Sunday, March 22, 2026

ਖ਼ਾਲਸਾ ਕਾਲਜ ਦੇ ‘ਵਿਹੜਾ’ ਵਿੱਚ ਤੀਆਂ ਦੇ ਤਿਉਹਾਰ ‘ਤੇ ਲੱਗਿਆ ‘ਸਾਉਣ ਦਾ ਮੇਲਾ’

ਮੇਰਾ ਲੱਕ ਹੁਲਾਰੇ ਖਾਏ ਝੂਟਾਂ ਦੇਜੋ ਨੀ, ਪੀਘਾਂ ਝੂਟਦੀਆਂ ਸਾਵਣ ਵਿੱਚ ਮੁਟਿਆਰਾਂ’

PPN1308201614 PPN1308201615ਅੰਮ੍ਰਿਤਸਰ, 13 ਅਗਸਤ (ਸੁਖਬੀਰ ਖੁਰਮਣੀਆ)- ਇਤਿਹਾਸਕ ਖਾਲਸਾ ਕਾਲਜ ਵਿਖੇ ਪ੍ਰੰਪਰਾਰਿਕ ਪਹਿਰਾਵੇ ਵਿੱਚ ਸੱਜ-ਫਬ ਕੇ ਕਾਲਜ ਦੀਆਂ ਵਿਦਿਆਰਥਣਾਂ ਨੇ ਜਦ ‘ਝੂਟਾਂ ਦੇਜੋ ਨੀ ਮੇਰਾ ਲੱਕ ਹੁਲਾਰੇ ਖਾਏ’, ਪੀਘਾਂ ਝੂਟਦੀਆਂ ਸਾਵਣ ਵਿੱਚ ਮੁਟਿਆਰਾਂ’ ਬੋਲੀ ਤੇ ਬੋਲੀ ਪਾਈ ਤਾਂ ਕਾਲਜ ਦਾ ਵਿਹੜਾ ਪੰਜਾਬੀ ਸੱਭਿਅਤਾ ਦੀ ਖੁਸ਼ਬੂ ਨਾਲ ਭਰ ਗਿਆ। ਸਾਉਣ ਮਹੀਨੇ ਦੇ ਤੀਆਂ ਦੇ ਤਿਉਹਾਰ ‘ਤੇ ਵਿਦਿਆਰਥਣਾਂ ਨੇ ਬੋਲੀਆਂ ਤੇ ਗਿੱਧਾ ਪਾਉਣਾ ਸ਼ੁਰੂ ਕੀਤਾ ਤਾਂ ਹਾਜ਼ਰ ਦਰਸ਼ਕ ਪੱਭ ਹੁਲਾਉਣ ਤੋਂ ਬਿਨ੍ਹਾਂ ਨਾ ਰਹਿ ਸਕੇ। ਪੰਜਾਬ ਦੀ ਸੱਭਿਅਤਾ ਦੇ ਰੀਤੀ-ਰਿਵਾਜਾਂ ਦੀ ਖ਼ੁਸ਼ਬੂ ਨੂੰ ਬਿਖੇਰਦੇ ਕਾਲਜ ਦੇ ਖੁੱਲ੍ਹੇ ਮੈਦਾਨ ਵਿੱਚ ਲਗਾਏ ‘ਮੇਲੇ’ ਵਿੱਚ ਸਮੂੰਹ ਕਾਲਜ ਆਪਣੇ ਵਿਰਸੇ ਦੀਆਂ ਮਿੱਠੀਆਂ ਯਾਦਾਂ ਦੇ ਖਿਆਲਾਂ ਵਿੱਚ ਝੂਮਦਾ ਹੋਇਆ ਨਜ਼ਰੀ ਆਇਆ। ਮੇਲੇ ਦਾ ਅਗਾਜ਼ ਕਾਲਜ ਪ੍ਰਿੰਸੀਪਲ ਡਾ. ਮਹਿਲ ਸਿੰਘ ਦੀ ਧਰਮਪਤਨੀ ਪ੍ਰੋ: ਰੁਪਿੰਦਰ ਕੌਰ ਨੇ ਰੀਬਨ ਕੱਟ ਕੇ ਕੀਤਾ।
ਪ੍ਰਿੰ: ਡਾ. ਮਹਿਲ ਸਿੰਘ ਦੇ ਸਹਿਯੋਗ ਨਾਲ ਲਗਾਏ ਗਏ ਮੇਲਾ ਵਿੱਚ ਕਾਲਜ ਦੀਆਂ ਵਿਦਿਆਰਥਣਾਂ ਨੇ ਖਿੜਖਿੜਾਉਂਦੇ ਚਿਹਰਿਆਂ ਨਾਲ ਪੰਜਾਬੀ ਲੋਕ ਬੋਲੀਆਂ, ਪੀਂਘਾਂ ਝੂਟਣ, ਇਕ ਦੂਜੇ ‘ਤੇ ਹਾਸਰਸ ਵਿਅੰਗ ਕੱਸਣ, ਝਰਖਾ ਕੱਤਣ, ਫੁਲਕਾਰੀ ਕੱਢਦੀਆਂ ਮੁਟਿਆਰਾਂ, ਪੰਜਾਬੀ ਗਾਇਕੀ, ਗਿੱਧਾ-ਬੋਲੀਆਂ, ਡਾਂਸ ਆਦਿ ਨਾਲ ਮਾਹੌਲ ਨੂੰ ਦਿਲਕਸ਼ ਬਣਾ ਦਿੱਤਾ। ਮੇਲੇ ਵਿੱਚ ਵੱਖ-ਵੱਖ ਪਕਵਾਨਾਂ ਦੇ ਸੁੰਦਰ ਸਟਾਲ ਅਤੇ ਪੰਘੂੜੇ ਵੀ ਲਗਾਏ।
ਇਸ ਦੌਰਾਨ ਡਾ. ਮਹਿਲ ਸਿੰਘ ਨੇ ਕਿਹਾ ਕਿ ਵੱਧਦੀ ਮਹਿੰਗਾਈ ਤੇ ਆਧੁਨਿਕ ਯੁੱਗ ਦੀ ਰਫ਼ਤਾਰ ਨੇ ਇਨ੍ਹਾਂ ਮੇਲਿਆਂ ਨੂੰ ਆਲੋਪ ਕਰਕੇ ਰੱਖ ਦਿੱਤਾ ਹੈ, ਜਿਸ ਨਾਲ ਅੱਜ ਦੀ ਪੀੜ੍ਹੀ ਸਾਡੇ ਰੀਤੀ-ਰਿਵਾਜਾਂ ਤੇ ਸੱਭਿਅਤਾ ਤੋਂ ਅਨਜਾਨ ਹੈ, ਜੋ ਕਿ ਸਾਡੇ ਪੰਜਾਬੀ ਵਿਰਸੇ ਦੇ ਖ਼ਤਮ ਹੋਣ ਦੇ ਸੰਕੇਤ ਹਨ। ਇਸ ਲਈ ਆਉਣ ਵਾਲੀ ਪੀੜ੍ਹੀ ਨੂੰ ਵਿਰਸੇ ਨਾਲ ਜੋੜਣ ਰੱਖਣ ਲਈ ਸਮੇਂ-ਸਮੇਂ ‘ਤੇ ਅਜਿਹੇ ਤਿਉਹਾਰ ਤੇ ਮੇਲੇ ਜਰੂਰ ਮਨਾਉਣੇ ਚਾਹੀਦੇ ਹਨ, ਜਿਸ ਨਾਲ ਇਨਸਾਨ ਆਪਣੀ ਚਿੰਤਾ ਭਰੀ ਜ਼ਿੰਦਗੀ ਤੋਂ ਨਿਜਾਤ ਪਾਉਂਦਾ ਮਹਿਸੂਸ ਕਰਦਾ ਹੈ। ਉਨ੍ਹਾਂ ਕਿਹਾ ਕਿ ਤੀਆਂ ਦਾ ਤਿਉਹਾਰ ਸਾਉਣ ਮਹੀਨਾ ਵੱਖਰੀ ਪਛਾਣ ਰੱਖਦਾ ਹੈ। ਇਸ ਤਿਓਹਾਰ ‘ਤੇ ਮੁਟਿਆਰਾਂ ਆਪਣੇ ਦਿਲ ਦੇ ਚਾਅ ਤੇ ਉਮੰਗਾਂ ਨੂੰ ਉਜਾਗਰ ਕਰਦੀਆਂ ਹਨ ਅਤੇ ਇਕੱਠੀਆਂ ਗਿੱਧਾ ਅਤੇ ਪੀਂਘਾਂ ਝੂਟ ਕੇ ਮੌਜ਼ਾਂ ਮਾਣਦੀਆਂ ਸਨ।
ਉਨ੍ਹਾਂ ਕਿਹਾ ਕਿ ਨਵ-ਵਿਆਹੁਤਾ ਮੁਟਿਆਰਾਂ ਸਾਵਣ ਗੁਜ਼ਾਰਣ ਲਈ ਸਹੁਰੇ ਤੋਂ ਪੇਕੇ ਘਰ ਆ ਕੇ ਆਪਣੀ ਜ਼ਿੰਦਗੀ ਦੇ ਗੁਜਾਰੇ ਉਨ੍ਹਾਂ ਸੁਨਿਹਰੀ ਪਲਾਂ ਨੂੰ ਆਪਣੀਆਂ ਸਾਥਣਾਂ ਨਾਲ ਸਾਂਝੀਆਂ ਕਰਦੀਆਂ ਹਨ ਅਤੇ ਖੂਬਸੂਰਤ ਜ਼ਿੰਦਗੀ ਦੀ ਤਮੰਨਾ ਲਈ ਵਿਚਾਰਾਂ ਦੀ ਸਾਂਝ ਬੁੰਨ੍ਹਦੀਆਂ ਹਨ। ਉਨ੍ਹਾਂ ਸਮੂੰਹ ਸਮਾਜ ਸੇਵੀ ਸੰਸਥਾਵਾਂ, ਵਿੱਿਦਅਕ ਅਦਾਰਿਆਂ ਅਤੇ ਪੰਜਾਬੀ ਵਿਰਸੇ ਦੇ ਪ੍ਰੇਮੀਆਂ ਨੂੰ ਅਪੀਲ ਕਰਦਿਆ ਕਿਹਾ ਅਜਿਹੇ ਤਿਉਹਾਰਾਂ ਨੂੰ ਜਿਉਂਦੇ ਰੱਖਣ ਲਈ ਅਜਿਹੇ ਉਪਰਾਲੇ ਕਰਨੇ ਚਾਹੀਦਾ ਹਨ ਤਾਂ ਸਾਡੀ ਵਿਰਸਾ ਤੇ ਮਾਂ ਬੋਲੀ ਲੁਪਤ ਨਾ ਹੋ ਸਕੇ। ਇਸੇ ਮੰਤਵ ਤਹਿਤ ਅੱਜ ਕਾਲਜ ਵੱਲੋਂ ਨੌਜਵਾਨ ਪੀੜ੍ਹੀ ਨੂੰ ਪੁਰਾਤਨ ਵਿਰਸੇ ਤੇ ਸੱਭਿਅਤਾ ਨਾਲ ਰੂਬਰੂ ਕਰਵਾਉਣ ਦਾ ਨਿਮਾਣਾ ਜਿਹਾ ਹੀਲਾ ਕੀਤਾ ਗਿਆ ਹੈ। ਮੇਲੇ ਵਿੱਚ ਪ੍ਰੋ: ਸੁਖਮੀਨ ਬੇਦੀ, ਕਮਲਜੀਤ ਕੌਰ, ਅੰਮ੍ਰਿਤ ਕੌਰ, ਦਵਿੰਦਰ ਕੌਰ, ਬਲਜਿੰਦਰ ਕੌਰ ਰੰਧਾਵਾ, ਨਵਜੋਤ ਕੌਰ, ਭੁਪਿੰਦਰ ਸਿੰਘ ਤੋਂ ਇਲਾਵਾ ਸਮੂੰਹ ਕਾਲਜ ਸਟਾਫ਼ ਤੇ ਵਿਦਿਆਰਥੀ ਮੌਜ਼ੂਦ ਸਨ।

Check Also

ਡਾ. ਸਰਬਜੀਤ ਸਿੰਘ ਸਾਹਿਤ ਅਕੈਡਮੀ ਲੁਧਿਆਣਾ ਦੇ ਦੂਜੀ ਵਾਰ ਪ੍ਰਧਾਨ ਬਣੇ

ਲੁਧਿਆਣਾ, 21 ਮਾਰਚ (ਡਾ. ਗੁਰਵਿੰਦਰ ਅਮਨ) – ਡਾ. ਸਰਬਜੀਤ ਸਿੰਘ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਪ੍ਰਬੁੱਧ ਅਲੋਚਕ …

Leave a Reply