ਸਮਰਾਲਾ, 18 ਅਕਤੂਬਰ (ਪੰਜਾਬ ਪੋਸਟ ਬਿਊਰੋ) – ਪੰਜਾਬੀ ਸਾਹਿਤ ਸਭਾ (ਰਜਿ:) ਸਮਰਾਲਾ ਦੀ ਮਾਸਿਕ ਇਕੱਤਰਤਾ, ਸਭਾ ਦੇ ਪ੍ਰਧਾਨ ਬਿਹਾਰੀ ਲਾਲ ਸੱਦੀ ਦੀ ਪ੍ਰਧਾਨਗੀ ਹੇਠ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਲੜਕੇ) ਸਮਰਾਲਾ ਵਿਖੇ ਹੋਈ। ਮੀਟਿੰਗ ਦੇ ਆਰੰਭ ਵਿਚ ਪ੍ਰਵਾਸੀ ਸ਼ਾਇਰ ਸੰਤੋਖ ਸਿੰਘ ਸੰਤੋਖ ਅਤੇ ਸ੍ਰੀ ਬ੍ਰਾਹਮਣ ਸਭਾ ਪੰਜਾਬ ਦੇ ਵਿੱਤ ਸਕੱਤਰ ਵਰਿੰਦਰ ਜੋਸ਼ੀ ਗੋਬਿੰਦਗੜ੍ਹ ਦੀ ਮੌਤ ਉੱਤੇ ਸ਼ੋਕ ਦਾ ਪ੍ਰਗਟਾਵਾ ਕੀਤਾ ਗਿਆ ਅਤੇ ਪਰਿਵਾਰਾਂ ਨਾਲ ਹਮਦਰਦੀ ਪ੍ਰਗਟ ਕੀਤੀ ਗਈ। ਰਚਨਾਵਾਂ ਦੇ ਦੌਰ ਦਾ ਅਰੰਭ ਲਾਭ ਸਿੰਘ ਬੇਗੋਵਾਲ ਦੀ ਗ਼ਜ਼ਲ ਨਾਲ ਕੀਤਾ ਗਿਆ ਜਿਸ ਦਾ ਮਤਲਾ ਸੀ ਮੈਂ ਤੇਰੀ ਤਸਵੀਰ ਨਾਲ ਦਿਲ ਬਹਿਲਾਇਆ ਰਾਤ ਭਰ, ਮੈਂ ਯਾਦਾਂ ਨੂੰ ਤਾਜ਼ੀਆਂ ਕਰਕੇ ਮਨ ਪ੍ਰਚਾਇਆ ਰਾਤ ਭਰ’। ਕਵੀ ਗੁਰਨਾਮ ਸਿੰਘ ਬਿਜਲੀ ਨੇ ਰਾਵਣ ਬਾਰੇ ਕਵਿਤਾ ਤਹਿਜ਼ੀਬ ਪੇਸ਼ ਕੀਤੀ। ਐਡਵੋਕੇਟ ਨਰਿੰਦਰ ਸ਼ਰਮਾ ਨੇ ਉਨ੍ਹਾਂ ਧੀਆਂ ਦੀ ਬਾਤ ਪਾਈ ਜੋ ਮਨੁੱਖੀ ਜ਼ੁਲਮ ਦਾ ਸ਼ਿਕਾਰ ਹੋ ਰਹੀਆਂ ਹਨ।ਇਕਬਾਲ ਸਿੰਘ ਨੀਲੋਂ ਨੇ ਮਿੰਨੀ ਕਹਾਣੀ ‘ਪਿੱਪਲੀ ਵਾਲੀ ਢਾਬ” ਪੇਸ਼ ਕੀਤੀ। ਸ਼੍ਰੋਮਣੀ ਬਾਲ ਪੁਰਸਕਾਰ ਵਿਜੇਤਾ ਕਮਲਜੀਤ ਨੀਲੋਂ ਨੇ ਬਾਲ ਕਹਾਣੀ ‘ਚਿਤਾਵਨੀ’ ਪੇਸ਼ ਕੀਤੀ। ਜਿਸ ਵਿਚ ਹਵਾ ਦੇ ਪ੍ਰਦੂਸ਼ਣ ਦਾ ਮੁੱਦਾ ਚੁੱਕਿਆ ਗਿਆ। ਸੁਰਿੰਦਰ ਰਾਮਪੁਰੀ ਨੇ ਭਾਸ਼ਾ ਵਿਗਿਆਨੀ ਤੇ ਸ਼ਾਇਰ ਸੁਰਜੀਤ ਖੁਰਸ਼ੀਦੀ ਦਾ ਕਾਵਿ ਚਿਤਰ ਪੜ੍ਹਿਆ। ਬਾਬੂ ਸਿੰਘ ਚੌਹਾਨ ਨੇ ਗੀਤ, ਜੋਗਿੰਦਰ ਸਿੰਘ ਜੋਸ਼ ਨੇ ਉਰਦੂ ਕਵਿਤਾ, ਸੰਜੀਵ ਕਲਿਆਣ ਨੇ ਮਿੰਨੀ ਕਹਾਣੀ ‘ਚੱਲ ਕੋਈ ਨੀ” ਪੇਸ਼ ਕੀਤੀ। ਕਹਾਣੀਕਾਰ ਸੁਖਜੀਤ ਨੇ ਇਨ੍ਹਾਂ ਕਹਾਣੀਆਂ ਤੇ ਆਪਣੇ ਖੁੱਲ ਕੇ ਵਿਚਾਰ ਪ੍ਰਗਟ ਕੀਤੇ ਅਤੇ ਨਵੇਂ ਲੇਖਕਾਂ ਨੂੰ ਹੋਰ ਚੰਗਾ ਲਿਖਣ ਲਈ ਪ੍ਰੇਰਿਆ। ਉਪਰੰਤ ਪੰਜਾਬੀ ਦੇ ਜਾਣੇ ਪਛਾਣੇ ਕਹਾਣੀਕਾਰ ਬਲਵਿੰਦਰ ਗਰੇਵਾਲ ਨੇ ਆਪਣੀ ਨਵੀਂ ਕਹਾਣੀ ਸੁਣਾਈ ਜਿਸ ਵਿਚ ਇਕ ਕਿਸਾਨ ਵੱਲੋਂ ਹੰਢਾਈ ਤ੍ਰਾਸਦੀ ਕਾਰਨ ਨਹਿਰ ਵਿਚੋਂ ਲਾਸ਼ਾਂ ਕੱਢਣ ਦੇ ਕਿੱਤੇ ਨੂੰ ਅਪਣਾਉਣ ਦੀ ਸਾਰਥਿਕ ਕਥਾ ਹੈ। ਕਹਾਣੀ ਉੱਪਰ ਲੰਬੀ ਤੇ ਸਾਰਥਕ ਬਹਿਸ ਵਿਚ ਸ਼੍ਰੋਮਣੀ ਕਮੇਟੀ ਦੇ ਸਕੱਤਰ ਸਿਮਰਜੀਤ ਸਿੰਘ ਕੰਗ, ਕਹਾਣੀਕਾਰ ਸੁਖਜੀਤ, ਨਰਿੰਦਰ ਸ਼ਰਮਾ, ਕਹਾਣੀਕਾਰ ਸੁਰਿੰਦਰ ਰਾਮਪੁਰੀ, ਕਹਾਣੀਕਾਰ ਗੁਰਪਾਲ ਲਿੱਟ, ਜਗਦੀਸ਼ ਨੀਲੋਂ, ਸੁਰਜੀਤ ਵਿਸ਼ਾਦ, ਬਿਹਾਰੀ ਲਾਲ ਸੱਦੀ ਨੇ ਆਪਣੇ ਵਿਚਾਰ ਸਾਂਝੇ ਕੀਤੇ। ਲੇਖਕ ਨੇ ਕਹਾਣੀ ਦੇ ਦੋ ਨਾਂ ‘ਇਹ ਮੇਰਾ ਪੰਜਾਬ ਬੇਲੀਓ’ ਅਤੇ ‘ਨਹਿਰ’ ਰੱਖੇ ਹੋਏ ਸਨ, ਪਰ ਦੋਵੇਂ ਨਾਂ ਕਹਾਣੀ ਲਈ ਢੁੱਕਵੇਂ ਨਹੀਂ ਮੰਨੇ ਗਏ।ਕਹਾਣੀ ਨੂੰ ਨਵੇਂ ਵਿਸ਼ੇ ਦੀ ਕਹਾਣੀ ਆਖਕੇ ਵਡਿਆਇਆ ਗਿਆ ਤੇ ਉਸ ਵਿਚ ਵਾਧੂ ਵਿਸਥਾਰ ਨੂੰ ਘੱਟ ਕਰਨ ਦੀ ਸਲਾਹ ਦਿੱਤੀ ਗਈ। ਲੇਖਕ ਨੇ ਵਿਚਾਰ ਵਟਾਂਦਰੇ ਉੱਤੇ ਸੰਤੋਸ਼ ਦਾ ਪ੍ਰਗਟ ਕੀਤਾ ਤੇ ਦਿੱਤੇ ਗਏ ਸੁਝਾਵਾਂ ਲਈ ਧੰਨਵਾਦ ਕੀਤਾ।ਇਸ ਮੀਟਿੰਗ ਵਿਚ ਦਰਸ਼ਨ ਸਿੰਘ ਕੰਗ, ਨਿਰਭੈ ਸਿੰਘ ਸੰਧੂ, ਦੀਪ ਦਿਲਬਰ ਨੇ ਵੀ ਭਾਗ ਲਿਆ। ਮੀਟਿੰਗ ਦੀ ਕਾਰਵਾਈ ਜਰਨਲ ਸਕੱਤਰ ਜਗਦੀਸ਼ ਨੀਲੋਂ ਵੱਲੋਂ ਚਲਾਈ ਗਈ।
Check Also
ਗਾਂਧੀ ਜੈਯੰਤੀ ਸਵੱਛਤਾ ਜਾਗਰੂਕਤਾ ਦਿਵਸ ਵਜੋਂ ਮਨਾਈ ਗਈ
ਅੰਮ੍ਰਿਤਸਰ, 6 ਅਕਤੂਬਰ (ਪੰਜਾਬ ਪੋਸਟ ਬਿਊਰੋ) – ਨਗਰ ਨਿਗਮ ਅੰਮ੍ਰਿਤਸਰ ਵੱਲੋਂ ਫਸਟ ਪੰਜਾਬ ਬਟਾਲੀਅਨ ਐਨ.ਸੀ.ਸੀ …
Punjab Post Daily Online Newspaper & Print Media