ਬਠਿੰਡਾ, 2 ਜੂਨ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ) – ”ਕੂੜਾ ਡੰਪ ਹਟਾਓ ਮੋਰਚਾ” ਦੀ ਐਕਸ਼ਨ ਕਮੇਟੀ ਨੇ ਆਪਣੇ ਐਕਸ਼ਨ ਨੂੰ ਤੇਜ਼ ਕਰਨ ਦੀ ਨੀਤੀ ਤਹਿਤ 4 ਜੂਨ ਤੋਂ ਕਚਰਾ ਪਲਾਂਟ ਨੂੰ ਜਾਂਦੇ ਰਾਹੇ-ਰਾਹੇ ਸੂਏ ਦੀ ਪਟੜੀ ‘ਤੇ ਧਰਨਾ ਲਾਉਣ ਦਾ ਐਲਾਨ ਕੀਤਾ ਹੈ ਜਿਸ ਤਹਿਤ ਧਰਨਾ ਸਵੇਰ ਅੱਠ ਵਜੋ ਤੋਂ ਸ਼ੁਰੂ ਹੋਵੇਗਾ। ਇਹ ਐਲਾਨ ਗੁਰਦੁਆਰਾ ਬਾਬਾ ਬੰਦਾ ਸਿੰਘ ਬਹਾਦਰ ਹਰਬੰਸ ਨਗਰ ਵਿਖੇ ਇਲਾਕੇ ਦੀਆਂ 14 ਕਲੋਨੀਆਂ ਦੇ ਪ੍ਰਤੀਨਿਧਾਂ ਦੀ ਅਗਵਾਈ ਵਿਚ ਹੋਈ ਇਕੱਤਰਤਾ ਮੌਕੇ ਕੀਤਾ ਗਿਆ।ਉਨ੍ਹਾਂ ਮਹਿਸੂਸ ਕੀਤਾ ਕਿ ਸਾਢੇ ਚਾਰ ਮਹੀਨਿਆ ਤੋਂ ਲਗਾਤਾਰ ਚੱਲ ਰਹੇ ਸ਼ਾਂਤਮਈ ਸੰਘਰਸ਼ ਨੂੰ ਸਰਕਾਰ ਅਤੇ ਨਿਗਮ ਅਧਿਕਾਰੀ ਅਣਗੌਲਿਆਂ ਕਰਦੇ ਆ ਰਹੇ ਹਨ ਅਤੇ ਪੀੜਤ ਲੋਕਾਂ ਨੂੰ ਮੋਰਚੇ ਨੂੰ ਠੋਸ ਕਰਾਵਾਈ ਕਰਨ ਲਈ ਮਜਬੂਰ ਕਰ ਰਹੇ ਹਨ, ਲੋਕਾਂ ਦੀ ਜਾਇਜ਼ ਪੀੜ ਹੈ ਕਿ ਉਹ ਖੁੱਲ੍ਹੇ ਵੇਹੜੇ ਵਿਚ ਸੌ ਵੀ ਨਹੀ ਸਕਦੇ । ਕੂੁਲਰ ਦੀ ਹਵਾ ਨਾਲ ਬਦਬੂ ਅੰਦਰ ਜਾਂਦੀ ਹੈ, ਹਵਾ ਦੇ ਰੁੱਖ ਅਨੁਸਾਰ ਬਦਬੂ ਚੁਫੇਰੇ ਵਧਦੀ ਵਸੌਂ ਦਾ ਜੀਵਨ ਨਰਕ ਬਣਾ ਰਹੀ ਹੈ।ਨਗਰ ਨਿਗਮ ਅਧਿਕਾਰੀ ਸਾਰਾ ਜੋਰ ਕੰਪਨੀ ਦੇ ਸਹਿਯੋਗ ਲਈ ਲਾ ਰਹੇ ਹਨ। ਉਹ ਵਾਰ ਵਾਰ ਸੁਧਾਰਾਂ ਦੀ ਗੱਲ ਕਰਦੇ ਹਨ ਜਦੋ ਕਿ ਲੋੜ ਇਸ ਕਚਰਾ ਪਲਾਂਟ ਨੂੰ ਸੰਘਣੀ ਵਸੋਂ ਤੋਂ ਦੂਰ ਸਥਾਪਿਤ ਕਰਨ ਦੀ ਹੈ। ਸਾਰੇ ਨਿਯਮ ਕਾਨੂੰਨ ਦੀ ਉਲੰਘਣਾ ਕਰਕੇ ਲੋਕ ਵਿਰੋਧ ਦੀ ਪ੍ਰਵਾਹ ਨਾ ਕਰਦੇ ਹੋਏ ਨਿਗਮ ਅਧਿਕਾਰੀ ਇਸ ਨੂੰ ਚਲਦਾ ਕਰਨ ਦੀ ਨਵੀਂ ਤੋਂ ਨਵੀਂ ਸ਼ਾਜਸ਼ ਘੜ੍ਹ ਰਹੇ ਹਨ। ਬਦਬੂ ਨੇ ਇਲਾਕੇ ਦੇ ਲੋਕਾਂ ਦਾ ਨੱਕ ਵਿਚ ਦਮ ਕਰ ਰੱਖਿਆਂ ਹੋਇਆ ਹੈ। ਉਨ੍ਹਾਂ ਕਿਹਾ ਕਿ ਇਸ ਕਚਰਾ ਪਲਾਂਟ ਵਿਚ ਬਠਿੰਡੇ ਤੋਂ ਬਿਨ੍ਹਾਂ ਇਥੋ ਅਬੋਹਰ, ਮਲੋਟ, ਗਿਦੜਬਾਹਾ, ਬੁਢਲਾਡਾ, ਬਰੇਟਾ, ਭੀਖੀ, ਮੋੜ, ਕੋਟਫੱਤਾ, ਰਾਮਾਂ ਮੰਡੀ, ਤਲਵੰਡੀ ਸਾਬੋ, ਤਪਾ, ਰਾਮਪੁਰਾ, ਭੁੱਚੋਂਮੰਡੀ ਤੇ ਗੋਨਿਆਣਾ ਦਾ ਗੰਦ ਵੀ ਸ਼ਾਮਲ ਕੀਤਾ ਜਾਣਾ ਹੈ। ਜਿਹੜੇ ਰਸਤੇ ਇਹ ਗੰਦ ਲੰਘੇਗਾ, ਲੋਕਾਂ ਦੀਆਂ ਨਾਸਾਂ ਬੰਦ ਕਰ ਦੇਵੇਗਾ।ਸਮੂੱਚਾ ਬਠਿੰਡਾ ਬੁਰੀ ਤਰ੍ਹਾਂ ਪਲੀਤ ਹੋ ਜਾਵੇਗਾ।ਇਸ ਤੋਂ ਪਹਿਲਾਂ ਕਿ ਬਠਿੰਡਾ ਨਰਕਸਤਾਨ ਬਣੇ, ਇਸ ਦੀ ਪਵਿੱਤਰਤਾ ਕਾਇਮ ਰੱਖਣ ਲਈ ਕੂੜਾ ਡੰਪ ਹਟਾਓ ਮੋਰਚਾ ਧਰਨਾ ਲਾਉਣ ਲਈ ਮਜਬੂਰ ਹੋ ਗਿਆ ਹੈ।ੲਸ ਧਰਨੇ ਦੀ ਅਗਵਾਈ ਇਲਾਕੇ ਦੇ ਐਮ.ਸੀ ਤੇ ਉਨ੍ਹਾਂ ਦੀ ਸਹਿਯੋਗੀ ਟੀਮ ਕਰੇਗੀ। ਸਥਾਨਕ ਰਾਜਨੀਤਕ ਨੇਤਾ ਜਿਹੜੇ ਇਸ ਸੰਘਰਸ਼ ਨੂੰ ਤਮਾਸ਼ੇ ਦੇ ਰੂਪ ਵਿਚ ਦੇਖ ਰਹੇ ਹਨ, ਉਨ੍ਹਾਂ ਨੂੰ ਲੋਕ ਰੋਹ ਦਾ ਸਾਹਮਣਾ ਕਰਨਾ ਪਵੇਗਾ, ਫਿਰ ਉਨ੍ਹਾ ਨੂੰ ਭੱਜਣ ਲਈ ਰਾਹ ਨਹੀ ਲੱਭੇਗਾ।ਮੋਰਚਾ ਕਨਵੀਨਰ ਜੀਤ ਸਿੰਘ ਜੋਸੀ ਦੀ ਪ੍ਰਧਾਨਗੀ ਹੇਠ ਹੋਈ ਇਸ ਇਕੱਤਰਤਾ ਵਿਚ ਸੁਖਦੇਵ ਸਿੰਘ ਗਿੱਲ, ਕਰਨੈਲ ਸਿੰਘ ਭੁੱਲਰ, ਗੁਰਅਵਤਾਰ ਸਿੰਘ ਗੋਗੀ, ਮੈਡਮ ਜਗਦੇਵ ਕੌਰ,ਅਮਰਜੀਤ ਕੌਰ ਮਾਹੀਨੰਗਲ, ਰਣਜੀਤ ਸਿੰਘ ਜਲਾਲ, ਬਿਕਰਮ ਸਿੰਘ ਧਿੰਗੜ,ਨਗੋਰ ਸਿੰਘ ਸੇਵਾਮੁਕਤ ਡੀ.ਐਸ.ਪੀ, ਗੁਰਚਰਨ ਸਿੰਘ ਸਿੱਧੂ, ਬਲਰਾਜ ਸਿੰਘ, ਸ਼ਾਹਬਾਜ਼ ਸਿੰਘ ਭਾਗੂ, ਮੋਹਨਜੀਤ ਪੁਰੀ ਐਡਵੋਕੇਟ, ਰਾਜਬਿੰਦਰ ਸਿੰਘ ਸਿੱਧੂ ਐਮ.ਸੀ, ਦਲਜੀਤ ਸਿੰਘ ਬਰਾੜ ਐਮ.ਸੀ, ਵਲੋਂ ਵੀ ਆਪਣੇ ਆਪਣੇ ਵਿਚਾਰ ਪੇਸ਼ ਕੀਤੇ ਗਏ।
Check Also
ਡੀ.ਏ.ਵੀ ਪਬਲਿਕ ਸਕੂਲ ਵਿਖੇ ਲਿੰਗ ਸੰਵੇਦਨਸ਼ੀਲਤਾ ਵਰਕਸ਼ਾਪ ਦਾ ਆਯੋਜਨ
ਅੰਮ੍ਰਿਤਸਰ, 14 ਮਾਰਚ (ਜਗਦੀਪ ਸਿੰਘ) – ਆਰੀਆ ਰਤਨ ਡਾ. ਪੂਨਮ ਸੂਰੀ ਪਦਮ ਸ੍ਰੀ ਪੁਰਸਕਾਰ ਜੇਤੂ …
Punjab Post Daily Online Newspaper & Print Media