ਝੋਨੇ ਦੇ ਖਰੀਦ ਪ੍ਰਬੰਧਾਂ ਨੂੰ ਲੈ ਕੇ ਵੱਖ-ਵੱਖ ਖਰੀਦ ਏਜੰਸੀਆਂ ਨਾਲ ਮੀਟਿੰਗ

ਅੰਮ੍ਰਿਤਸਰ, 22 ਸਤੰਬਰ (ਜਗਦੀਪ ਸਿੰਘ ਸੱਗੂ)- ਝੋਨੇ ਦੀ ਸਰਕਾਰੀ ਖਰੀਦ ਇਕ ਅਕਤੂਬਰ ਤੋਂ ਸ਼ੁਰੂ ਕਰਵਾਉਣ ਲਈ ਅੱਜ ਡਿਪਟੀ ਕਮਿਸ਼ਨਰ ਸ੍ਰੀ ਵਰੁਣ ਰੂਜਮ ਦੇ ਨਿਰਦੇਸ਼ਾਂ ‘ਤੇ ਵਧੀਕ ਡਿਪਟੀ ਕਮਿਸ਼ਨਰ ਸ. ਤਜਿੰਦਰਪਾਲ ਸਿੰਘ ਸੰਧੂ ਨੇ ਵੱਖ-ਵੱਖ ਖਰੀਦ ਏਜੰਸੀਆਂ, ਖੁਰਾਕ ਸਪਲਾਈ ਵਿਭਾਗ, ਮੰਡੀ ਬੋਰਡ, ਆੜਤੀਆਂ, ਪੱਲੇਦਾਰਾਂ, ਸ਼ੈਲਰ ਮਾਲਕਾਂ ਅਤੇ ਟਰਾਂਸਪੋਰਟਰਾਂ ਨਾਲ ਮੀਟਿੰਗ ਕੀਤੀ। ਉਨਾਂ ਦੱਸਿਆ ਕਿ ਸਰਕਾਰ ਕਿਸੇ ਵੀ ਕੀਮਤ ‘ਤੇ ਝੋਨੇ ਦੀ ਖਰੀਦ ਵਿਚ ਢਿੱਲ-ਮੱਠ ਬਰਦਾਸ਼ਤ ਨਹੀਂ ਕਰੇਗੀ, ਇਸ ਲਈ ਸਾਰੇ ਅਧਿਕਾਰੀ ਹੁਣ ਤੋਂ ਹੀ ਸਾਰੇ ਰਹਿੰਦੇ ਪ੍ਰਬੰਧ ਮੁਕੰਮਲ ਕਰ ਲੈਣ। ਉਨਾਂ ਦੱਸਿਆ ਕਿ ਝੋਨੇ ਦੀ ਸਰਕਾਰੀ ਕੀਮਤ 1470 ਰੁਪਏ ਅਤੇ ਗਰੇਡ ਏ ਝੋਨੇ ਦੀ ਕੀਮਤ 1510 ਰੁਪਏ ਰੱਖੀ ਗਈ ਹੈ ਅਤੇ ਇਸ ਤੋਂ ਘੱਟ ਮੁੱਲ ‘ਤੇ ਕਿਸੇ ਵੀ ਕਿਸਾਨ ਦਾ ਝੋਨਾ ਨਾ ਲਿਆ ਜਾਵੇ। ਸ. ਸੰਧੂ ਨੇ ਬੋਲੀ ਸਵੇਰੇ 10 ਵਜੇ ਤੋਂ 6 ਵਜੇ ਤੱਕ ਕਰਨ, ਨਮੀ 17 ਫੀਸਦੀ ਅਤੇ ਟੋਟਾ 5 ਫੀਸਦੀ ਤੱਕ ਤਹਿ ਕੀਤੇ ਮਿਆਰ ਤੱਕ ਲੈਣ ਦੇ ਨਿਰਦੇਸ਼ ਸਾਰੀਆਂ ਏਜੰਸੀਆਂ ਨੂੰ ਦਿੱਤੇ। ਉਨਾਂ ਕਿਹਾ ਕਿ ਹਰੇਕ ਮੰਡੀ ਵਿਚ ਖਰੀਦ ਏਜੰਸੀ ਦਾ ਇੰਸਪੈਕਟਰ ਹਾਜ਼ਰ ਰਹੇ ਅਤੇ ਆਪਣਾ ਨਾਂਅ, ਫੋਨ ਨੰਬਰ ਅਤੇ ਡਿਊਟੀ ਦਾ ਸਥਾਨ ਆਦਿ ਦਰਸਾਉਂਦਾ ਬੋਰਡ ਹਰੇਕ ਮੰਡੀ ਦਫਤਰ ਵਿਚ ਲਗਾ ਦੇਵੇ, ਤਾਂ ਜੋ ਲੋੜ ਪੈਣ ‘ਤੇ ਕਿਸਾਨ, ਆੜਤੀਏ ਜਾਂ ਹੋਰ ਅਧਿਕਾਰੀ ਉਸ ਨਾਲ ਤਾਲਮੇਲ ਕਰ ਸਕਣ। ਉਨਾਂ ਦੱਸਿਆ ਕਿ ਮੰਡੀ ਬੋਰਡ, ਖੁਰਾਕ ਸਪਲਾਈ ਆਦਿ ਦੀ ਸਹਾਇਤਾ ਲਈ ਨਾਇਬ ਤਹਿਸੀਲਦਾਰ, ਬੀ ਡੀ ਪੀ ਓ ਆਦਿ ਦੀਆਂ ਡਿਊਟੀਆਂ ਵੀ ਝੋਨੇ ਦੀ ਖਰੀਦ ਨੂੰ ਸੁਚਾਰੂ ਢੰਗ ਨਾਲ ਨੇਪਰੇ ਚਾੜਨ ਲਈ ਲਗਾਈਆਂ ਜਾ ਰਹੀਆਂ ਹਨ।
ਇਸ ਮੌਕੇ ਸੰਬੋਧਨ ਕਰਦੇ ਖੁਰਾਕ ਸਪਲਾਈ ਕੰਟਰੋਲਰ ਸ. ਨਿਰਮਲ ਸਿੰਘ ਨੇ ਦੱਸਿਆ ਕਿ ਜ਼ਿਲ੍ਹੇ ਵਿਚ ਪਨਗਰੇਨ ਨੂੰ 24 ਫੀਸਦੀ, ਪਨਸਪ ਨੂੰ 24 ਫੀਸਦੀ, ਮਾਰਕਫੈਡ ਨੂੰ 23 ਫੀਸਦੀ, ਪੰਜਾਬ ਸਟੇਟ ਵੇਅਰ ਹਾਊਸ ਕਾਰਪੋਰੇਸ਼ਨ ਨੂੰ 10 ਫੀਸੀਦ, ਪੰਜਾਬ ਐਗਰੋ ਨੂੰ 8 ਫੀਸਦੀ ਅਤੇ ਫੂਡ ਕਾਰਪੋਰੇਸ਼ਨ ਆਫ ਇੰਡੀਆ ਨੂੰ 10 ਫੀਸਦੀ ਝੋਨਾ ਖਰੀਦ ਕਰਨ ਦਾ ਟੀਚਾ ਦਿੱਤਾ ਗਿਆ ਹੈ। ਉਨਾਂ ਦੱਸਿਆ ਕਿ ਇਸ ਸਾਲ ਝੋਨਾ ਪਿਛਲੇ ਸਾਲ ਨਾਲੋਂ 11.63 ਫੀਸਦੀ ਵੱਧ ਆਉਣ ਦਾ ਅਨੁਮਾਨ ਹੈ ਅਤੇ ਉਸ ਅਨੁਸਾਰ ਹੀ ਪ੍ਰਬੰਧ ਕੀਤੇ ਗਏ ਹਨ। ਉਨਾਂ ਸਪੱਸ਼ਟ ਕੀਤਾ ਕਿ ਮੰਡੀਆਂ ਵਿਚ ਬਿਜਲੀ, ਪਾਣੀ, ਸਾਫ-ਸਫਾਈ, ਬਾਰਦਾਨੇ ਆਦਿ ਦੇ ਮੁਕੰਮਲ ਪ੍ਰਬੰਧ ਹੋ ਚੁੱਕੇ ਹਨ ਅਤੇ ਆਸ ਹੈ ਕਿ ਕਿਸੇ ਵੀ ਕਿਸਾਨ ਜਾਂ ਖਰੀਦ ਏਜੰਸੀ ਨੂੰ ਕੋਈ ਮੁਸ਼ਿਕਲ ਨਹੀਂ ਆਵੇਗੀ। ਉਨਾਂ ਚੇਤਾਵਨੀ ਦਿੰਦੇ ਕਿਹਾ ਕਿ ਜਿਸ ਵੀ ਆੜਤੀਏ ਨੇ ਸਰਕਾਰੀ ਮਾਪਦੰਡਾਂ, ਹਦਾਇਤਾਂ ਦੀ ਉਲੰਘਣਾ ਕੀਤੀ, ਉਸ ਦਾ ਲਾਇਸੈਂਸ ਰੱਦ ਕਰ ਦਿੱਤਾ ਜਾਵੇਗਾ ਅਤੇ ਕਿਸਾਨ ਦੀ ਨਾਜਾਇਜ਼ ਕਟੋਤੀ ਕਰਨ ਵਾਲੇ ਆੜਤੀਏ ਵਿਰੁੱਧ ਐਫ. ਆਈ. ਆਰ ਵੀ ਦਰਜ ਕਰਵਾਈ ਜਾਵੇਗੀ। ਉਨਾਂ ਦੱਸਿਆ ਕਿ ਇਸ ਵਾਰ 3 ਲੱਖ 58 ਹਜ਼ਾਰ ਮੀਟਰਿਕ ਟਨ ਝੋਨਾ ਅੰਮ੍ਰਿਤਸਰ ਜ਼ਿਲ੍ਹੇ ਦੀਆਂ ਮੰਡੀਆਂ ਵਿਚ ਆਉਣ ਦਾ ਅਨੁਮਾਨ ਹੈ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਐਸ ਡੀ ਐਮ ਬਾਬਾ ਬਕਾਲਾ ਤੇਜਦੀਪ ਸਿੰਘ ਸੈਣੀ, ਐਸ ਡੀ ਐਮ ਅਜਨਾਲਾ ਡਾ. ਅਨੂੰਪ੍ਰੀਤ ਕੌਰ, ਗਗਨਦੀਪ ਸਿੰਘ ਜੱਜ ਰਈਆ ਅਤੇ ਹੋਰ ਆੜਤੀਏ ਤੇ ਸ਼ੈਲਰ ਮਾਲਕ ਵੀ ਹਾਜ਼ਰ ਸਨ।
Punjab Post Daily Online Newspaper & Print Media