ਅੰਮ੍ਰਿਤਸਰ, 14 ਅਪ੍ਰੈਲ (ਜਗਦੀਪ ਸਿੰਘ ਸੱਗੂ)- ਪੁਲਿਸ ਕਮਿਸ਼ਨਰ ਅੰਮ੍ਰਿਤਸਰ ਸ. ਅਮਰ ਸਿੰਘ ਚਾਹਲ ਨੇ ਅੱਜ ਅੰਮ੍ਰਿਤਸਰ ਦੇ ਵਪਾਰੀਆਂ ਨਾਲ ਲੰਮੀ ਮੀਟਿੰਗ ਕੀਤੀ ਅਤੇ ਵੱਖ-ਵੱਖ ਮੁੱਦਿਆਂ ‘ਤੇ ਵਿਚਾਰ-ਚਰਚਾ ਕੀਤੀ। ਸ੍ਰੋਮਣੀ ਅਕਾਲੀ ਦਲ ਵਪਾਰ ਸੈਲ ਮਾਝਾ ਜ਼ੋਨ ਦੇ ਪ੍ਰਧਾਨ ਸ. ਰਜਿੰਦਰ ਸਿੰਘ ਮਰਵਾਹਾ ਦੀ ਅਗਵਾਈ ਹੇਠ ਇਕੱਠੇ ਹੋਏ ਵੱਖ-ਵੱਖ ਖੇਤਰ ਦੇ ਵਪਾਰੀਆਂ ਨੇ ਆਪਣੇ ਮਸਲੇ ਪੁਲਿਸ ਮੁਖੀ ਨਾਲ ਸਾਂਝੇ ਕੀਤੇ। ਸ. ਚਾਹਲ ਨੇ ਕਿਹਾ ਕਿ ਪੰਜਾਬ ਪੁਲਿਸ ਰਾਜ ਦੇ ਅਮਨ-ਅਮਾਨ ਲਈ ਕੰਮ ਕਰਦੀ ਹੈ ਅਤੇ ਕਰਦੀ ਰਹੇਗੀ। ਉਨਾਂ ਨੇ ਦੱਸਿਆ ਕਿ ਅੰਮ੍ਰਿਤਸਰ ਇਕ ਪਵਿਤਰ ਸ਼ਹਿਰ ਹੋਣ ਕਾਰਨ ਵਿਸ਼ਵ ਭਰ ਵਿਚ ਯਾਤਰੀਆਂ ਅਤੇ ਸੈਲਾਨੀਆਂ ਦੀ ਪਸੰਦ ਬਣਿਆ ਹੋਇਆ ਹੈ, ਇਸ ਲਈ ਇੱਥੇ ਰੋਜ਼ਾਨਾ ਇਕ ਲੱਖ ਤੋਂ ਵੱਧ ਸੈਲਾਨੀ ਰੋਜ਼ ਆਉਂਦੇ ਹਨ। ਉਨਾਂ ਕਿਹਾ ਕਿ ਇੰਨੀ ਵੱਡੀ ਗਿਣਤੀ ਵਿਚ ਅੰਮ੍ਰਿਤਸਰ ਆਉਂਦੇ ਸੈਲਾਨੀਆਂ ਲਈ ਪੰਜਾਬ ਸਰਕਾਰ ਵੱਲੋਂ ਵੱਡੇ ਪੱਧਰ ‘ਤੇ ਨਿਵੇਸ਼ ਕਰਕੇ ਮੁੱਢਲੀਆਂ ਜ਼ਰੂਰਤਾਂ ਮੁਹੱਈਆ ਕਰਵਾਈਆਂ ਜਾ ਰਹੀਆਂ ਹਨ, ਪਰ ਅਜੇ ਹਰੇਕ ਪਾਸੇ ਕੰਮ ਚੱਲਦਾ ਹੋਣ ਕਾਰਨ ਕਈ ਤਰਾਂ ਦੀਆਂ ਮੁਸ਼ਿਕਲਾਂ ਆ ਰਹੀਆਂ ਹਨ, ਜਿਸ ਵਿਚ ਸਭ ਤੋਂ ਵੱਡੀ ਸਮੱਸਿਆ ਟ੍ਰੈਫਿਕ ਦੀ ਹੈ। ਉਨਾਂ ਨੇ ਵਪਾਰੀਆਂ ਨੂੰ ਕਿਹਾ ਕਿ ਉਹ ਅੰਦਰੂਨੀ ਸ਼ਹਿਰ ਵਿਚ ਟ੍ਰੈਫਿਕ ਨਾਲ ਨਿਜੱਠਣ ਲਈ ਪੁਲਿਸ ਨੂੰ ਸਹਿਯੋਗ ਦੇਣ ਅਤੇ ਦਿਨ ਦੇ ਸਮੇਂ ਇਸ ਇਲਾਕੇ ਵਿਚ ਆਪਣੇ ਸਮਾਨ ਦੀ ਢੋਆ-ਢੁਆਈ ਤੋਂ ਸੰਕੋਚ ਕਰਨ। ਸ਼ਹਿਰ ਵਿਚ ਹੁੰਦੇ ਕ੍ਰਾਇਮ ਬਾਰੇ ਬੋਲਦੇ ਸ. ਚਾਹਲ ਨੇ ਕਿਹਾ ਕਿ ਪੁਲਿਸ ਪੂਰੀ ਮੁਸ਼ਤੈਦੀ ਨਾਲ ਕੰਮ ਕਰ ਰਹੀ ਹੈ, ਪਰ ਵਪਾਰੀਆਂ ਤੇ ਹੋਰ ਕਾਰੋਬਾਰੀਆਂ ਨੂੰ ਚਾਹੀਦਾ ਹੈ ਕਿ ਉਹ ਆਪਣੇ-ਆਪਣੇ ਅਦਾਰਿਆਂ ਦੇ ਅੰਦਰ ਅਤੇ ਬਾਹਰ ਸੀ. ਸੀ ਟੀ ਵੀ ਕੈਮਰੇ ਲਗਾਉਣ। ਉਨਾਂ ਨੇ ਸ਼ਹਿਰ ਵਿਚ ਸੜਕਾਂ ਕਿਨਾਰੇ ਹੋਏ ਨਾਜਾਇਜ਼ ਕਬਜ਼ਿਆਂ ਬਾਰੇ ਬੋਲਦੇ ਕਿਹਾ ਕਿ ਇਹ ਮੁੱਦਾ ਛੇਤੀ ਹੀ ਕਾਰਪੋਰੇਸ਼ਨ ਕਮਿਸ਼ਨਰ ਨਾਲ ਵਿਚਾਰ ਕੇ ਹੱਲ ਕਰਨ ਦੀ ਕੋਸ਼ਿਸ਼ ਕੀਤੀ ਜਾਵੇਗੀ। ਸ. ਮਰਵਾਹਾ ਨੇ ਅਟਾਰੀ ਸਰਹੱਦ ਰਸਤੇ ਪਾਕਿਸਤਾਨ ਨਾਲ ਵਪਾਰ ਕਰਦੇ ਵਪਾਰੀਆਂ ਦੇ ਗੰਭੀਰ ਮੁੱਦੇ ਪੁਲਿਸ ਕਮਿਸ਼ਨਰ ਕੋਲ ਉਠਾਏ। ਅੱਜ ਦੀ ਮੀਟਿੰਗ ਵਿਚ ਹੋਰਨਾਂ ਤੋਂ ਇਲਾਵਾ ਡੀ ਸੀ ਪੀ ਜੇ. ਇਲਨਚੇਨੀਅਨ, ਏ ਡੀ ਸੀ ਪੀ ਹਰਵਿੰਦਰ ਸਿੰਘ ਸੰਧੂ, ਰਮਨੀਕ ਸਿੰਘ ਫਰੀਡਮ, ਏ. ਪੀ. ਸਿੰਘ ਚੱਠਾ, ਨੀਲਮ, ਰਾਜੀਵ ਅਨੇਜਾ ਅਤੇ ਹੋਰ ਵਪਾਰੀਆਂ ਦੇ ਪ੍ਰਤੀਨਿਧੀ ਹਾਜ਼ਰ ਸਨ।
Check Also
ਖੇਡਾਂ ਵਤਨ ਪੰਜਾਬ ਦੀਆਂ 2026- ਜਿਲ੍ਹਾ ਪੱਧਰੀ ਜੁਡੋ ਮੁਕਾਬਲਿਆਂ ਦੀ ਸ਼ੁਰੂਆਤ
ਅੰਮ੍ਰਿਤਸਰ, 28 ਸਤੰਬਰ (ਜਗਦੀਪ ਸਿੰਘ) – ਪੰਜਾਬ ਸਰਕਾਰ ਦੇ ਖੇਡ ਵਿਭਾਗ ਵੱਲੋਂ ਕਰਵਾਈਆਂ ਜਾ ਰਹੀਆਂ …
Punjab Post Daily Online Newspaper & Print Media