Monday, March 23, 2026

ਸ਼ੇਰੇ-ਪੰਜਾਬ ਦੇ ਪਿਤਾ ਅਤੇ ਦਾਦੇ ਦੀਆਂ ਸਮਾਧਾਂ ਦਾ ਵਜੂਦ ਖ਼ਤਰੇ ਵਿੱਚ-ਕੋਛੜ

ਕਬਾੜ ਰੱਖਣ ਲਈ ਇਸਤੇਮਾਲ ਕੀਤੀ ਜਾ ਰਹੀ ਹੈ ਮਹਾਂ ਸਿੰਘ ਸ਼ੁਕਰਚੱਕੀਆ ਦੀ ਸਮਾਧ

PPN0902201618

ਅੰਮ੍ਰਿਤਸਰ, 9 ਫਰਵਰੀ (ਪ.ਪ)- ਪਾਕਿਸਤਾਨ ਦੇ ਸ਼ਹਿਰ ਗੁਜਰਾਂਵਾਲਾ ਵਿੱਚ ਮੌਜੂਦ ਸ਼ੇਰੇ-ਪੰਜਾਬ ਮਹਾਰਾਜਾ ਰਣਜੀਤ ਸਿੰਘ ਦੇ ਪਿਤਾ ਸz. ਮਹਾਂ ਸਿੰਘ ਸ਼ੁਕਰਚੱਕੀਆ ਅਤੇ ਦਾਦਾ ਸz. ਚੜ੍ਹਤ ਸਿੰਘ ਸ਼ੁਕਰਚੱਕੀਆ ਦੀਆਂ ਸਮਾਧਾਂ ਅਤਿ ਖ਼ਸਤਾ ਹਾਲਤ ਵਿਚ ਹਨ ਅਤੇ ਉਹ ਕਦੇ ਵੀ ਜ਼ਮੀਨਦੋਜ਼ ਹੋ ਸਕਦੀਆਂ ਹਨ।ਇਤਿਹਾਸਕਾਰ ਤੇ ਖੋਜਕਰਤਾ ਸ਼੍ਰੀ ਸੁਰਿੰਦਰ ਕੋਛੜ ਨੇ ਮੰਗਲਵਾਰ ਨੂੰ ਪੱਤਰਕਾਰਾਂ ਨਾਲ ਇਹ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਸz. ਮਹਾਂ ਸਿੰਘ ਦੀ ਸਮਾਧ ਗੁਜ਼ਰਾਂਵਾਲਾ ਦੀ ਜੀ.ਟੀ. ਰੋਡ ‘ਤੇ ਸ਼ੇਰਾਂ ਵਾਲੇ ਬਾਗ਼ ਦੀ ਨੁੱਕਰ ਵਿੱਚ ਅੱਜ ਵੀ ਮੌਜੂਦ ਹੈ।ਸਮਾਧ ਦਾ ਵੱਡਾ ਹਿੱਸਾ ਸੰਨ 1992 ਵਿਚ ਭਾਰਤ ਵਿੱਚ ਉਠੇ ਬਾਬਰੀ ਮਸਜਿਦ ਵਿਵਾਦ ਸਮੇਂ ਸਥਾਨਕ ਮੁਸਲਿਮ ਦੰਗਾਕਾਰੀਆਂ ਵਲੋਂ ਡੇਗ ਦਿੱਤਾ ਗਿਆ।ਜਿਸ ਦੇ ਬਾਅਦ ਇਸ ਦੀ ਕੋਈ ਮੁਰੰਮਤ ਨਾ ਕਰਵਾਏ ਜਾਣ ਕਰਕੇ ਇਹ ਵਿਰਾਸਤ ਹੁਣ ਖੰਡਰ ਦਾ ਰੂਪ ਧਾਰਣ ਕਰ ਚੱਕੀ ਹੈ।ਸ਼੍ਰੀ ਕੋਛੜ ਨੇ ਦੱਸਿਆ ਕਿ ਗੁਰਦੁਆਰੇ ਦੀ ਸ਼ਕਲ ਵਿੱਚ ਬਣੀ ਇਹ ਸਮਾਧ ਅੱਜ ਵੀ ਕਾਇਮ ਹੈ, ਪਰ ਸਮਾਧ ਦੇ ਗੁੰਬਦ ਵਾਲੇ ਭਵਨ ਅਤੇ ਹੇਠਲੀ ਮੰਜ਼ਲ ਨੂੰ ਕਬਾੜ ਰੱਖਣ ਲਈ ਸਟੋਰ ਵਜੋਂ ਇਸਤੇਮਾਲ ਕੀਤਾ ਜਾ ਰਿਹਾ ਹੈ, ਜਦੋਂ ਕਿ ਸਮਾਧ ਦੇ ਆਸ-ਪਾਸ ਬਣੇ ਕਮਰਿਆਂ ਵਿਚ ਸੇਵਾਵਾਂ ਦੇ ਰਿਹਾ ਸਰਕਾਰੀ ਐਲੀਮੇਂਟਰੀ ਗਰਲਜ਼ ਸਕੂਲ ਇਮਾਰਤ ਦੀ ਹਾਲਤ ਖ਼ਸਤਾ ਹੋਣ ਕਾਰਨ ਇਥੋਂ ਕਿਸੇ ਹੋਰ ਜਗ੍ਹਾ ਤਬਦੀਲ ਕਰ ਦਿੱਤਾ ਗਿਆ ਹੈ।ਕੋਛੜ ਨੇ ਦੱਸਿਆ ਕਿ ਗੁਜ਼ਰਾਂਵਾਲਾ ਦੇ ਸ਼ੇਰਾਂ ਵਾਲੇ ਬਾਗ਼ ਵਿਚ ਹੀ ਸ਼ੁਕਰਚੱਕੀਆ ਮਿਸਲ ਦੇ ਮੋਢੀ ਅਤੇ ਮਹਾਰਾਜਾ ਰਣਜੀਤ ਸਿੰਘ ਦੇ ਦਾਦਾ ਸ. ਚੜ੍ਹਤ ਸਿੰਘ ਦੀ ਸਮਾਧ ਦੇ ਖੰਡਰ ਵੀ ਆਪਣੇ ਨਾਲ ਵਾਪਰ ਰਹੀ ਤ੍ਰਾਸਦੀ ਦੀ ਗਾਥਾ ਬਿਆਨ ਕਰ ਰਹੇ ਪ੍ਰਤੀਤ ਹੋ ਰਹੇ ਹਨ।ਉਹਨਾਂ ਕਿਹਾ ਕਿ ਬਾਹਰ ਤੋਂ ਹਵੇਲੀ ਵਾਂਗੂ ਵਿਖਾਈ ਦੇਣ ਵਾਲੇ ਇਸ ਸਥਾਨ ‘ਤੇ ਵਕਫ਼ ਬੋਰਡ ਦਾ ਕਬਜ਼ਾ ਕਾਇਮ ਹੈ।

ਸz. ਨਲਵਾ ਨੇ ਉਸਾਰੀਆਂ ਸਨ ਇਹ ਸਮਾਧਾਂ
ਇਤਿਹਾਸਕਾਰ ਸ਼੍ਰੀ ਸੁਰਿੰਦਰ ਕੋਛੜ ਨੇ ਦੱਸਿਆ ਕਿ ਜਰਨੈਲ ਸ. ਹਰੀ ਸਿੰਘ ਨਲਵਾ ਨੇ ਮਹਾਰਾਜਾ ਰਣਜੀਤ ਸਿੰਘ ਅੱਗੇ ਉਹਨਾਂ ਦੇ ਪਿਤਾ ਅਤੇ ਦਾਦਾ ਦੀ ਸਮਾਧ ਪੁਖ਼ਤਾ ਢੰਗ ਨਾਲ ਬਨਵ੍ਹਾਉਣ ਲਈ ਖਾਹਸ਼ ਜ਼ਾਹਰ ਕਰਦਿਆਂ ਦਰਖ਼ਾਸਤ ਦੇ ਨਾਲ ਹੀ ਸਮਾਧ ਦਾ ਤਿਆਰ ਕੀਤਾ ਨਕਸ਼ਾ ਮਹਾਰਾਜਾ ਪਾਸ ਭੋਜਿਆ।ਜਿਸ ‘ਤੇ ਮਹਾਰਾਜਾ ਨੇ ਉਪਰੋਕਤ ਦਰਖ਼ਾਸਤ ਮਿਲਦਿਆਂ ਹੀ 12,000 ਰੁਪਏ ਸਮਾਧਾਂ ਦੇ ਨਿਰਮਾਣ ਲਈ ਗੁਜ਼ਰਾਂਵਾਲਾ ਭੇਜ ਦਿੱਤੇ।ਜਿਸ ‘ਤੇ ਸ. ਨਲਵਾ ਨੇ ਇਹ ਸਮਾਧਾਂ ਗੁਜ਼ਰਾਂਵਾਲਾ ਸ਼ਹਿਰ ਦੇ ਉਪਰੋਕਤ ਮਸ਼ਹੂਰ ਇਲਾਕੇ ਸ਼ੇਰਾਂ ਵਾਲੇ ਬਾਗ਼ ਵਿਚ ਪੁਖ਼ਤਾ ਢੰਗ ਨਾਲ ਨਵੇਂ ਸਿਰਿਓਂ ਤਿਆਰ ਕਰਵਾਈਆਂ ਅਤੇ ਸ. ਚੜ੍ਹਤ ਸਿੰਘ ਦੀ ਸਮਾਧ ਦੇ ਪਿੱਛੇ ਮੁਸਲਮਾਨਾਂ ਲਈ ਜਾਮੀਆ ਮਸਜਿਦ ਵੀ ਬਣਵਾ ਦਿੱਤੀ।

ਐਸ.ਜੀ.ਪੀ.ਸੀ. ਤੇ ਅਕਾਲ ਤਖ਼ਤ ਕਰੇ ਕਾਰਵਾਈ
ਸ਼੍ਰੀ ਕੋਛੜ ਨੇ ਕਿਹਾ ਕਿ ਸz. ਚੜ੍ਹਤ ਸਿੰਘ ਨੇ ਆਪਣੀ ਅਦੁੱਤੀ ਸੂਰਬੀਰਤਾ ਦੇ ਸਦਕਾ ਹੋਰਨਾਂ ਸਿੱਖ ਮਿਸਲਾਂ ਵਾਂਗ ਹੀ ਚੰਗਾ-ਚੋਖਾ ਇਲਾਕਾ ਮੱਲ ਕੇ ਮਿਸਲ ਸ਼ੁਕਰਚੱਕੀਆ ਦੀ ਨੀਂਹ ਰੱਖੀ।ਉਸ ਨੇ ਅਤੇ ਉਸ ਦੇ ਪੁੱਤਰ ਸ. ਮਹਾਂ ਸਿੰਘ ਨੇ ਸਿੱਖਾਂ ਦੀਆਂ ਕਈ ਜੰਗਾ ਵਿਚ ਹਿੱਸਾ ਲਿਆ ਅਤੇ ਫ਼ਤਿਹ ਹਾਸਲ ਕੀਤੀ।ਉਹਨਾਂ ਕਿਹਾ ਕਿ ਉਪਰੋਕਤ ਸਿੱਖ ਸੂਰਬੀਰਾਂ ਦੀਆਂ ਅੰਤਿਮ ਯਾਦਗਾਰਾਂ ਦੀ ਅਜਿਹੀ ਦੁਰਦਸ਼ਾ ਸੰਬੰਧੀ ਐਸ.ਜੀ.ਪੀ.ਸੀ. ਅਤੇ ਅਕਾਲ ਤਖ਼ਤ ਨੂੰ ਪਾਕਿਸਤਾਨ ਨਾਲ ਗੱਲਬਾਤ ਕਰਕੇ ਇਨ੍ਹਾਂ ਦਾ ਨਵਨਿਰਮਾਣ ਜੰਗੀ ਪੱਧਰ ‘ਤੇ ਕਰਵਾਉਣਾ ਚਾਹੀਦਾ ਹੈ।

Check Also

ਯੂ.ਕੇ ਐਮ.ਪੀ ਬੀਬੀ ਪ੍ਰੀਤ ਕੌਰ ਗਿੱਲ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਹੋਏ ਨਤਮਸਤਕ

ਅੰਮ੍ਰਿਤਸਰ, 22 ਮਾਰਚ (ਜਗਦੀਪ ਸਿੰਘ) – ਯੂ.ਕੇ ਬਰਮਿੰਘਮ ਦੇ ਐਜਬੈਸਟਨ ਤੋਂ ਐਮ.ਪੀ ਬੀਬੀ ਪ੍ਰੀਤ ਕੌਰ …

Leave a Reply