ਮਾਲੇਰਕੋਟਲਾ, 5 ਫਰਵਰੀ (ਹਰਮਿੰਦਰ ਸਿੰਘ ਭੱਟ)- ਇੰਡੀਅਨ ਨੈਸ਼ਨਲ ਟਰੱਸਟ ਫਾਰ ਆਰਟ ਐਂਡ ਕਲਚਰਲ ਹੈਰੀਟੇਜ (ਇਨਟੈਕ) ਪੰਜਾਬ ਦੇ ਚੈਪਟਰ ਕਨਵੀਨਰਾਂ ਦੀ ਵਿਸ਼ੇਸ਼ ਮੀਟਿੰਗ ਬਠਿੰਡਾ ਕਿਲੇ ਵਿੱਚ ਸੰਪੰਨ ਹੋਈ। ਇਸ ਮੀਟਿੰਗ ਵਿੱਚ ਪੰਜਾਬ ਦੀਆਂ ਵਿਰਾਸਤੀ ਇਮਾਰਤਾਂ ਨੂੰ ਸੰਭਾਲਣ ਸੰਬੰਧੀ ਅਹਿਮ ਵਿਚਾਰ ਚਰਚਾ ਕੀਤੀ ਗਈ। ਬਠਿੰਡਾ ਦੇ ਵਿਸ਼ਾਲ ਕਿਲੇ ਦੇ ਮੁੱਖ ਦਰਵਾਜੇ ਦੀ ਦਿਖ ਜੋ ਕਿ ਗਾਰਡਾਂ ਤੇ ਮੋਟੀ ਇੱਟ ਦੁਆਰਾ ਡਾਟ ਨੂੰ ਸੁਰੱਖਿਅਤ ਰੱਖਣ ਦੀ ਕੋਸ਼ਿਸ਼ ਅਧੀਨ ਬਦਲੀ ਹੈ ਉਸ ਸੰਬੰਧੀ ਪੰਜਾਬ ਇਨਟੈਕ ਦੇ ਕਨਵੀਨਰ ਸ.ਸੁਖਦੇਵ ਸਿੰਘ ਨੇ ਕਿਹਾ ਕਿ ਕਿਲੇ ਦੇ ਵਿਸ਼ਾਲ ਗੇਟ ਦੀ ਡਾਟ ਨੂੰ ਉਸ ਦੇ ਪਹਿਲੇ ਅਸਲ ਰੂਪ ਮੁਤਾਬਿਕ ਹੀ ਸਹਾਰਾ ਦੇਣਾ ਬਣਦਾ ਸੀ ਜਿਸ ਨੂੰ ਬਹੁਤ ਹੀ ਗੈਰਵਾਜਬ ਤਰੀਕੇ ਨਾਲ ਬਦਲਿਆ ਗਿਆ ਹੈ। ਉਹਨਾਂ ਇਹ ਵੀ ਆਖਿਆ ਕਿ ਜਲਦੀ ਹੀ ਪੰਜਾਬ ਸਰਕਾਰ ਦੇ ਸੱਭਿਆਚਾਰਕ ਤੇ ਸੈਰ ਸਪਾਟਾ ਵਿਭਾਗ ਦੇ ਨਾਲ-ਨਾਲ ਭਾਰਤ ਪੁਰਾਤਤਵ ਵਿਭਾਗ ਨਵੀਂ ਦਿੱਲੀ ਨੂੰ ਵੀ ਇਸ ਸਥਿਤੀ ਸੰਬੰਧੀ ਸੂਚਿਤ ਕੀਤਾ ਜਾਵੇਗਾ ਤਾਂ ਜੋ ਕਿਲੇ ਦੇ ਪ੍ਰਮੁੱਖ ਦਰਵਾਜੇ ਨੂੰ ਉਸਦੇ ਅਸਲੀ ਪ੍ਰਮਾਣਿਤ ਰੂਪ ਵਿੱਚ ਹੀ ਸੁਰੱਖਿਆ ਦਿੱਤੀ ਜਾਵੇ। ਇਸ ਅਹਿਮ ਮੀਟਿੰਗ ਵਿੱਚ ਪੰਜਾਬ ਦੇ ਕਿਲਿਆਂ, ਮਹਿਲਾਂ, ਦਰਗਾਹਾਂ ਧਾਰਮਿਕ ਸਥਾਨਾਂ ਤੇ ਹੋਰ ਸੱਭਿਆਚਾਰਕ ਤੇ ਕਲਾ ਦੇ ਨਮੂਨਿਆਂ ਨੂੰ ਬਚਾਉਣ ਤੇ ਸਾਂਭ ਸੰਭਾਲ ਲਈ ਹਰ ਸੰਭਵ ਯਤਨ ਕਰਨ ਦੀ ਲੋੜ ਤੇ ਜੋਰ ਦਿੱਤਾ। ਮਹਿੰਦਰਾ ਕਾਲਜ ਪਟਿਆਲਾ ਤੇ ਰਣਬੀਰ ਕਾਲਜ ਸੰਗਰੂਰ ਦੀਆਂ ਇਤਿਹਾਸਕ ਇਮਾਰਤਾਂ ਦੀ ਸਾਂਭ ਸੰਭਾਲ ਸੰਬੰਧੀ ਦੇ ਨਾਲ-ਨਾਲ ਜੋੜੇਪੁਲ ਦੀ ਨਹਿਰੀ ਕੋਠੀ ਤੇ ਮਾਹੋਰਾਣੇ ਦੀ ਨਹਿਰੀ ਕੋਠੀ ਦੀ ਸੰਭਾਲ ਸੰਬੰਧੀ ਵਿਚਾਰ ਕੀਤੀ ਗਈ। ਮਾਲੇਰਕੋਟਲਾ ਦੀਆਂ ਰਿਆਸਤੀ ਤੇ ਵਿਰਾਸਤੀ ਯਾਦਗਾਰਾਂ ਦੀ ਸਾਂਭ ਸੰਭਾਲ ਬਾਰੇ ਵੀ ਵਿਚਾਰ ਵਟਾਂਦਰਾ ਕੀਤਾ ਗਿਆ। ਬਠਿੰਡਾ ਕਿਲੇ ਵਿੱਚ ਹੋਈ ਇਸ ਮੀਟਿੰਗ ਵਿੱਚ ਪੰਜਾਬ ਇਨਟੈਕ ਕਨਵੀਨਰ ਡਾ. ਸੁਖਦੇਵ ਸਿੰਘ ਪਟਿਆਲਾ ਚੈਪਟਰ ਦੇ ਐਡਵੋਕੇਟ ਸਰਬਜੀਤ ਸਿੰਘ ਵਿਰਕ, ਮਾਲੇਰਕੋਟਲਾ ਚੈਪਟਰ ਦੇ ਕਨਵੀਨਰ ਡਾ.ਸਲੀਮ ਮੁਹੰਮਦ ਅਤੇ ਸ਼੍ਰੀ ਸਾਬਰ ਅਲੀ ਜ਼ੁਬੈਰੀ ਤੋਂ ਇਲਾਵਾ ਫਰੀਦਕੋਟ ਚੈਪਟਰ ਵੱਲੋਂ ਪ੍ਰੋ. ਬਲਤੇਜ ਸਿੰਘ ਬਰਾੜ ਤੇ ਇੰਜੀਨੀਅਰ ਅਸ਼ਵਨੀ ਕੁਮਾਰ, ਬਠਿੰਡਾ ਚੈਪਟਰ ਦੇ ਕੰਵਰ ਭੀਮ ਇੰਦਰ ਸਿੰਘ ਤੇ ਰੁਪਿੰਦਰ ਸਿੰਘ, ਰਵੀ ਕੁਮਾਰ ਵਿਸ਼ੇਸ਼ ਤੌਰ ਤੇ ਸ਼ਾਮਲ ਹੋਏ। ਪੰਜਾਬ ਇਨਟੈਕ ਦੀ ਸਮੁੱਚੀ ਟੀਮ ਨੇ ਬਠਿੰਡਾ ਦੇ ਕਿਲੇ ਦਾ ਦੌਰਾ ਕੀਤਾ।
Check Also
12ਵੇਂ ਅੰਤਰਾਸ਼ਟਰੀ ਯੋਗ ਦਿਵਸ ਦੇ ਸਬੰਧ ‘ਚ `ਬੀ.ਵਾਈ.ਐਸ` ਵੱਲੋਂ ਵੱਖ-ਵੱਖ ਥਾਵਾਂ ‘ਤੇ ਕੀਤੇ ਸਮਾਗਮ
ਅੰਮ੍ਰਿਤਸਰ, 24 ਜੂਨ (ਜਗਦੀਪ ਸਿੰਘ) – ਭਾਰਤੀ ਯੋਗ ਸੰਸਥਾਨ (ਬੀ.ਵਾਈ.ਐਸ) ਵੱਲੋਂ ਅੰਮ੍ਰਿਤਸਰ ਸਮੇਤ ਕਈ ਥਾਵਾਂ …
Punjab Post Daily Online Newspaper & Print Media