Wednesday, June 17, 2026

ਨਸ਼ਿਆਂ ਖਿਲਾਫ ਨਾਟਕ ‘ਸੌਦਾਗਰ’ ਦਾ ਸਫਲ ਮੰਚਨ

PPN1505201603

ਬਠਿੰਡਾ, 15 ਮਈ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ)- ਨਸ਼ਿਆਂ ਖਿਲਾਫ ਨਾਟਕ ‘ਸੌਦਾਗਰ’ ਦਾ ਸਫਲ ਮੰਚਨ ਬੀਤੀ ਰਾਤ ਨਾਟਿਅਮ (ਰਜਿ:) ਜੈਤੋ ਵੱਲੋਂ ਉੱਤਰ ਖੇਤਰੀ ਸੱਭਿਆਚਾਰਕ ਕੇਂਦਰ, ਪਟਿਆਲਾ (ਮਨਿਸਟਰੀ ਆਫ ਕਲਚਰ, ਗਵਰਨਮੈਂਟ ਆਫ ਇੰਡੀਆ) ਦੇ ਸਹਿਯੋਗ ਨਾਲ ਪਿੰਡ ਕਰਮਗੜ੍ਹ ਸਤਰਾਂ ਦੇ ਪੰਚਾਇਤ ਘਰ ਵਿੱਚ ਕੀਤਾ ਗਿਆ।ਇਹ ਨਾਟਕ ਡਾ. ਨਿਰਮਲ ਜੌੜਾ ਵਲੋਂ ਲਿਖਿਆ ਤੇ ਕੀਰਤੀ ਕਿਰਪਾਲ ਦਵਾਰਾ ਨਿਰਦੇਸ਼ਤ ਕੀਤਾ ਗਿਆ ਸੀ। ਪੰਜ ਦਰਿਆਵਾਂ ਦੀ ਧਰਤੀ ‘ਤੇ ਅੱਜ ਨਸ਼ਿਆਂ ਦਾ ਛੇਵਾਂ ਦਰਿਆ ਵੱਗ ਰਿਹਾ ਹੈ। ਇਸ ਦੇ ਦੋਸ਼ੀ ਸਾਡੇ ਵਿਚੋਂ ਹੀ ਕੁੱਝ ਲਾਲਚੀ ਲੋਕ ਹਨ, ਜੋ ਸਰਕਾਰੇ-ਦਰਬਾਰੇ ਚੰਗਾ ਅਸਰ-ਰਸੂਖ ਰੱਖਦੇ ਹਨ। ਆਪਣੇ ਤੇ ਆਪਣੇ ਪਰਿਵਾਰ ਲਈ ਧਨ ਦੇ ਅੰਬਾਰ ਇਕੱਠੇ ਕਰਨ ਹਿੱਤ ਉਹ ਅੱਜ ਦੇ ਨੌਜਵਾਨਾਂ ਨੂੰ ਇਸ ਕਦਰ ਨਸ਼ੇ ਦੀ ਚਾਟ ‘ਤੇ ਲਾਉਂਦੇ ਹਨ ਕਿ ਉਹ ਸਾਰੀ ਉਮਰ ਨਸ਼ੇ ਦੇ ਗੁਲਾਮ ਹੋ ਜਾਂਦੇ ਹਨ. ਸਮੈਕ, ਕੌਕੀਨ,ਹੈਰੋਇਨ ਭਾਵ ਚਿੱਟਾ ਅਜਿਹੇ ਨਸ਼ੇ ਹਨ ਕਿ ਜੋ ਇਕ ਵਾਰ ਇਸ ਦਾ ਟੇਸਟ ਕਰ ਲਵੇ, ਸਾਰੀ ਉਮਰ ਇਸ ਨੂੰ ਛੱਡ ਨਹੀਂ ਸਕਦਾ। ਫਿਰ ਮੌਤ ਹੀ ਇਸ ਦਾ ਅੰਤ ਹੁੰਦੀ ਹੈ। ਨਾਟਕ ਵਿਚਲਾ ਮੁੱਖ ਕਿਰਦਾਰ ਸੌਦਾਗਰ ਨਸ਼ੇ ਦਾ ਵਪਾਰੀ ਹੈ।ਲੱਖਾਂ-ਕਰੋੜਾਂ ਰੁਪਇਆ ਇਸ ਵਿੱਚੋਂ ਕਮਾ ਰਿਹਾ ਹੈ ਪਰ ਅੰਤ ਉਸ ਦਾ ਆਪਣਾ ਇਕਲੌਤਾ ਪੁੱਤਰ ਇਸ ਨਸ਼ੇ ਦੀ ਲਪੇਟ ਵਿਚ ਆ ਜਾਂਦਾ ਹੈ ਤੇ ਫਿਰ ਇਸੇ ਕਾਰਨ ਉਸ ਦੀ ਮੌਤ ਹੋ ਜਾਂਦੀ ਹੈ ।ਇਸ ਅੰਤਲੇ ਦਰਦਮਈ ਦ੍ਰਿਸ਼ ਵਿਚ ਸੌਦਾਗਰ ਦੇ ਇਕ ਹੱਥ ਵਿਚ ਨੋਟਾਂ ਦੀਆਂ ਗੁੱਟੀਆਂ ਹਨ ਤੇ ਦੂਜੇ ਹੱਥ ਪੁੱਤਰ ਦੀ ਲਾਸ਼ ਹੈ।
ਨਾਟਕ ਦੇ ਮੁੱਖ ਪਾਤਰ ਸੌਦਾਗਰ ਦੇ ਕਿਰਦਾਰ ਵਿਚ ਜਗਦੀਪ ਸੰਧੂ ਨੇ ਆਪਣੀ ਭੂਮਿਕਾ ਬਾਖੂਬੀ ਨਿਭਾਈ। ਭਲਵਾਨ ਦੇ ਕਿਰਦਾਰ ਵਿਚ ਗਗਨਦੀਪ ਸਿੰਘ, ਅਮਲੀ ਰੰਗ ਹਰਜਿੰਦਰ ਤੇ ਸ਼ਮਿੰਦਰ ਸਨੀ, ਸਤਨਾਮ ਸਿੰਘ ਅਮੋਲਕ ਸਿੱਧੂ, ਦੀਪਾ ਹੈਪੀ ਪ੍ਰਿੰਸ, ਨਸ਼ੇੜੀ ਨੌਜਵਾਨ ਪਲਵਿੰਦਰ ਤੇ ਹਰਵਿੰਦਰ, ਅਮਲੀ ਦੀ ਘਰਵਾਲੀ ਬਬੀਤਾ ਤੇ ਕ੍ਰਾਂਤੀਕਾਰੀ ਨੌਜਵਾਨ ਹੈਪੀ ਆਦਿ ਕਲਾਕਾਰਾਂ ਨੇ ਆਪਣੀਆਂ ਭੂਮਿਕਾਵਾਂ ਨੂੰ ਬਾਖੂਬੀ ਨਿਭਾਇਆ. ਮੰਚ ਪਿੱਛੇ ਜੱਸੀ ਜਸਪ੍ਰੀਤ, ਗੁਰਨੂਰ ਸਿੰਘ ਤੇ ਸੁਰਿੰਦਰ ਕੌਰ ਨੇ ਆਪਣੀ-ਆਪਣੀ ਡਿਊਟੀ ਨੂੰ ਬਾਖੂਬੀ ਨਿਭਾਇਆ। ਇਸ ਮੌਕੇ ਪਿੰਡ ਦੇ ਮੌਜੂਦਾ ਸਰਪੰਚ ਜਸਵਿੰਦਰ ਸਿੰਘ ਤੇ ਸਮੂਹ ਗ੍ਰਾਮ ਪੰਚਾਇਤ, ਸਾਬਕਾ ਸਰਪੰਚ ਮੋਹਨ ਸਿੰਘ, ਹਰਭਗਵਾਨ ਸਿੰਘ, ਪੁਲਿਸ ਚੌਂਕੀ ਦੇ ਕਰਮਚਾਰੀ, ਸਕੂਲ ਦੇ ਅਧਿਆਪਕ ਸਾਹਿਬਾਨ ਅਤੇ ਸਮੂਹ ਨਗਰ ਨਿਵਾਸੀ ਦਰਸ਼ਕਾਂ ਦੇ ਰੂਪ ਵਿਚ ਮੌਜੂਦ ਸਨ. ਨਾਟਕ ਦੇ ਨਿਰਦੇਸ਼ਕ ਕੀਰਤੀ ਕਿਰਪਾਲ ਨੇ ਸਭਨਾਂ ਦਾ ਧੰਨਵਾਦ ਕੀਤਾ. ਪਿੰਡ ਦੀ ਪੰਚਾਇਤ ਵੱਲੋਂ ਸਮੁੱਚੀ ਨਾਟਿਅਮ ਟੀਮ ਨੂੰ ਸਨਮਾਨਤ ਕੀਤਾ ਗਿਆ।

Check Also

ਐਮ.ਪੀ ਗੁਰਜੀਤ ਸਿੰਘ ਔਜਲਾ ਨੇ ਅੰਮ੍ਰਿਤਸਰ-ਕਟੜਾ ਟ੍ਰੇਨ ਦੇ ਨਵੇਂ ਰੂਟ ਲਈ ਰੇਲ ਮੰਤਰੀ ਦਾ ਕੀਤਾ ਧੰਨਵਾਦ

ਅੰਮ੍ਰਿਤਸਰ, 15 ਜੂਨ (ਸੁਖਬੀਰ ਸਿੰਘ) – ਅੰਮ੍ਰਿਤਸਰ ਤੋਂ ਸੰਸਦ ਮੈਂਬਰ ਗੁਰਜੀਤ ਸਿੰਘ ਔਜਲਾ ਨੇ ਅੰਮ੍ਰਿਤਸਰ-ਕਟੜਾ …

Leave a Reply