ਨਵੀਂ ਦਿੱਲੀ, 9 ਅਕਤੂਬਰ (ਪੰਜਾਬ ਪੋਸਟ ਬਿਊਰੋ) – ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਵੱਲੋਂ ਲਿੱਖੀ ਗਈ ”ਚੰਡੀ ਦੀ ਵਾਰ” ਬਾਣੀ ਨੂੰ ਕੁੱਝ ਲੋਕਾਂ ਵੱਲੋਂ ਦੇਵੀ ਦੁਰਗਾ ਦੀ ਉਸਤਤਿ ਵੱਜੋਂ ਦੱਸੇ ਜਾਣ ਨੂੰ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਗਲਤ ਕਰਾਰ ਦਿੱਤਾ ਹੈ।ਧਰਮ ਪ੍ਰਚਾਰ ਕਮੇਟੀ ਦੇ ਚੇਅਰਮੈਨ ਪਰਮਜੀਤ ਸਿੰਘ ਰਾਣਾ ਨੇ ਕਿਹਾ ਕਿ ਕੁਝ ਅਨਜਾਣ ਲੋਕ ਆਪਣੇ ਨਿਜ਼ੀ ਮੁਫ਼ਾਦਾ ਲਈ ਗੁਰੂ ਸਾਹਿਬ ਦੀ ਬਾਣੀ ਨੂੰ ਦੇਵੀ ਦੁਰਗਾ ਦੀ ਉਸਤਤਿ ਦੱਸ ਕੇ ਕੌਮ ਨੂੰ ਗੁਮਰਾਹ ਕਰਨ ਦੇ ਨਾਲ ਹੀ ਗੁਰੂ ਸਾਹਿਬ ਜੀ ਦੀ ਵਿਦਵਤਾ ‘ਤੇ ਵੀ ਸਵਾਲਿਆਂ ਨਿਸ਼ਾਨ ਲਗਾ ਰਹੇ ਹਨ।
ਰਾਣਾ ਨੇ ਸਾਫ਼ ਕੀਤਾ ਕਿ ਚੰਡੀ ਦੀ ਵਾਰ ਸਿਰਫ਼ ਅਕਾਲ ਦੇ ਹੱਥ ਮਾਰਨ ਜਾਂ ਜਿਵਾਉਣ ਦੀ ਤਾਕਤ ਹੋਣ ਦੀ ਪ੍ਰੋੜਤਾ ਕਰਦੀ ਹੈ। ਦੇਵੀ ਦੁਰਗਾ ਵੀ ਮਹਿਸਾਸੁਰ ਰਾਕਸ਼ ਨੂੰ ਮਾਰਨ ਵਿਚ ਉਦੋਂ ਕਾਮਯਾਬ ਹੁੰਦੀ ਹੈ ਜਦੋਂ ਉਸ ਦੇ ਹੱਥ ਸ਼ਕਤੀ ਦੀ ਪ੍ਰਤੀਕ ਕ੍ਰਿਪਾਨ ਅਕਾਲ ਦੀ ਤਾਕਤ ਬਣ ਕੇ ਦੈਤ ਦਾ ਵੱਧ ਕਰਦੀ ਹੈ। ਰਾਣਾ ਨੇ ਕਿਹਾ ਕਿ ਸੋੜੀ ਸੋਚ ਦੇ ਪੰਥ ਦੋਖੀਆਂ ਨੇ ਆਪਣੀ ਪੂਰੀ ਵਾਹ ਲਗਾ ਕੇ ਦਿੱਲੀ ਕਮੇਟੀ ਨੂੰ ਹਿੰਦੂ ਕਰਮਕਾਂਡਾ ਦਾ ਸਮਰਥਕ ਐਲਾਨਣ ਦੀ ਨਾਕਾਮ ਕੋਸ਼ਿਸ਼ ਕੀਤੀ ਸੀ ਪਰ ਵਿੱਦਿਵਾਨ ਕੱਥਾਵਾਚਕ ਬਾਬਾ ਬੰਤਾ ਸਿੰਘ ਨੇ ਆਪਣੀ ਵਿੱਦਿਵਤਾ ਭਰਪੂਰ ਦਲੀਲਾਂ ਦੇ ਨਾਲ ਪੰਥ ਦੋਖੀਆਂ ਦੇ ਝੂਠ ਨੂੰ ਬੇਨਕਾਬ ਕਰ ਦਿੱਤਾ ਹੈ।
ਚੰਡੀ ਦੀ ਵਾਰ ਵਿਚੋਂ ਅਰਦਾਸ ਦਾ ਮੁੱਖ ਬੰਦ ਲਏ ਜਾਣ ਦਾ ਹਵਾਲਾ ਦਿੰਦੇ ਹੋਏ ਰਾਣਾ ਨੇ ਸਵਾਲ ਕੀਤਾ ਕਿ ਜੇਕਰ ਚੰਡੀ ਦੀ ਵਾਰ ਸਿੱਖ ਧਰਮ ਦੇ ਸਿਧਾਂਤਾ ਨਾਲ ਮੇਲ ਨਹੀਂ ਖਾਂਦੀ ਤਾਂ ਕਿ ਅਸੀਂ ਅਰਦਾਸ ਦੀ ਪ੍ਰਮਾਣਿਕਤਾ ਤੇ ਵੀ ਕਿੰਤੂ ਕਰ ਰਹੇ ਹਾਂ ? ਦਸ਼ਮ ਗ੍ਰੰਥ ਦੀ ਬਾਣੀ ਨੂੰ ਗੁਰੂ ਗੋਬਿੰਦ ਸਿੰਘ ਜੀ ਦੀ ਬਾਣੀ ਨਾ ਦੱਸਣ ਵਾਲਿਆਂ ਨੂੰ ਵੀ ਰਾਣਾ ਨੇ ਕਰੜੇ ਹੱਥੀ ਲਿਆ। ਉਨ੍ਹਾਂ ਕਿਹਾ ਕਿ ਜੇਕਰ ਦਸ਼ਮ ਬਾਣੀ ਦਾ ਗਾਇਨ ਗੁਰੂ ਘਰ ਵਿੱਚ ਬੰਦ ਹੋ ਜਾਂਦਾ ਹੈ ਤਾਂ ਨਿਤਨੇਮ ਦੀ 3 ਬਾਣੀਆਂ ਜਾਪ ਸਾਹਿਬ, ਤ ਪ੍ਰਸਾਦਿ ਸਵੱਯੇ, ਚੌਪਈ ਸਾਹਿਬ ਅਤੇ ਨਾਲ ਹੀ ਅਰਦਾਸ ਵੀ ਸਮਾਪਤ ਹੋ ਜਾਵੇਗੀ।
ਰਾਣਾ ਨੇ ਮੰਨਿਆ ਕਿ ਬੇਸ਼ਕ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਸਾਡੇ ਗੁਰੂ ਹਨ ਪਰ ਪੰਥ ਦੀ ਮਰਿਯਾਦਾ ਦਾ ਖਜ਼ਾਨਾ ਦਸ਼ਮ ਗ੍ਰੰਥ ਵਿਚ ਹੈ। ਜੋ ਸ਼ੰਕਾਵਾਦੀ ਦਸ਼ਮ ਦੀ ਬਾਣੀ ‘ਤੇ ਸਵਾਲ ਚੁੱਕ ਰਹੇ ਹਨ ਦਰਅਸਲ ਉਹ ਅਸਿੱਧੇ ਤੌਰ ਤੇ ਸਿੱਖ ਪੰਥ ਦੀ ਮਾਣਮਤੀ ਵਿਰਾਸਤ ਅੰਮ੍ਰਿਤ ਸੰਚਾਰ ਨੂੰ ਵੀ ਖ਼ਤਮ ਕਰਕੇ ਸਿੱਖ ਧਰਮ ਨੂੰ ਵੀ ਖੁੰਝੇ ਲਾਉਣਾ ਚਾਹੁੰਦੇ ਹਨ। ਕਿਉਂਕਿ ਦਸ਼ਮ ਦੀ ਬਾਣੀ ਅਕਾਲ ਦੀ ਤਾਕਤ ਨੂੰ ਸਮਝਣ ਦੀ ਸਿੱਖ ਨੂੰ ਸੋਝੀ ਬਖ਼ਸ਼ਦੀ ਹੈ। ਇਸ ਲਈ ਸਿੱਖੀ ਦੀ ਤਾਕਤ ਦੇ ਸੋਮੇ ਨੂੰ ਖ਼ਤਮ ਕਰਨ ਲਈ ਪੰਥ ਦੋਖੀਆਂ ਦਾ ਇੱਕ ਤਬਕਾ ਯਤਨਸ਼ੀਲ ਹੈ।
ਰਾਣਾ ਨੇ ਦਸ਼ਮ ਵਿਰੋਧੀਆਂ ਨੂੰ ਦਸ਼ਮ-ਬਾਣੀ ਦੇ ਬਾਰੇ ਆਪਣੀ ਸ਼ੰਕਾਂਵਾ ਨੂੰ ਦੂਰ ਕਰਨ ਲਈ ਦਿੱਲੀ ਕਮੇਟੀ ਨਾਲ ਰਾਬਤਾ ਕਾਇਮ ਕਰਨ ਦੀ ਸਲਾਹ ਦਿੰਦੇ ਹੋਏ ਦਸ਼ਮ ਬਾਣੀ ਦੇ ਪ੍ਰਚਾਰ ਨੂੰ ਸੰਗਤਾਂ ਵਿਚ ਭੁਲੇਖੇ ਦੂਰ ਕਰਨ ਦੀ ਕਮੇਟੀ ਦੀ ਕੋਸ਼ਿਸ਼ ਵੀ ਦੱਸਿਆ।ਰਾਣਾ ਨੇ ਕਿਹਾ ਕਿ ਦਿੱਲੀ ਕਮੇਟੀ ਸ਼੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਪੰਥ ਪ੍ਰਵਾਣਿਤ ਬਾਣੀਆਂ ਨੂੰ ਪੜ੍ਹਨਾਂ ਦਿੱਲੀ ਦੀਆਂ ਸਟੇਜ਼ਾ ‘ਤੇ ਕਦੇ ਬੰਦ ਨਹੀਂ ਹੋਣ ਦੇਵੇਗੀ।ਸਾਬਕਾ ਪ੍ਰਬੰਧਕਾਂ ਵੱਲੋਂ ਦਸ਼ਮ-ਬਾਣੀ ਪੜਨ ਕਰਕੇ ਪੰਥ ਦੇ ਸ਼੍ਰੋਮਣੀ ਰਾਗੀ ਭਾਈ ਬਲਬੀਰ ਸਿੰਘ ਜੀ ਦੇ ਸਾਜ਼ ਸਟੇਜ਼ ਤੋਂ ਸੁੱਟੇ ਜਾਣ ਨੂੰ ਵੀ ਰਾਣਾ ਨੇ ਯਾਦ ਕਰਾਇਆ। ਚੰਡੀ ਦੀ ਵਾਰ ਦੀ ਕੱਥਾ 21ਵੀਂ ਸਦੀ ਦੇ ਮਹਾਨ ਸੰਤ ਜਰਨੈਲ ਸਿੰਘ ਭਿੰਡਰਾਵਾਲਿਆਂ ਵੱਲੋਂ ਅਤੇ ਪੰਥ ਪ੍ਰਸਿੱਧ ਕਥਾਵਾਚਕਾ ਗਿਆਨੀ ਸੰਤ ਸਿੰਘ ਮਸ਼ਕੀਨ, ਗਿਆਨੀ ਪਿੰਦਰਪਾਲ ਸਿੰਘ ਤੇ ਮਾਨ ਸਿੰਘ ਜੋਹਰ ਵੱਲੋਂ ਦਸ਼ਮ-ਬਾਣੀ ਦੀ ਕਥਾ ਕਰਨ ਦਾ ਵੀ ਰਾਣਾ ਨੇ ਹਵਾਲਾ ਦਿੱਤਾ।
ਰਾਣਾ ਨੇ ਚੇਤਾਵਨੀ ਭਰੇ ਲਹਿਜ਼ੇ ਵਿਚ ਕਿਹਾ ਕਿ ਦਿੱਲੀ ਵਿੱਚ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ 1-13 ਅੰਗ ਤਕ ਦੀ ਬਾਣੀ ਪੜ੍ਹ ਕੇ ਅੰਮ੍ਰਿਤ ਸੰਚਾਰ ਕਰਾਉਣ ਦੀ ਪੰਥ ਦੋਖ਼ੀਆਂ ਵੱਲੋਂ ਵਿਦੇਸ਼ਾਂ ਵਿਚ ਕੀਤੀ ਗਈ ਕੋਸ਼ਿਸ਼ ਨੂੰ ਸਿਰੇ ਨਹੀਂ ਚੜ੍ਹਨ ਦਿੱਤਾ ਜਾਵੇਗਾ।ਉਨ੍ਹਾਂ ਕਿਹਾ ਕਿ ਅੰਮ੍ਰਿਤ ਸੰਚਾਰ ਤੋਂ ਤਿੰਨ ਬਾਣੀਆਂ ਬਾਹਰ ਕਢਣ, ਅਰਦਾਸ ਦੇ ਮੁੱਖ ਬੰਦ ਵਿੱਚ ਸੋਧ ਕਰਨ ਅਤੇ ਅਨੰਦ ਕਾਰਜ਼ ਦੌਰਾਨ 2 ਲਾਵਾਂ ਲਾੜੇ ਵੱਲੋਂ ਅੱਗੇ ਅਤੇ 2 ਲਾਵਾਂ ਲਾੜੀ ਵੱਲੋਂ ਅੱਗੇ ਲੈਣ ਦੀਆਂ ਪੰਥ ਦੋਖ਼ੀਆਂ ਵੱਲੋਂ ਘੜੀਆਂ ਜਾਂਦੀਆਂ ਸਾਜਿਸ਼ਾ ਨੂੰ ਨਾਕਾਮ ਕਰਨ ਲਈ ਦਿੱਲੀ ਕਮੇਟੀ ਵੱਚਨਬੱਧ ਹੈ।
Check Also
ਦੁਬਈ ਦੇ ਵੱਡੇ ਦਿਲ ਵਾਲੇ ਸਰਦਾਰ ਨੇ ਜਾਰਜੀਆ ਹਾਦਸੇ `ਚ ਮਰਨ ਵਾਲਿਆਂ ਦੇ ਪਰਿਵਾਰਾਂ ਦੀ ਫ਼ੜੀ ਬਾਂਹ
ਅੰਮ੍ਰਿਤਸਰ, 23 ਦਸੰਬਰ (ਜਗਦੀਪ ਸਿੰਘ) – ਦੁਬਈ ਦੇ ਉੱਘੇ ਕਾਰੋਬਾਰੀ ਤੇ ਸਰਬਤ ਦਾ ਭਲਾ ਚੈਰੀਟੇਬਲ …
Punjab Post Daily Online Newspaper & Print Media