ਸਕੂਲ ਦੀ ਵਿਦਿਆਰਥਣ ਗੁਰਕਿਰਨ ਕੌਰ 97% ਅੰਕ ਹਾਸਲ ਕਰਕੇ ਕਾਮਰਸ ਗਰੁੱਪ ਵਿੱਚ ਟਾਪਰ ਰਹੀ

ਅੰਮ੍ਰਿਤਸਰ, 28 ਮਈ (ਪੰਜਾਬ ਪੋਸਟ ਬਿਊਰੋ)- ਚੀਫ਼ ਖ਼ਾਲਸਾ ਦੀਵਾਨ ਚੈਰੀਟੇਬਲ ਸੁਸਾਇਟੀ ਦੀ ਸਰਪ੍ਰਸਤੀ ਅਧੀਨ ਚਲਾਏ ਜਾ ਰਹੇ ਸ੍ਰੀ ਗੁਰੂ ਹਰਿਕ੍ਰਿਸ਼ਨ ਸੀਨੀਅਰ ਸੈਕੰਡਰੀ ਪਬਲਿਕ ਸਕੂਲ ਜੀ. ਟੀ. ਰੋਡ ਦੇ ਵਿਦਿਆਰਥੀਆਂ ਨੇ ਸੀ.ਬੀ.ਐਸ.ਈ. ਦੁਆਰਾ ਲਈ ਗਈ +2 ਜਮਾਤ ਦੇ ਨਤੀਜੇ ਸ਼ਾਨਦਾਰ ਪ੍ਰਾਪਤੀਆਂ ਹਾਸਲ ਕੀਤੀਆਂ ਹਨ। ਸਕੂਲ ਦੀ ਵਿਦਿਆਰਥਣ ਗੁਰਕਿਰਨ ਕੌਰ ਨੇ ਕਾਮਰਸ ਗਰੁੱਪ ਵਿੱਚੋ 97% ਅੰਕ ਲੈ ਕੇ ਸਕੂਲ ਦਾ ਨਾਂ ਰੌਸ਼ਨ ਕੀਤਾ ਹੈ। ਅਕਾਲਪ੍ਰੀਤ ਕੌਰ ਨੇ ਨਾਨ-ਮੈਡੀਕਲ ਗਰੁੱਪ ਵਿੱਚ 96.8% ਅੰਕ, ਦਿਵਜੋਤ ਕੌਰ ਨੇ ਮੈਡੀਕਲ ਗਰੁੱਪ ਵਿੱਚ 95.2% ਅੰਕ ਅਤੇ ਜਸ਼ਨਪ੍ਰੀਤ ਕੌਰ ਨੇ ਆਰਟਸ ਗਰੁੱਪ ਵਿੱਚ 93.6% ਅੰਕ ਹਾਸਲ ਕੀਤੇ ਹਨ।ਸਕੂਲ ਦੇ ਪ੍ਰਿੰਸੀਪਲ/ਡਾਇਰੈਕਟਰ ਡਾ: ਧਰਮਵੀਰ ਸਿੰਘ ਨੇ ਦੱਸਿਆ ਕਿ ਸਕੂਲ ਦੇ ਕੁਲ 267 ਵਿਦਿਆਰਥੀਆਂ ਨੇ +2 ਜਮਾਤ ਦੀ ਪ੍ਰੀਖਿਆ ਦਿੱਤੀ ਜਿਹਨਾਂ ਵਿੱਚੋਂ 50 ਵਿਦਿਆਰਥੀਆਂ ਨੇ 90% ਅਤੇ ਇਸਤੋਂ ਵੱਧ ਅੰਕ, 50 ਵਿਦਿਆਰਥੀਆਂ ਨੇ 85-89% ਅੰਕ ਹਾਸਲ ਕੀਤੇ। ਕੁਲ ਮਿਲਾ ਕੇ ਸਕੂਲ ਦਾ ਨਤੀਜ਼ਾ 100% ਰਿਹਾ ਹੈ। ਉਹਨਾਂ ਨੇ ਪਾਸ ਹੋਏ ਵਿਦਿਆਰਥੀਆਂ ਨੂੰ ਉਹਨਾਂ ਦੀ ਸਫਲਤਾ ਲਈ ਵਧਾਈ ਦਿੱਤੀ ਅਤੇ ਉਹਨਾਂ ਦੇ ਉਜਵਲ ਭਵਿੱਖ ਲਈ ਸ਼ੁਭ ਕਾਮਨਾਵਾਂ ਦਿੱਤੀਆਂ। ਉਹਨਾਂ ਇਹ ਵੀ ਕਿਹਾ ਕਿ ਜੀ. ਟੀ. ਰੋਡ ਸਕੂਲ ਦਾ ਇਹ ਸ਼ਾਨਦਾਰ ਨਤੀਜਾ ਜਿੱਥੇ ਵਿਦਿਆਰਥੀਆਂ ਦੀ ਘਾਲਣਾ ਅਤੇ ਲਗਨ ਕਰਕੇ ਸੰਭਵ ਹੋਇਆ ਹੈ, ਉਥੇ ਹੀ ਸਕੂਲ ਦੇ ਅਧਿਆਪਕਾਂ ਵੱਲੋਂ ਕਰਵਾਈ ਜਾਂਦੀ ਸਖਤ ਮਿਹਨਤ ਅਤੇ ਸੁਚੱਜੀ ਅਗਵਾਈ ਦਾ ਵੀ ਇਸ ਵਿੱਚ ਮਹੱਤਵਪੂਰਨ ਯੋਗਦਾਨ ਹੈ ਜਿਸ ਕਰਕੇ ਉਹ ਵੀ ਵਧਾਈ ਦੇ ਪਾਤਰ ਹਨ। ਚੀਫ਼ ਖ਼ਾਲਸਾ ਦੀਵਾਨ ਚੈਰੀਟੇਬਲ ਸੁਸਾਇਟੀ ਦੇ ਮੀਤ ਪ੍ਰਧਾਨ ਡਾ: ਸੰਤੋਖ ਸਿੰਘ, ਸਥਾਨਕ ਪ੍ਰਧਾਨ ਸ੍ਰ. ਨਿਰਮਲ ਸਿੰਘ, ਆਨਰੇਰੀ ਸੱਕਰ ਸ੍ਰ. ਨਰਿੰਦਰ ਸਿੰਘ ਖੁਰਾਣਾ, ਸ੍ਰ. ਹਰਮਿੰਦਰ ਸਿੰਘ ਸਾਬਕਾ ਪ੍ਰਧਾਨ, ਸ੍ਰ. ਸੰਤੋਖ ਸਿੰਘ ਸੇਠੀ ਨੇ ਵੀ ਪਾਸ ਹੋਏ ਵਿਦਿਆਰਥੀਆਂ, ਉਹਨਾਂ ਦੇ ਮਾਤਾ-ਪਿਤਾ, ਸਕੂਲ ਦੇ ਪ੍ਰਿੰਸੀਪਲ ਅਤੇ ਸਟਾਫ ਨੂੰ ਇਸ ਸ਼ਾਨਦਾਰ ਨਤੀਜੇ ਲਈ ਵਧਾਈ ਦਿੱਤੀ।
Punjab Post Daily Online Newspaper & Print Media