
ਬਟਾਲਾ, 25 ਜੁਲਾਈ (ਨਰਿੰਦਰ ਬਰਨਾਲ) – ਸੂਰਜੀ ਊਰਜਾ ਦੀ ਵਰਤੋਂ ਕਰਨ ਦੇ ਮਾਮਲੇ ਵਿੱਚ ਭਾਰਤ ਵਿੱਚ ਤੇਜ਼ੀ ਨਾਲ ਮੋਹਰੀ ਸੂਬਾ ਬਣਨ ਤੋਂ ਬਾਅਦ ਹੁਣ ਪੰਜਾਬ ਐਲ.ਈ.ਡੀ ਬਲੱਬਾਂ ਵਾਲੀਆਂ ਸੋਲਰ ਸਟਰੀਟ ਲਾਈਟਾਂ ਪੇੇਂਡੂ ਖੇਤਰਾਂ ਵਿੱਚ ਲਗਾਉਣ ਵਾਲਾ ਸੂਬਾ ਬਣਨ ਜਾ ਰਿਹਾ ਹੈ।ਇਹ ਪ੍ਰਗਟਾਵਾ ਕਰਦਿਆਂ ਚੇਅਰਮੈਨ ਸ. ਰਵੀਕਰਨ ਸਿੰਘ ਕਾਹਲੋਂ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ‘ਸੋਲਰ ਪਿੰਡ ਮੁਹਿੰਮ’ ਸ਼ੁਰੂ ਕੀਤੀ ਜਾ ਰਹੀ ਹੈ ਜਿਸ ਤਹਿਤ ਹੁਣ ਸੂਬੇ ਦੇ ਪਿੰਡ ਰਾਤ ਨੂੰ ਸੋਲਰ ਲਾਈਟਾਂ ਨਾਲ ਜਗਮਗਾਉਣਗੇ। ਇਸ ਯੋਜਨਾ ਦਾ ਲਾਭ ਲੈਣ ਲਈ ਪੰਚਾਇਤਾਂ 31 ਜੁਲਾਈ 2016 ਤੱਕ ਪੰਜਾਬ ਐਨਰਜੀ ਡਵੈਲਪਮੈਂਟ ਏਜੰਸੀ (ਪੇਡਾ) ਦੇ ਮੁੱਖ ਦਫਤਰ ਚੰਡੀਗੜ੍ਹ ਜਾਂ ਪੇਡਾ ਦੇ ਜ਼ਿਲ੍ਹਾ ਦਫਤਰਾਂ ‘ਚ ਆਪਣੀਆਂ ਅਰਜ਼ੀਆਂ ਜਮ੍ਹਾਂ ਕਰਾ ਸਕਦੀਆਂ ਹਨ।
ਸ. ਕਾਹਲੋਂ ਨੇ ਦੱਸਿਆ ਕਿ ਇਸ ਸਕੀਮ ਅਧੀਨ ਕੌਮਾਂਤਰੀ ਸਰਹੱਦ ਅਤੇ ਕੰਢੀ ਇਲਾਕਿਆਂ ਦੇ ਪਿੰਡਾਂ ਵਿੱਚ ਪਹਿਲ ਦੇ ਆਧਾਰ ‘ਤੇ ਇਹ ਲਾਈਟਾਂ ਲਗਾਈਆ ਜਾਣਗੀਆਂ। ਇਸ ਤੋਂ ਇਲਾਵਾ ਰਾਜ ਦੇ 100 ਅਜਿਹੇ ਪਿੰਡ, ਜੋ ਇਤਿਹਾਸਕ ਅਤੇ ਧਾਰਮਿਕ ਪੱਖ ਤੋਂ ਅਹਿਮੀਅਤ ਰੱਖਦੇ ਹਨ, ਵਿੱਚ ਵੀ ਪਹਿਲ ਦੇ ਅਧਾਰ ‘ਤੇ ਇਹ ਲਾਈਟਾਂ ਲਗਾਈਆਂ ਜਾਣਗੀਆਂ ਅਤੇ ਇਸ ਸਬੰਧੀ ਵੰਡ ਪੜਾਅ ਵਾਰ ‘ਪਹਿਲਾ ਆਓ, ਪਹਿਲਾ ਪਾਓ’ ਦੇ ਆਧਾਰ ‘ਤੇ ਕੀਤੀ ਜਾਵੇਗੀ। ਇਨ੍ਹਾਂ ਲਾਈਟਾਂ ਦੀ ਪੰਜ ਸਾਲ ਦੀ ਗਾਰੰਟੀ ਹੋਵੇਗੀ ਅਤੇ ਇਨ੍ਹਾਂ ਲਾਈਟਾਂ ਦਾ ਸਾਲਾਨਾ ਰੱਖ-ਰਖਾਵ ਦਾ ਜਿੰਮਾ ਸੋਲਰ ਲਾਈਟ ਲਗਾਉਣ ਵਾਲੀ ਕੰਪਨੀ ਦਾ ਹੋਵੇਗਾ। ਲਾਈਟਾਂ ਨੂੰ ਲੱਗਣ ਉਪਰੰਤ ਸਬੰਧਤ ਪੰਚਾਇਤਾਂ ਨੂੰ ਸਪੁਰਦ ਕਰ ਦਿੱਤਾ ਜਾਵੇਗਾ ਅਤੇ ਇੰਨ੍ਹਾਂ ਦੀ ਸੁਰੱਖਿਆ ਦੀ ਜਿੰਮੇਵਾਰੀ ਸਬੰਧਤ ਗ੍ਰਾਮ ਪੰਚਾਇਤ ਦੀ ਹੋਵੇਗੀ।
ਸ. ਕਾਹਲੋਂ ਨੇ ਦੱਸਿਆ ਕਿ ਜਿਨ੍ਹਾ ਪਿੰੰਡਾਂ ਵਿੱਚ ਸੂਰਜੀ ਐਲ.ਈ.ਡੀ. ਸੂਰਜੀ ਲਾਈਟਾਂ ਪਹਿਲ ਦੇ ਆਧਾਰ ‘ਤੇ ਲਗਾਈਆ ਜਾ ਰਹੀਆਂ ਹਨ ਉਨ੍ਹਾਂ ਪਿੰਡਾਂ ਨੂੰ ਪ੍ਰਤੀ ਲਾਈਟ 1500 ਰੁਪਏ ਦੀ ਅਦਾਇਗੀ ਕਰਨੀ ਪਵੇਗੀ ਅਤੇ ਬਾਕੀ 13400 ਰੁਪਏ ਦੀ ਰਾਸ਼ੀ ਰਾਜ ਸਰਕਾਰ ਅਤੇ ਕੇਂਦਰ ਸਰਕਾਰ ਵੱਲੋਂ ਅਦਾ ਕੀਤੀ ਜਾਵੇਗੀ। ਇਹ ਸੋਲਰ ਲਾਈਟਾਂ ਪਿੰਡਾਂ ਦੀ ਗਲੀਆਂ ਨੂੰ ਰੌਸ਼ਨ ਕਰਨ ਦੇ ਨਾਲ ਨਾਲ ਲੋਕਾਂ ਨੂੰ ਸੋਲਰ ਲਾਈਟਾਂ ਦੀ ਕਾਰਜਪ੍ਰਣਾਲੀ ਤੋਂ ਜਾਣੂ ਕਰਵਾਉਣਗੀਆਂ ਜਿਸ ਸਦਕੇ ਲੋਕਾਂ ਵਿੱਚ ਇਸਦੀ ਵਰਤੋਂ ਪ੍ਰਤੀ ਉਤਸ਼ਾਹ ਵੀ ਵਧੇਗਾ।
ਵਿਸ਼ਵ ਦੀ ਤਰੱਕੀ ਲਈ ਸੂਰਜੀ ਊਰਜਾ ਨੂੰ ਅਹਿਮ ਕਰਾਰ ਦਿੰਦਿਆ ਅਤੇ ਇਸ ਦੀ ਵਰਤੋਂ ਦੀ ਮਹਤੱਤਾ ਬਾਰੇ ਚੇਅਰਮੈਨ ਸ. ਰਵੀਕਰਨ ਸਿੰਘ ਕਾਹਲੋਂ ਨੇ ਕਿਹਾ ਕਿ ਜਿੱਥੇ ਇਨ੍ਹ੍ਹਾਂ ਸਟਰੀਟ ਲਾਈਟਾਂ ਦੇ ਲੱਗਣ ਨਾਲ ਪਿੰਡਾਂ ਦੇ ਲੋਕਾਂ ਵਿੱਚ ਸੁਰੱਖਿਆ ਦੀ ਭਾਵਨਾ ਪੈਦਾ ਹੋਵੇਗੀ। ਉਨ੍ਹਾਂ ਕਿਹਾ ਕਿ ਇਸ ਤੋਂ ਇਲਾਵਾ ਕੌਮਾਂਤਰੀ ਸਰਹੱਦ ਦੀ ਸੁਰੱਖਿਆ ਲਈ ਤਾਇਨਾਤ ਸੁਰੱਖਿਆ ਦਸਤਿਆਂ ਨੂੰ ਵੀ ਇਸਦਾ ਕਾਫੀ ਲਾਭ ਹੋਵੇਗਾ ਅਤੇ ਉਹ ਦੇਸ਼ ਵਿਰੋਧੀ ਤੱਤਾਂ ਤੇ ਹੋਰ ਜ਼ਿਆਦਾ ਚੌਕਸੀ ਨਾਲ ਨਜ਼ਰ ਰੱਖ ਸਕਣਗੇ।ਉਨ੍ਹਾਂ ਕਿਹਾ ਕਿ ਇਹ ਲਾਈਟਾਂ ਗਰਿੱਡ ਫੇਲ੍ਹ ਹੋਣ ਦੀ ਸੂਰਤ ਵਿੱਚ ਵੀ ਜਗਦੀਆਂ ਰਹਿਣਗੀਆਂ।
Check Also
ਵਾਈਸ ਚਾਂਸਲਰ ਸ. ਬਿਸ਼ਨ ਸਿੰਘ ਸਮੁੰਦਰੀ ਦੇ ਸਪੁੱਤਰ ਦਿੱਲੀ ਦੇ ਉਪ ਰਾਜਪਾਲ ਬਣਨ ਉਪਰੰਤ ਗੁਰੂ ਨਾਨਕ ਦੇਵ ਯੂਨੀਵਰਸਿਟੀ ਪੁੱਜੇ
ਅੰਮ੍ਰਿਤਸਰ, 20 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਪਹਿਲੇ ਵਾਈਸ-ਚਾਂਸਲਰ ਸ. …
Punjab Post Daily Online Newspaper & Print Media