
ਮਾਲੇਰਕੋਟਲਾ, 20 ਜੂਨ (ਹਰਮਿੰਦਰ ਸਿੰਘ ਭੱਟ) – ਮਾਲੇਰਕੋਟਲਾ ਨੂੰ ਪੰਜਾਬ ਦੇ ਨਕਸ਼ੇ ‘ਤੇ ਇੱਕ ਮਾਡਲ ਹਲਕਾ ਬਣਾਉਣ ਲਈ ਸਾਬਕਾ ਚੇਅਰਮੈਨ ਪਦਮ ਸ੍ਰੀ ਇਜ਼ਹਾਰ ਆਲਮ ਅਤੇ ਪੰਜਾਬ ਦੀ ਮੁੱਖ ਸੰਸਦੀ ਸਕੱਤਰ ਤੇ ਹਲਕਾ ਵਿਧਾਇਕਾ ਬੀਬੀ ਫਰਜ਼ਾਨਾਂ ਆਲਮ ਦੀ ਯੋਗ ਰਹਿਨੂੰਮਾਈ ਹੇਠ ਕੋਈ ਕਸਰ ਬਾਕੀ ਨਹੀਂ ਛੱਡੀ ਜਾਵੇਗੀ, ਕਿਉਂ ਕਿ ਸੂਬੇ ਦਾ ਸਰਵਪੱਖੀ ਵਿਕਾਸ ਕਰਨਾ ਹੀ ਪੰਜਾਬ ਸਰਕਾਰ ਦਾ ਮੁੱਖ ਏਜੰਡਾ ਹੈ। ਇਹ ਦਾਅਵਾ ਨਗਰ ਕੌਂਸਲ ਮਾਲੇਰਕੋਟਲਾ ਦੇ ਪ੍ਰਧਾਨ ਕਾਮਰੇਡ ਮੁਹੰਮਦ ਇਸਮਾਇਲ ਨੇ ਸਥਾਨਕ ਮੁਹੱਲਾ ਅਜੀਤ ਨਗਰ ਵਿਖੇ ਇੰਟਰਲਾਕ ਟਾਇਲਾਂ ਦੇ ਲਗਾਏ ਜਾ ਰਹੇ ਸ਼ਾਨਦਾਰ ਫਰਸ਼ ਦੇ ਕੰਮ ਦਾ ਉਦਘਾਟਨ ਕਰਨ ਮੌਕੇ ਮੁਹੱਲਾ ਵਾਸੀਆਂ ਨੂੰ ਸੰਬੋਧਨ ਕਰਦਿਆਂ ਕੀਤਾ। ਪ੍ਰਧਾਨ ਇਸਮਾਇਲ ਨੇ ਦੱਸਿਆ ਕਿ ਇਲਾਕਾ ਵਾਸੀਆਂ ਨੂੰ ਸੀਵਰੇਜ਼ ਤੇ ਪੀਣ ਵਾਲੇ ਸਾਫ ਪਾਣੀ ਵਰਗੀਆਂ ਮੁਢਲੀਆਂ ਸਹੂਲਤਾਂ ਮੁਹੱਈਆ ਕਰਾਉਣ ਲਈ ਜਿਥੇ ਕਰੋੜਾਂ ਰੁਪਏ ਦੀ ਲਾਗਤ ਨਾਲ ਨਵੀਆਂ ਲਾਈਨਾਂ ਵਿਛਾਈਆਂ ਜਾ ਰਹੀਆਂ ਹਨ ਉਥੇ ਹੀ ਸ਼ਹਿਰ ਦੇ ਹਰੇਕ ਵਾਰਡ ਤੇ ਗਲੀ-ਮੁਹੱਲੇ ‘ਚ ਇੰਟਰਲਾਕ ਟਾਇਲਾਂ ਦੇ ਸ਼ਾਨਦਾਰ ਫਰਸ਼ ਲਗਾਉਣ ਦੇ ਨਾਲ-ਨਾਲ ਸ਼ਹਿਰ ਦੇ ਚੌਕਾਂ ਦੀ ਸੇਵਾ-ਸੰਭਾਲ ਦਾ ਜਿੰਮਾਂ ਪ੍ਰਾਈਵੇਟ ਅਦਾਰਿਆਂ ਨੂੰ ਸੌਂਪ ਕੇ ਸਾਰੇ ਚੌਂਕਾਂ ਨੂੰ ਨਵੀਂ ਦਿੱਖ ਪ੍ਰਦਾਨ ਕੀਤੀ ਗਈ ਹੈ। ਜੰਗੀ ਪੱਧਰ ‘ਤੇ ਚਲਦੇ ਇਨ੍ਹਾਂ ਵਿਕਾਸ ਕਾਰਜਾਂ ਦੀ ਅਗਲੇ ਕੁਝ ਮਹੀਨਿਆਂ ‘ਚ ਪੂਰਤੀ ਉਪਰੰਤ ਸ਼ਹਿਰ ਮਾਲੇਰਕੋਟਲਾ ਸੁੰਦਰ ਤੇ ਹਰਿਆ-ਭਰਿਆ ਨਜ਼ਰ ਆਵੇਗਾ। ਕੌਂਸਲ ਪ੍ਰਧਾਨ ਇਸਮਾਇਲ ਨੇ ਦਾਅਵਾ ਕੀਤਾ ਕਿ ਹਲਕਾ ਮਾਲੇਰਕੋਟਲਾ ਦੀ ਜਿੰਨੀ ਵੀ ਤਰੱਕੀ ਹੋਈ ਹੈ ਉਹ ਕੇਵਲ ਤੇ ਕੇਵਲ ਅਕਾਲੀ-ਭਾਜਪਾ ਸਰਕਾਰ ਦੇ ਕਾਰਜਕਾਲ ਦੌਰਾਨ ਹੀ ਹੋਈ ਹੈ ਜਦ ਕਿ ਪਿਛਲੀਆਂ ਕਾਂਗਰਸੀ ਸਰਕਾਰਾਂ ਨੇ ਮਾਲੇਰਕੋਟਲੇ ਦਾ ਸਿਆਸੀ ਤੇ ਸਮਾਜੀ ਹਰੇਕ ਖੇਤਰ ‘ਚ ਬੇੜਾ ਗਰਕ ਕੀਤਾ ਹੈ। ਇਸ ਉਦਘਾਟਨ ਮੌਕੇ ਹੋਰਨਾਂ ਤੋਂ ਇਲਾਵਾ ਲੈਕਚਰਾਰ ਮੁਹੰਮਦ ਮੁਸਤਫਾ, ਕਰਤਾਰ ਸਿੰਘ, ਡਾ.ਮੁਹੰਮਦ ਯਾਸੀਨ (ਲਾਲਾ), ਸੰਜੇ ਕੁਮਾਰ, ਪ੍ਰਿੰਸੀਪਲ ਚਰਨਜੀਤ ਵਾਤਿਸ਼, ਬਲਜੀਤ ਸਿੰਘ, ਮੰਨੂ ਸ਼ਰਮਾਂ, ਕਰਮ ਚੰਦ, ਅਨੁਰੀਤ ਭਨੋਟ, ਐਡਵੋਕੇਟ ਸ਼ੁਸੀਲ ਕੁਮਾਰ, ਰਾਜ ਕੁਮਾਰ ਠੇਕੇਦਾਰ, ਰੋਬਿਨ ਸ਼ਰਮਾਂ ਅਤੇ ਹਫੀਜ਼-ਉਰ-ਰਹਿਮਾਨ ਆਦਿ ਹਾਜ਼ਰ ਸਨ।
Check Also
ਸਿਹਤ ਵਿਭਾਗ ਵੱਲੋਂ ਪਲਸ ਪੋਲੀਓ ਮੁਹਿੰਮ ਦੀ ਸ਼ੁਰੂੂਆਤ
ਨੰਨ੍ਹੇ ਬੱਚਿਆਂ ਨੂੰ ਪੋਲੀਓ ਦੀਆਂ ਬੂੰਦਾਂ ਪਿਲਾ ਕੇ ਕੀਤਾ ਆਗਾਜ਼ ਅੰਮ੍ਰਿਤਸਰ, 28 ਜੂਨ (ਜਗਦੀਪ ਸਿੰਘ) …
Punjab Post Daily Online Newspaper & Print Media