਨ ਇਹਨਾਂ ਸਾਰੀਆਂ ਫਾਇਲਾਂ/ਵਸਤਾਂ ਨੂੰ ਪਹਿਲਾਂ ਹੀ ਜਨਤਕ ਕੀਤਾ ਜਾ ਚੁੱਕਾ ਹੈ।
Punjab Post Daily Online Newspaper & Print Media