
ਬਠਿੰਡਾ, 3 ਜੂਨ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ)- ਪੰਜਾਬ ਦੇ ਉੱਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੇ ਕਿਹਾ ਹੈ ਕਿ ਪੰਜਾਬ ਦੇ ਪਿੰਡਾਂ ਨੂੰ ਸ਼ਹਿਰਾਂ ਬਰਾਬਰ ਸਹੂਲਤਾਂ ਅਤੇ ਸੁਵਿਧਾਵਾਂ ਦੇਣ ਦੇ ਮੰਤਵ ਨਾਲ 4 ਹਜ਼ਾਰ ਕਰੋੜ ਰੁਪਏ ਨਾਲ ਪਿੰਡਾਂ ਦੀ ਕਾਇਆ ਕਲਪ ਕੀਤੀ ਜਾਵੇਗੀ ਅਤੇ ਅਗਲੇ ਪੰਜ ਸਾਲਾਂ ਵਿਚ ਪਿੰਡਾਂ ਦਾ ਚਹੁੰ ਮੁਖੀ ਵਿਕਾਸ ਹੋ ਜਾਵੇਗਾ। ਇੱਥੇ ਅਜੂਰ ਪਾਵਰ ਦੇ ਨਵੇਂ ਸੋਲਰ ਪਲਾਂਟ ਦਾ ਨੀਂਹ ਪੱਥਰ ਰੱਖਣ ਤੋਂ ਬਾਅਦ ਉਨ੍ਹਾਂ ਕਿਹਾ ਕਿ ਇਸ ਵੇਲੇ ਪੰਜਾਬ ਤਰੱਕੀ ਦੀਆਂ ਨਵੀਆਂ ਇਬਾਰਤਾਂ ਲਿਖ ਰਿਹਾ ਹੈ ਅਤੇ ਗੁਆਂਢੀ ਸੂਬਿਆਂ ਨਾਲੋਂ ਪੰਜਾਬ ਵਿਚ ਤਰੱਕੀ ਕਿਤੇ ਜ਼ਿਆਦਾ ਹੈ। ਉਨ੍ਹਾਂ ਕਿਹਾ ਕਿ ਗੁਆਂਢੀ ਸੂਬਿਆਂ ਵਿਚ ਜਿੱਥੇ ਬਿਜਲੀ 24 ਘੰਟਿਆਂ ਬਾਅਦ ਕੁਝ ਸਮੇਂ ਲਈ ਆਉਂਦੀ ਹੈ ਉੱਥੇ ਹੀ ਪੰਜਾਬ ਵਿਚ ਬਿਜਲੀ ਸਪਲਾਈ 24 ਘੰਟੇ ਹੈ ਅਤੇ ਸੋਲਰ ਪਲਾਂਟਾਂ ਦੀ ਬਦੌਲਤ ਆਉਣ ਵਾਲੇ ਸਮੇਂ ਵਿਚ ਪੰਜਾਬ ਵਿੱਚ ਬਿਜਲੀ ਦੀ ਪੈਦਾਵਾਰ ਰਿਕਾਰਡਤੋੜ ਹੋ ਜਾਵੇਗੀ।
ਵਣ ਵਾਲਾ ਵਿਖੇ ਨਵੇਂ ਸੋਲਰ ਪਲਾਂਟ ਦੇ ਨਾਲ ਹੀ ਪੰਜਾਬ ਸਰਕਾਰ ਦੀ ਮਦਦ ਨਾਲ ਅਜੂਰ ਪਾਵਰ ਵੱਲੋਂ ਬਾਦਲ, ਬਠਿੰਡਾ ਜ਼ਿਲ੍ਹੇ ਦੇ ਬਹਾਦਰਗੜ੍ਹ ਜੰਡੀਆ ਅਤੇ ਫਾਜ਼ਿਲਕਾ ਜ਼ਿਲ੍ਹੇ ਦੇ ਕੋਰਿਆਂਵਾਲੀ ਅਤੇ ਬਹਾਦਰਖੇੜਾ ਵਿਖੇ 798.6 ਕਰੋੜ ਰੁਪਏ ਦੀ ਲਾਗਤ ਨਾਲ 150 ਮੈਗਾਵਾਟ ਸਮਰੱਥਾ ਦੇ ਸੋਲਰ ਪਲਾਂਟਾਂ ਦੀ ਸਥਾਪਤੀ ਦਾ ਕੰਮ ਸ਼ੁਰੂ ਕੀਤਾ ਗਿਆ ਹੈ। ਸ. ਬਾਦਲ ਨੇ ਆਪਣੇ ਸੰਬੋਧਨ ਦੌਰਾਨ ਕਿਹਾ ਕਿ ਸਾਫ-ਸੁਥਰੀ ਅਤੇ ਸਸਤੀ ਬਿਜਲੀ ਲਈ ਸੂਰਜੀ ਊਰਜਾ ਦੇ ਪਲਾਂਟਾਂ ਦੀ ਸਥਾਪਤੀ ਪੰਜਾਬ ਲਈ ਬਹੁਤ ਲਾਹੇਵੰਦ ਹੈ ਅਤੇ ਇਸ ਨਾਲ ਕਿਸਾਨਾਂ ਨੂੰ ਵੀ ਆਰਥਿਕ ਪੱਧਰ ‘ਤੇ ਫਾਇਦਾ ਹੋ ਰਿਹਾ ਹੈ। ਉਨ੍ਹਾਂ ਕਿਹਾ ਕਿ ਜਿਨ੍ਹਾਂ ਇਲਾਕਿਆਂ ਦੀ ਜ਼ਮੀਨਾਂ ਸੇਮ ਪ੍ਰਭਾਵਿਤ ਜਾਂ ਕੱਲਰ ਹਨ ਉੱਥੇ ਸੋਲਰ ਪਲਾਂਟਾਂ ਦੀ ਸਥਾਪਤੀ ਨਾਲ ਜਿੱਥੇ ਕਿਸਾਨਾਂ ਦੀ ਆਮਦਨ ਵਿਚ ਵਾਧਾ ਹੋਇਆ ਹੈ ਉੱਥੇ ਹੀ ਬਿਜਲੀ ਦੀ ਵੱਧ ਰਹੀ ਮੰਗ ਨੂੰ ਵੀ ਸੌਖਿਆ ਹੀ ਪੂਰਾ ਕੀਤਾ ਜਾ ਸਕਦਾ ਹੈ।ਉਨ੍ਹਾਂ ਕਿਹਾ ਕਿ ਇਸ ਵੇਲੇ ਪੰਜਾਬ ਵਿਚ ਸੋਲਰ ਪਲਾਂਟਾਂ ਦੀ ਸਥਾਪਤੀ ਪੱਖੋਂ ਮੁਕਤਸਰ ਜ਼ਿਲ੍ਹਾ ਪੰਜਾਬ ਵਿਚ ਪਹਿਲੇ ਨੰਬਰ ‘ਤੇ ਹੈ । ਸ. ਬਾਦਲ ਨੇ ਕਿਹਾ ਕਿ ਸੂਬਾ ਸਰਕਾਰ ਵੱਲੋਂ 100 ਕਰੋੜ ਰੁਪਏ ਦੀ ਲਾਗਤ ਨਾਲ 1000 ਪਿੰਡਾਂ ਵਿਚ ਸੋਲਰ ਲਾਈਟਾਂ ਲਗਾਈਆਂ ਜਾ ਰਹੀਆਂ ਹਨ। ਉਨ੍ਹਾਂ ਕਿਹਾ ਕਿ ਪੰਜਾਬ ਵਿਕਾਸ ਦੀਆਂ ਨਵੀਆਂ ਮੰਜ਼ਿਲਾਂ ਸਰ ਕਰ ਰਿਹਾ ਹੈ ਅਤੇ ਇਸ ਦੇ ਉਲਟ ਸਿਆਸੀ ਵਿਰੋਧੀ ਪੰਜਾਬ ਨੂੰ ਬਦਨਾਮ ਕਰ ਰਹੇ ਹਨ ਅਤੇ ਝੂਠੇ ਪ੍ਰਚਾਰ ਰਾਹੀਂ ਪੰਜਾਬੀਆਂ ਨੂੰ ਨਸ਼ੇੜੀ ਕਿਹਾ ਜਾ ਰਿਹਾ ਹੈ। ਸ. ਬਾਦਲ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਕੱਢੀਆਂ ਗਈਆਂ ਪੰਜਾਬ ਪੁਲਿਸ ਦੇ ਕਾਂਸਟੇਬਲਾਂ ਦੀਆਂ ਅਸਾਮੀਆਂ ਵਿਚ ਸਭ ਉਮੀਦਵਾਰਾਂ ਦਾ ਡਰੱਗ ਟੈਸਟ ਹੋਵੇਗਾ ਅਤੇ ਇਸ ਦੇ ਨਤੀਜਿਆਂ ਤੋਂ ਪਤਾ ਚੱਲ ਜਾਵੇਗਾ ਕਿ ਪੰਜਾਬ ਵਿਚ ਕਿੰਨੇ ਕੁ ਨਸ਼ੱਈ ਹਨ।ਉਨ੍ਹਾਂ ਦੱਸਿਆ ਕਿ 3 ਕਰੋੜ ਰੁਪਏ ਦੀ ਲਾਗਤ ਨਾਲ ਡਰੱਗ ਟੈਸਟ ਵਾਲੀਆਂ ਕਿੱਟਾਂ ਮੰਗਵਾਈਆਂ ਗਈਆਂ ਹਨ। ਸ. ਬਾਦਲ ਨੇ ਕਿਹਾ ਕਿ ਸਿਰਫ ਦੋ ਦਿਨਾਂ ਵਿਚ 57000 ਉਮੀਦਵਾਰਾਂ ਨੇ ਫਾਰਮ ਭਰ ਦਿੱਤੇ ਹਨ ਅਤੇ ਉਮੀਦ ਹੈ ਕਿ ਇਹ ਗਿਣਤੀ ਢਾਈ ਲੱਖ ਤੋਂ ਪਾਰ ਜਾਵੇਗੀ।ਉੱਪ ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬ ਨੂੰ ਕੰਗਾਲ ਦੱਸਣ ਵਾਲੇ ਸਿਆਸੀ ਵਿਰੋਧੀਆਂ ਦੇ ਦੋਸ਼ਾਂ ਦੇ ਉਲਟ ਪੰਜਾਬ ਕਣਕ-ਝੋਨੇ, ਦੁੱਧ, ਸ਼ਹਿਦ, ਧਾਗਾ, ਖੁੰਬਾਂ ਅਤੇ ਸਾਈਕਲਾਂ ਦੀ ਪੈਦਾਵਾਰ ਵਿਚ ਦੇਸ਼ ਦਾ ਮੋਹਰੀ ਸੂਬਾ ਹੈ ਅਤੇ ਸਭ ਤੋਂ ਜ਼ਿਆਦਾ ਟਰੈਕਟਰ ਵੀ ਪੰਜਾਬ ਵਿਚ ਹੀ ਬਣਦੇ ਹਨ। ਇਸ ਤੋ ਪਹਿਲਾਂ ਸ. ਬਾਦਲ ਨੇ ਕਿਲਿਆਂਵਾਲੀ ਵਿਚ 201 ਕਰੋੜ ਰੁਪਏ ਦੀ ਲਾਗਤ ਨਾਲ 28 ਮੈਗਾਵਾਟ ਸਮਰੱਥਾ ਦੇ ਸੋਲਰ ਪਲਾਂਟ ਦਾ ਉਦਘਾਟਨ ਕੀਤਾ ਜਿੱਥੇ ਸਾਲਾਨਾ 420 ਲੱਖ ਯੂਨਿਟ ਬਿਜਲੀ ਪੈਦਾ ਹੋਵੇਗੀ।
ਇਸ ਮੌਕੇ ਨਵੀਂ ਅਤੇ ਨਵਿਆਉਣਯੋਗ ਊਰਜਾ ਮੰਤਰੀ ਸ. ਬਿਕਰਮ ਸਿੰਘ ਮਜੀਠੀਆ ਨੇ ਕਿਹਾ ਕਿ ਪੰਜਾਬ ਸੂਰਜੀ ਊਰਜਾ ਦੇ ਖੇਤਰ ਵਿਚ ਨਵੇਂ ਮੁਕਾਮ ਹਾਸਲ ਕਰ ਰਿਹਾ ਹੈ ਅਤੇ 2017 ਤੱਕ 2000 ਪਿੰਡ ਅਜਿਹੇ ਹੋਣਗੇ ਜਿਨ੍ਹਾਂ ਨੂੰ ਬਿਜਲੀ ਸਿਰਫ ਸੋਲਰ ਪਲਾਂਟਾਂ ਰਾਹੀਂ ਦਿੱਤੀ ਜਾਇਆ ਕਰੇਗੀ ਪੰਜਾਬ ਦੀ ਇਸ ਪ੍ਰਾਪਤੀ ਲਈ 7 ਜੂਨ ਨੂੰ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਵਿਗਿਆਨ ਭਵਨ ਵਿਖੇ ਪੰਜਾਬ ਸਰਕਾਰ ਨੂੰ ਸਨਮਾਨਿਤ ਕਰ ਰਹੇ ਹਨ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਵਿਧਾਇਕ ਗੁਰਤੇਜ ਸਿੰਘ ਘੁੜਿਆਣਾ, ਪੰਜਾਬ ਐਗਰੋ ਇੰਡਸਟਰੀਜ਼ ਲਿਮਟਿਡ ਦੇ ਚੇਅਰਮੈਨ ਦਿਆਲ ਸਿੰਘ ਕੋਲਿਆਂਵਾਲੀ, ਪੰਜਾਬ ਊਰਜਾ ਵਿਕਾਸ ਏਜੰਸੀ (ਪੇਡਾ) ਦੇ ਉਪ ਚੇਅਰਮੈਨ ਕੁਲਵੰਤ ਸਿੰਘ ਕੀਤੂ, ਉੱਪ ਮੁੱਖ ਮੰਤਰੀ ਦੇ ਓਐਸਡੀ ਸ. ਚਰਨਜੀਤ ਸਿੰਘ ਬਰਾੜ, ਮੁੱਖ ਮੰਤਰੀ ਦੇ ਓਐਸਡੀ ਬਲਕਰਨ ਸਿੰਘ, ਚੇਅਰਮੈਨ ਕੋ-ਆਪਰੇਟਿਵ ਬੈਂਕ ਤੇਜਿੰਦਰ ਸਿੰਘ ਮਿੱਡੂਖੇੜਾ, ਸੀਨੀਅਰ ਅਕਾਲੀ ਆਗੂ ਅਵਤਾਰ ਸਿੰਘ ਵਣ ਵਾਲਾ, ਪੇਡਾ ਦੇ ਸੀਈਓ ਡਾ. ਅਮਰਪਾਲ ਸਿੰਘ, ਡਿਪਟੀ ਕਮਿਸ਼ਨਰ ਡਾ. ਸੁਮਿਤ ਜਾਰੰਗਲ, ਜ਼ਿਲ੍ਹਾ ਪੁਲਿਸ ਮੁਖੀ ਗੁਰਪ੍ਰੀਤ ਸਿੰਘ ਗਿੱਲ, ਅਜੂਰ ਪਾਵਰ ਦੇ ਚੇਅਰਮੈਨ ਹਰਕੰਵਲ ਸਿੰਘ ਵਧਵਾ ਅਤੇ ਕੋ-ਫਾਊਂਡਰ ਪ੍ਰੀਤ ਸੰਧੂ ਆਦਿ ਹਾਜ਼ਰ ਸਨ।
Check Also
ਸ਼ਹੀਦ ਭਾਈ ਤਾਰੂ ਸਿੰਘ ਜੀ ਦੇ ਸ਼ਹੀਦੀ ਦਿਹਾੜੇ ਮੌਕੇ ਗੁਰਮਤਿ ਸਮਾਗਮ
ਅੰਮ੍ਰਿਤਸਰ, 17 ਜੁਲਾਈ (ਜਗਦੀਪ ਸਿੰਘ) – ਸਿੱਖ ਕੌਮ ਦੇ ਮਹਾਨ ਸ਼ਹੀਦ ਭਾਈ ਤਾਰੂ ਸਿੰਘ ਦਾ …
Punjab Post Daily Online Newspaper & Print Media