
ਨਵੀਂ ਦਿੱਲੀ, 1 ਜੂਨ (ਅੰਮ੍ਰਿਤ ਲਾਲ ਮੰਨਣ) – ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਗੁਰੂ ਹਰਿਕ੍ਰਿਸ਼ਨ ਪਬਲਿੱਕ ਸਕੂਲਾਂ ਵਿਚ ਵਿੱਦਿਆ ਦੇ ਪੱਧਰ ਨੂੰ ਉੱਚਾ ਚੁੱਕਣ ਵਾਸਤੇ ਲਗਾਤਾਰ ਕੀਤੇ ਜਾ ਰਹੇ ਉਪਰਾਲਿਆਂ ਦੀ ਕੜੀ ਵਿਚ ਹੁਣ ਅਕਾਉਂਟ ਵਿਸ਼ੇ ਦੇੇ ਅਧਿਆਪਕਾਂ ਦੀ ਕਾਰਜਸ਼ਾਲਾ ਲਗਾਈ ਗਈ।ਇੰਡੀਆ ਗੇਟ ਸਕੂਲ ਵਿੱਖੇ ਲਗਾਈ ਗਈ ਕਾਰਜਸ਼ਾਲਾ ਵਿਚ ਸਕੂਲ ਦੀ ਪ੍ਰਿੰਸੀਪਲ ਦਵਿੰਦਰਜੀਤ ਕੌਰ ਢੀਂਗਰਾ, ਅਕਾਉਂਟ ਵਿਸ਼ੇ ਤੇ ਕਿਤਾਬਾਂ ਲਿਖਣ ਵਾਲੇ ਉਘੇ ਲਿਖਾਰੀ ਡਾ. ਜੀ.ਐ. ਗਰੇਵਾਲ, ਕੰਪਨੀ ਸਕੱਤਰ ਅਤੇ ਚਾਰਟਡ ਅਕਾਉਂਟੇਟਸ ਜਥੇਬੰਦੀਆਂ ਦੇ ਫੈਕਲਟੀ ਮੈਂਬਰ ਆਰ.ਕੇ ਖੋਸ਼ਲਾ ਅਤੇ ਕੇਂਦਰੀ ਵਿੱਦਿਆਲੇ ਸੰਗਠਨ ਦੇ ਸੇਵਾ ਮੁਕਤ ਮੀਤ ਕਮਿਸ਼ਨਰ ਐਸ.ਐਸ. ਸ਼ਹਿਰਾਵਤ ਨੇ ਅਧਿਆਪਕਾਂ ਨੂੰ ਬੋਰਡ ਪ੍ਰੀਖ਼ਿਆਵਾਂ ਵਿਚ ਬੱਚਿਆਂ ਨੂੰ ਚੰਗੇ ਨੰਬਰ ਦਿਵਾਉਣ ਵਾਸਤੇ ਕਈ ਗੁਰ ਸਾਂਝੇ ਕੀਤੇ।
ਬੁਲਾਰਿਆਂ ਨੇ 2017 ਦੀ ਬੋਰਡ ਪ੍ਰੀਖ਼ਿਆ ਅਨੁਸਾਰ ਅਕਾਉਂਟ ਵਿਸ਼ੇ ਦੇ ਸਲੇਬਸ ਦੀ ਵਿਚਾਰ ਚਰਚਾ ਅਤੇ ਸਲੇਬਸ ਵਿਚੋਂ ਹਟਾਏ ਅਤੇ ਜੋੜੇ ਗਏ ਤਥਾਂ ਦਾ ਹਵਾਲਾ ਦਿੰਦੇ ਹੋਏ ਅਧਿਆਪਕਾਂ ਨੂੰ ਸੀ.ਬੀ.ਐਸ.ਈ. ਵੱਲੋਂ ਜਾਰੀ ਕੀਤੇ ਗਏ ਕਈ ਸਰਕੂਲਰਾਂ ਦੀ ਵੀ ਜਾਣਕਾਰੀ ਦਿੱਤੀ।ਖ਼ਜਾਨਾਂ ਵਿਭਾਗ ਵੱਲੋਂ ਨਵੇਂ ਲਿਆਂਦੇ, ਹਟਾਏ ਜਾਂ ਸੋਧ ਕੀਤੇ ਗਏ ਕਾਨੂੰਨਾਂ ਬਾਰੇ ਵੀ ਅਧਿਆਪਕਾਂ ਨੂੰ ਚੰਗੀ ਤਰੀਕੇ ਸਮਝਾਇਆ ਗਿਆ।ਕਾਰਜਸ਼ਾਲਾ ਦੀ ਸਮਾਪਤੀ ਤੇ ਕਮੇਟੀ ਦੀ ਐਜੂਕੇਸ਼ਨ ਸੈਲ ਦੀ ਟੀਮ ਡਾ. ਮਨਿੰਦਰ ਕੌਰ ਵੱਲੋਂ ਸਾਰੇ ਮਹਿਮਾਨਾਂ ਅਤੇ ਅਧਿਆਪਕਾਂ ਦਾ ਧੰਨਵਾਦ ਕੀਤਾ ਗਿਆ। ਅਧਿਆਪਕਾਂ ਨੇ ਉਕਤ ਕਾਰਜਸ਼ਾਲਾ ਨੂੰ ਕਮੇਟੀ ਦਾ ਚੰਗਾ ਵਿੱਦਿਆ ਪੱਖੀ ਉਪਰਾਲਾ ਕਰਾਰ ਦਿੰਦੇ ਹੋਏ ਕਮੇਟੀ ਪ੍ਰਧਾਨ ਮਨਜੀਤ ਸਿੰਘ ਜੀ.ਕੇ, ਜਨਰਲ ਸਕੱਤਰ ਮਨਜਿੰਦਰ ਸਿੰਘ ਸਿਰਸਾ, ਸਕੂਲੀ ਸਿੱਖਿਆ ਕਮੇਟੀ ਦੇ ਚੇਅਰਮੈਨ ਹਰਮੀਤ ਸਿੰਘ ਕਾਲਕਾ ਦਾ ਧੰਨਵਾਦ ਵੀ ਕੀਤਾ।
Punjab Post Daily Online Newspaper & Print Media