
ਬਠਿੰਡਾ,18 ਮਈ (ਜਸਵਿੰਦਰ ਸਿੰਘ ਜੱਸੀ ) – ਅਣਕਿਆਸੇ ਸਹਿਯੋਗ ਅਤੇ ਹਿਮਾਇਤ ਹੀ ਅਸਲ ਜਿੱਤ ਹੁੰਦੀ ਹੈ, ਇਹ ਸਬਦ ਮਨਪ੍ਰੀਤ ਸਿੰਘ ਬਾਦਲ ਨੇ ਬਠਿੰਡਾ ਲੋਕ ਸਭਾ ਹਲਕੇ ਦੇ ਵੋਟਰਾਂ ਦਾ ਤਹਿਦਿਲੋਂ ਧੰਨਵਾਦ ਕਰਦੇ ਹੋਏ ਕਹੇ। ਉਨ੍ਹਾਂ ਅੱਗੇ ਕਿਹਾ ਕਿ ਪੁਲਿਸ ਦਾ ਭੈਅ, ਪ੍ਰਸਾਸਨ ਦੀ ਮਿਲਭੁਗਤ, ਵੋਟਾਂ ਦੀ ਖਰੀਦੋ ਫਰੋਖਤ, ਨਸ਼ੇ ਅਤੇ ਸ਼ਰਾਬ ਦੇ ਦਰਿਆ ਦਾ ਵਹਾਉਣਾ, ਜਾਅਲੀ ਹਮਨਾਮ ਖੜੇ ਕਰਨਾ ਅਤੇ ਸਰਕਾਰ ਅਤੇ ਡਰੱਗ ਮਾਫੀਏ ਦੀ ਮਿਲੀਭੁਗਤ ਦੇ ਬਾਵਜੂਦ ਵੀ ਲੋਕਾਂ ਨੇ ਸੀ ਪੀ ਆਈ, ਕਾਂਗਰਸ ਅਤੇ ਪੀ ਪੀ ਪੀ ਨੂੰ ਅੱਖਾਂ ਉਪਰ ਬਿਠਾ ਲਿਆ। ਜਿਕਰਯੋਗ ਹੈ ਕਿ ਇਨ੍ਹਾਂ ਤਮਾਮ ਗੱਲਾਂ ਦੇ ਬਾਵਜੂਦ ਮਨਪ੍ਰੀਤ ਸਿੰਘ ਬਾਦਲ ਨੇ ੫ ਲੱਖ ਦੇ ਕਰੀਬ ਵੋਟਾਂ ਹਾਸਲ ਕੀਤੀਆਂ ਹਨ ਅਤੇ ਆਪਣੀ ਹਾਰ ਦੇ ਅੰਦੇਸੇ ਨੂੰ ਦੇਖਦਿਆਂ ਹੋਇਆਂ ਸ੍ਰੋਮਣੀ ਅਕਾਲੀ ਦਲ ਦੀ ਉਮੀਦਵਾਰ ਬੀਬੀ ਹਰਸਿਮਰਤ ਕੌਰ ਬਾਦਲ ਜਿੱਥੇ ਗਿਣਤੀ ਕੇਂਦਰ ਨਹੀਂ ਪਹੁੰਚੀ ਉੱਥੇ ਉਸ ਵੱਲੋਂ ਨਿੱਜੀ ਤੌਰ ਤੇ ਜਿੱਤ ਦਾ ਸਰਟੀਫਿਕੇਟ ਵੀ ਨਾ ਲੈਣ ਆਉਣਾ ਇੱਕ ਜਮਹੂਰੀਅਤ ਦਾ ਨਿਰਾਦਰ ਹੈ।
ਮੈਂ ਹਮੇਸਾਂ ਬਠਿੰਡਾ ਦੇ ਵੋਟਰਾਂ ਦਾ ਰਿਣੀ ਰਹਾਂਗਾ, ਜਿਹਨਾਂ ਨੇ ਮੈਨੂੰ ਕੁਝ ਹੀ ਘੰਟਿਆਂ ਦੇ ਸਮੇਂ ਵਿੱਚ ਅਪਨਾ ਲਿਆ। ਇਹ ਸਬਦ ਮਨਪ੍ਰੀਤ ਸਿੰਘ ਬਾਦਲ ਨੇ ਉਨ੍ਹਾਂ ਨੂੰ ਮਿਲਣ ਆਏ ਵੋਟਰਾਂ ਨਾਲ ਸਾਂਝੇ ਕੀਤੇ। ਉਨ੍ਹਾਂ ਅੱਗੇ ਕਿਹਾ ਕਿ ਬੇਸ਼ੱਕ ਮੈਂ ਅੰਕਾਂ ਦੇ ਹਿਸਾਬ ਨਾਲ ਇਹ ਚੋਣ ਹਾਰ ਗਿਆ ਹਾਂ ਪਰ ਮੇਰੀ ਇਹ ਇਖਲਾਕੀ ਜਿੱਤ ਹੈ। ਮੈਂ ਭ੍ਰਿਸਟ ਸਰਕਾਰ ਦੇ ਮਾਫੀਆ ਡੌਨ ਅਤੇ ਪ੍ਰਸਾਸਨ ਦੇ ਗੱਠਜੋੜ ਨੂੰ ਬੇਨਕਾਬ ਕਰਨ ਵਿੱਚ ਕਾਮਯਾਬ ਰਿਹਾ ਹਾਂ। ਉਨ੍ਹਾਂ ਅੱਗੇ ਕਿਹਾ ਕਿ ਉਹ ਆਉਂਦੇ ਕੁਝ ਦਿਨਾਂ ਵਿੱਚ ਸਾਰੇ ਲੋਕ ਸਭਾ ਹਲਕੇ ਦਾ ਦੌਰਾ ਕਰਕੇ ਨਿੱਜੀ ਤੌਰ ਤੇ ਵੋਟਰਾਂ ਦਾ ਧੰਨਵਾਦ ਕਰਨਗੇ। ਜੇਕਰ ਇਹ ਚੋਣਾਂ ਨਿਰਪੱਖ ਹੁੰਦੀਆਂ ਤਾਂ ਅੱਜ ਹਾਲਾਤ ਵੱਖਰੇ ਹੋਣੇ ਸਨ।
ਮਨਪ੍ਰੀਤ ਸਿੰਘ ਬਾਦਲ ਨੇ ਕਿਹਾ ਕਿ ਪੀਪੀਪੀ, ਕਾਂਗਰਸ ਅਤੇ ਸੀ ਪੀ ਆਈ ਦਾ ਗੱਠਜੋੜ ਇਸੇ ਤਰ੍ਹਾਂ ਅੱਗੇ ਵੀ ਜਾਰੀ ਰਹੇਗਾ ਅਤੇ ਉਹ ਜਲਦੀ ਹੀ ਪੀਪਲਜ ਪਾਰਟੀ ਆਫ ਪੰਜਾਬ ਦੇ ਅਹੁਦੇਦਾਰਾਂ ਦੀ ਇੱਕ ਮੀਟਿੰਗ ਸੱਦਣ ਜਾ ਰਹੇ ਹਨ, ਜਿਸ ਵਿੱਚ ਆਉਦੀਆਂ 2017 ਦੀਆਂ ਵਿਧਾਨ ਸਭਾ ਚੋਣਾਂ ਲਈ ਰਣਨੀਤੀ ਤਿਆਰ ਕੀਤੀ ਜਾਵੇਗੀ। ਵੋਟਰਾਂ ਦੇ ਧੰਨਵਾਦ ਤੋਂ ਇਲਾਵਾ ਮਨਪ੍ਰੀਤ ਸਿੰਘ ਬਾਦਲ ਨੇ ਸੀ ਪੀ ਆਈ, ਕਾਂਗਰਸ ਅਤੇ ਪੀਪੀਪੀ ਦੀ ਤਮਾਮ ਲੀਡਰਸਿਪ ਅਤੇ ਵਰਕਰਾਂ ਦਾ ਤਹਿਦਿਲੋਂ ਧੰਨਵਾਦ ਕੀਤਾ, ਉਨ੍ਹਾਂ ਕਿਹਾ ਕਿ ਇਨ੍ਹਾਂ ਦੀ ਅਣਥੱਕ ਮਿਹਨਤ ਏਨੀ ਵੱਡੀ ਗਿਣਤੀ ਵਿੱਚ ਵੋਟਾਂ ਹਾਸਲ ਕਰਨ ਵਿੱਚ ਸਹਾਈ ਰਹੀ ਹੈ। ਉਨ੍ਹਾਂ ਮੀਡੀਆ ਦਾ ਵੀ ਦਿਲੋਂ ਧੰਨਵਾਦ ਕੀਤਾ।
Punjab Post Daily Online Newspaper & Print Media