
ਨਵੀਂ ਦਿੱਲੀ, 20 ਜੂਨ (ਪੰਜਾਬ ਪੋਸਟ ਬਿਊਰੋ) ਬਾਬਾ ਬੰਦਾ ਸਿੰਘ ਬਹਾਦਰ ਜੀ ਦੀ ਤੀਜ਼ੀ ਸ਼ਹੀਦੀ ਸ਼ਤਾਬਦੀ ਮੌਕੇ ਸਿੱਖ ਇਤਿਹਾਸ ਨਾਲ ਆਮ ਜਨਮਾਨਸ ਨੂੰ ਜਾਣੂ ਕਰਵਾਉਣ ਲਈ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਦਿੱਲੀ ਦੇ ਦਿਲ ਕਨਾਟ ਪਲੈਸ ਵਿਖੇ ਕਰਵਾਏ ਗਏ ਧਾਰਮਿਕ ਪ੍ਰੋਗਰਾਮ ਸੰਗਤਾਂ ਦੀ ਵੱਡੀ ਖਿੱਚ ਦਾ ਕੇਂਦਰ ਬਣ ਗਏ। ਦਾਸਤਾਨੇ ਬਾਬਾ ਬੰਦਾ ਸਿੰਘ ਬਹਾਦਰ ਤੋਂ ਬਾਅਦ ਕਾਮਾਗਾਟਾਮਾਰੂ ‘ਤੇ ਕਮੇਟੀ ਵੱਲੋਂ ਸੈਂਟ੍ਰਲ ਪਾਰਕ ਵਿਚ ਕਰਵਾਏ ਗਏ ਲਾਈਟ ਐਂਡ ਸਾਊਂਡ ਸ਼ੋਅ ਰਾਹੀਂ ਸੰਗਤਾਂ ਨੂੰ ਆਧੂਨਿਕ ਤਕਨੀਕ ਦੇ ਜਰੀਏ ਸਿੱਖ ਇਤਿਹਾਸ ਦੀ ਬਰੀਕਿਆਂ ਨੂੰ ਸਮਝਣ ਦਾ ਮੌਕਾ ਮਿਲਿਆ।
ਪੰਜਾਬੀ ਯੂਨੀਵਰਸਿਟੀ ਪਟਿਆਲਾ ਵੱਲੋਂ ਕਾਮਾਗਾਟਾਮਾਰੂ ਸਾਕੇ ਬਾਰੇ ਛੋਟੀ ਫ਼ਿਲਮ ਦੇ ਤੌਰ ਤੇ ਤਿਆਰ ਕੀਤੇ ਗਏ ਲਾਈਟ ਐਂਡ ਸਾਊਂਡ ਸ਼ੋਅ ਸੰਗਤਾਂ ਨੂੰ ਵੱਡੀ ਸਕ੍ਰੀਨ ਰਾਹੀਂ ਦਿਖਾਇਆ ਗਿਆ। ਰਵਿੰਦਰ ਨਾਥ ਟੈਗੋਰ ਦੀ ਬੰਗਲਾ ਭਾਸ਼ਾ ਵਿਚ ਬਾਬਾ ਜੀ ਤੇ ਲਿਖੀ ਗਈ ਕਵਿਤਾ ”ਬੰਦੀ ਬੀਰ” ਦਾ ਪੰਜਾਬੀ ਤਰਜਮਾ ਆਸਾਮ ਦੇ ਰਹਿਣ ਵਾਲੇ ਕਾਕਾ ਜੈਰਾਜ ਕਬੀਰ ਸਿੰਘ ਮਨਚੰਦਾ ਨੇ ਗਿਟਾਰ ਤੇ ਗਾਇਨ ਕਰਕੇ ਟੈਗੋਰ ਦੀ ਬੰਦਾ ਬਹਾਦਰ ਪ੍ਰਤੀ ਸੋਚ ਨੂੰ ਸੰਗਤਾਂ ਦੇ ਸਾਹਮਣੇ ਰੱਖਿਆ। ਜਿਥੇ ਗਾਇਕਾ ਹਰਸ਼ਦੀਪ ਕੌਰ ਨੇ ਧਾਰਮਿਕ ਗੀਤਾਂ ਅਤੇ ਸ਼ਬਦਾ ਦੀ ਪੇਸ਼ਕਾਰੀ ਰਾਹੀਂ ਮਾਹੌਲ ਨੂੰ ਧਾਰਮਿਕ ਰੰਗ ਵਿਚ ਉਥੇ ਹੀ ਬੀਰ ਖਾਲਸਾ ਦਲ ਅਤੇ ਬਾਕੀ ਗੱਤਕਾ ਅਖਾੜਿਆਂ ਨੇ ਮਾਹੌਲ ਨੂੰ ਬੀਰ ਰਸ ਵਿਚ ਰੰਗ ਦਿਤਾ।
ਤਖ਼ਤ ਸ਼੍ਰੀ ਹਜੂਰ ਸਾਹਿਬ ਤੋਂ ਆਏ ਗ੍ਰੰਥੀ ਸਿੰਘਾਂ ਦਾ ਵੀ ਦਿੱਲੀ ਕਮੇਟੀ ਵੱਲੋਂ ਹਜਾਰਾਂ ਸੰਗਤਾਂ ਦੀ ਮੌਜੂਦਗੀਵਿਚ ਸਨਮਾਨ ਕੀਤਾ ਗਿਆ। ਕਮੇਟੀ ਪ੍ਰਧਾਨ ਮਨਜੀਤ ਸਿੰਘ ਜੀ.ਕੇ. ਨੇ ਸੰਗਤਾਂ ਦਾ ਵੱਡੀ ਤਦਾਦ ਵਿਚ ਹਾਜਰੀ ਭਰਨ ਲਈ ਧੰਨਵਾਦ ਵੀ ਕੀਤਾ। ਜੀ.ਕੇ. ਨੇ ਕਿਹਾ ਕਿ ਦਿੱਲੀ ਕਮੇਟੀ ਲਗਾਤਾਰ ਸਿੱਖ ਇਤਿਹਾਸ ਨੂੰ ਗੁਰੂ ਘਰ ਤੋਂ ਬਾਹਰ ਲਿਆ ਕੇ ਆਮ ਲੋਕਾਂ ਤਕ ਪਹੁੰਚਾਉਣ ਲਈ ਵੱਡੀਆਂ ਕੋਸ਼ਿਸ਼ਾਂ ਕਰ ਰਹੀ ਹੈ ਪਰ ਇਹ ਕੋਸ਼ਿਸ਼ਾਂ ਤਾਂ ਹੀ ਕਾਮਯਾਬ ਹੋਣਗੀਆਂ ਜਦੋਂ ਸੰਗਤਾਂ ਕਮੇਟੀ ਦੀ ਮਜਬੂਤ ਬਾਂਹ ਬਣਕੇ ਨਾਲ ਖੜੇ ਹੋਣਗੀਆਂ।ਜੀ.ਕੇ ਨੇ ਕਿਹਾ ਕਿ ਦਿੱਲੀ ਕਮੇਟੀ ਦੇਸ਼ ਵਿਦੇਸ਼ ਦੇ ਸਿੱਖਾਂ ਦੀ ਪਾਰਖੀ ਨਜ਼ਰ ਦੇ ਸਾਹਮਣੇ ਨਿੱਤ ਨਵੇਂ ਉਪਰਾਲੇ ਕਰਨ ਸਦਕਾ ਚਰਚਾ ਵਿਚ ਹੀ ਨਹੀਂ ਬਣੀ ਹੋਈ ਸਗੋਂ ਬਾਕੀ ਕਮੇਟੀਆਂ ਨੂੰ ਅੱਗੇ ਵੱਧ ਕੇ ਕਾਰਜ ਕਰਨ ਲਈ ਪ੍ਰੇਰਣਾ ਦਾ ਸ਼੍ਰੋਤ ਵੀ ਬਣ ਗਈ ਹੈ। ਲਾਲਕਿਲਾ ਅਤੇ ਕੁਤੁੱਬ ਮੀਨਾਰ ਮੈਦਾਨਾਂ ਵਿਚ ਗੁਰਮਤਿ ਸਮਾਗਮ ਕਰਵਾਉਣ ਨੂੰ ਕਮੇਟੀ ਦੀ ਨਿਵੇਕਲੀ ਪਹਿਲ ਦੱਸਦੇ ਹੋਏ ਜੀ.ਕੇ. ਨੇ ਕਮੇਟੀ ਦੇ ਇਨ੍ਹਾਂ ਉਪਰਾਲਿਆਂ ਨੂੰ ਸਿੱਖ ਇਤਿਹਾਸ ਨਾਲ ਤਾਲਮੇਲ ਬੈਠਾਉਣ ਦੀ ਕਮੇਟੀ ਦੀ ਕੋਸ਼ਿਸ਼ ਦੱਸਿਆ।
ਇਸ ਮੌਕੇ ਕਮੇਟੀ ਦੇ ਜੁਆਇੰਟ ਸਕੱਤਰ ਅਮਰਜੀਤ ਸਿੰਘ ਫਤਹਿ ਨਗਰ, ਧਰਮ ਪ੍ਰਚਾਰ ਕਮੇਟੀ ਦੇ ਚੇਅਰਮੈਨ ਰਾਣਾ ਪਰਮਜੀਤ ਸਿੰਘ, ਕਮੇਟੀ ਮੈਂਬਰ ਕੁਲਮੋਹਨ ਸਿੰਘ, ਤਨਵੰਤ ਸਿੰਘ, ਜੀਤ ਸਿੰਘ, ਹਰਵਿੰਦਰ ਸਿੰਘ ਕੇ.ਪੀ., ਹਰਜਿੰਦਰ ਸਿੰਘ, ਹਰਦੇਵ ਸਿੰਘ ਧਨੋਆ, ਚਮਨ ਸਿੰਘ, ਪਰਮਜੀਤ ਸਿੰਘ ਚੰਢੋਕ, ਮਨਮੋਹਨ ਸਿੰਘ, ਸਮਰਦੀਪ ਸਿੰਘ ਸੰਨੀ, ਇੰਦਜਜੀਤ ਸਿੰਘ ਮੋਂਟੀ, ਇਸਤ੍ਰੀ ਅਕਾਲੀ ਦਲ ਦੀ ਪ੍ਰਧਾਨ ਬੀਬੀ ਮਨਦੀਪ ਕੌਰ ਬਖਸ਼ੀ ਅਤੇ ਅਕਾਲੀ ਆਗੂ ਵਿਕਰਮ ਸਿੰਘ ਮੌਜੂਦ ਸਨ।
Punjab Post Daily Online Newspaper & Print Media