Sunday, March 15, 2026

ਗੌਰਵ ਕੋਟੀਆ ਨੇ ਖੇਤਰੀ ਸਰਸ ਮੇਲੇ ਵਿੱਚ ਪਾਣੀ ਦੇ ਗਲਾਸਾਂ ਵਿੱਚੋਂ ਹੱਥਾਂ ਨਾਲ ਪੇਸ਼ ਕੀਤਾ ਲਾਜਵਾਬ ਸੰਗੀਤ

ppn2010201605

ਬਠਿੰਡਾ, 20 ਅਕਤੂਬਰ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ)- ਦੇਸ਼-ਵਿਦੇਸ਼ ਦੇ ਲੋਕਾਂ ਵਿਚ ਕੱਚ ਦੇ ਗਲਾਸਾਂ ਵਿਚ ਪਾਣੀ ਭਰਕੇ ਦੋਵੇਂ ਹੱਥਾਂ ਨਾਲ ਤਰੰਗਾਂ ਰਾਹੀਂ ਵਿਸ਼ੇਸ਼ ਤਰ੍ਹਾਂ ਦਾ ਸੰਗੀਤ ਪੇਸ਼ ਕਰਨ ਵਾਲੇ ਮੁੰਬਈ ਦੇ 20 ਸਾਲਾ ਨੌਜਵਾਨ ਗੌਰਵ ਕੋਟੀਆਂ ਨੇ ਪਹਿਲੀ ਵਾਰ ਪੰਜਾਬ ਵਿਚ ਆਪਣੇ ਸ਼ੋਅ ਦੌਰਾਨ ਖੇਤਰੀ ਸਰਸ ਮੇਲੇ ਵਿਚ ਆਏ ਕਲਾ ਪ੍ਰੇਮੀਆਂ ਦਾ ਦਿਲ ਜਿੱਤ ਲਿਆ। ਕਰਵਾ ਚੌਥ ਦੌਰਾਨ ਮੇਲੇ ਵਿਚ ਔਰਤਾਂ ਦੀ ਜਬਰਦਸਤ ਆਮਦ ਨੇ ਮੇਲੇ ਦੀ ਰੌਣਕ ਨੂੰ ਚਾਰ ਚੰਨ ਲਾ ਦਿੱਤੇ।
ਸ਼ਾਮ ਕਰੀਬ ਪੌਣੇ ਸੱਤ ਵਜੇ ਸ਼ੁਰੂ ਕੀਤੇ ‘ਗਲਾਸ ਹਾਰਪ’ ਸ਼ੋਅ ਦੀ ਸ਼ੁਰੂਆਤ ਕਰਦਿਆਂ ਸ਼੍ਰੀ ਕੋਟੀਆਂ ਨੇ ਆਪਣੇ ਸਾਹਮਣੇ ਪਏ ਪਾਣੀ ਨਾਲ ਭਰੇ 27 ਕੱਚ ਦੇ ਗਲਾਸਾਂ ‘ਤੇ ਹੱਥਾਂ ਨਾਲ ਪੈਦਾ ਕੀਤੀਆਂ ਤਰੰਗਾਂ ਨਾਲ ਦਿਲ ਖਿਚਵਾਂ, ਮੱਠਾ ਅਤੇ ਆਨੰਦਮਈ ਸੰਗੀਤ ਪੇਸ਼ ਕੀਤਾ। ਸੰਗੀਤ ਦਾ ਲੁਤਫ਼ ਲੈ ਰਹੇ ਸੰਗੀਤ ਪ੍ਰੇਮੀ ਸ਼੍ਰੀ ਕੋਟੀਆਂ ਵਲੋਂ ਕੀਤੀ ਵੱਖਰੇ ਕਿਸਮ ਦੀ ਸੰਗੀਤਕ ਪੇਸ਼ਕਾਰੀ ਨੂੰ ਦੇਖ-ਸੁਣਕੇ ਅਸ਼-ਅਸ਼ ਕਰ ਉੱਠੇ। ਇਸ ਦੌਰਾਨ ਸ਼੍ਰੀ ਕੋਟੀਆਂ ਨੇ ਦੱਸਿਆ ਕਿ ਕਰੀਬ ਇਕ ਸਾਲ ਪਹਿਲਾਂ ਸ਼ੁਰੂ ਕੀਤੇ ‘ਗਲਾਸ ਹਾਰਪ’ ਸ਼ੋਅ ਨੂੰ ਲੋਕਾਂ ਵਲੋਂ ਬਹੁਤ ਸਲਾਹਿਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਉਹ ਪਹਿਲੀ ਵਾਰ ਪੰਜਾਬ ਆਏ ਹਨ ਅਤੇ ਪਹਿਲੇ ਸ਼ੋਅ ਦੌਰਾਨ ਪੰਜਾਬੀਆਂ ਵਲੋਂ ਦਿੱਤਾ ਮਾਣ ਸਤਿਕਾਰ ਅਤੇ ਪਿਆਰ ਕਦੇ ਭੁਲਾਇਆ ਨਹੀਂ ਜਾ ਸਕਦਾ। ਪੰਜਾਬ ਦੀ ਮਹਿਮਾਨ ਨਵਾਜੀ ਦੀ ਸ਼ਲਾਘਾ ਕਰਦਿਆਂ ਸ਼੍ਰੀ ਕੋਟੀਆਂ ਨੇ ਕਿਹਾ ਕਿ ਪੰੰਜਾਬੀ ਮਹਿਮਾਨ ਨਵਾਜੀ ਦੀ ਜਿੰਨੀ ਤਾਰੀਫ਼ ਕਰੋ ਓਨੀ ਘੱਟ ਹੈ। ਉਨ੍ਹਾਂ ਕਿਹਾ ਕਿ ਪੰਜਾਬੀ ਆਓ ਭਗਤ ਅਤੇ ਪ੍ਰਾਹੁਣਚਾਰੀ ਦੀਆਂ ਸਿਖਰਾਂ ‘ਤੇ ਹਨ। ਉਨ੍ਹਾਂ ਦੱਸਿਆ ਕਿ ਉਹ 25 ਅਕਤੂਬਰ ਤੱਕ ਰੋਜ਼ਾਨਾ ਸ਼ੋਅ ਰਾਹੀਂ ਕਲਾ ਪ੍ਰੇਮੀਆਂ ਲਈ ਸੰਗੀਤਕ ਪੇਸ਼ਕਾਰੀਆਂ ਕਰਨਗੇ। ਕਰਵਾ ਚੌਥ ਦੇ ਦਿਨ ਮੱਦੇਨਜ਼ਰ ਪ੍ਰਸ਼ਾਸਨ ਵਲੋਂ ਔਰਤਾਂ ਨੂੰ ਮੁਫ਼ਤ ਪ੍ਰਵੇਸ਼ ਦੀ ਸਹੂਲਤ ਮੁਹੱਈਆ ਕਰਵਾਈ ਗਈ ਸੀ ਜਿਸ ‘ਤੇ ਸਾਰਾ ਦਿਨ ਔਰਤਾਂ ਦੀ ਭਾਰੀ ਭੀੜ ਮੇਲੇ ਵਿਚ ਦੇਖਣ ਨੂੰ ਮਿਲੀ। ਸਾਬਕਾ ਲੋਕ ਸਭਾ ਮੈਂਬਰ ਬੀਬੀ ਪਰਮਜੀਤ ਕੌਰ ਗੁਲਸ਼ਨ ਨੇ ਅੱਜ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਪ੍ਰਾਇਮਰੀ ਸਕੂਲਾਂ ਵਿਚ ਤੂੰਗਵਾਲੀ ਦੀਆਂ ਵਿਦਿਆਰਥਣਾਂ ਨੇ ਗਿੱਧਾ ਅਤੇ ਕਲਿਆਣ ਸੁੱਖਾ ਦੇ ਵਿਦਿਆਰਥੀਆਂ ਨੇ ਮਲਕੀ-ਕੀਮਾ ਦੀ ਝਾਕੀ ਪੇਸ਼ ਕਰਕੇ ਸਰੋਤਿਆਂ ਦਾ ਮਨ ਮੋਹ ਲਿਆ। ਸੈਕੰਡਰੀ ਸਕੂਲਾਂ ਵਿਚ ਬੀੜ ਤਲਾਅ ਅਤੇ ਚਾਓਕੇ ਦੇ ਵਿਦਿਆਰਥੀਆਂ ਵਲੋਂ ਨਾਟਕਾਂ ਦੀ ਪੇਸ਼ਕਾਰੀ ਕੀਤੀ ਗਈ।
ਵੱਖ ਵੱਖ ਰਾਜਾਂ ਦੇ ਲੋਕ ਨਾਚਾਂ ਦੀ ਪੇਸ਼ਕਾਰੀ ਵਿੱਚ ਗੁਜਰਾਤ ਦਾ ਗੜਵਾ ਡਾਂਸ, ਹਰਿਆਣਾ ਦਾ ਨਾਚ ਬਾਗ, ਉਡੀਸਾ ਦੇ ਗੋਟੀ ਭੂਆ ਨਾਚ, ਅਸਮ ਦਾ ਬੀਹੂ ਡਾਂਸ, ਮਨੀਪੁਰ ਦਾ ਢੋਲ ਚੋਲਮ ਨੇ ਖੁੂਬ ਰੰਗ ਬੰਨਿਆ, ਪੱਜਾਬ ਪੁਲਿਸ ਦੇ ਸਭਿਆਚਾਰਕ ਗਰੁੱਪ ਦੇ ਕਲਾਕਾਰ ਕਰਮਰਾਜ ਕਰਮਾ ਵਲੋਂ ਹਾਸਰਸ ਪੇਸ਼ਕਾਰੀ ਨੇ ਲੋਕਾਂ ਦੇ ਢਿੱਡੀਂ ਪੀੜਾਂ ਪਾਈਆਂ। ਮੇਲੇ ਸਬੰਧੀ ਜਾਣਕਾਰੀ ਦਿੰਦਿਆਂ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਡਾ. ਸ਼ੇਨਾ ਅਗਰਵਾਲ ਨੇ ਦੱਸਿਆ ਕਿ ਹੁਣ ਤੱਕ 90 ਹਜਾਰ ਦੇ ਕਰੀਬ ਲੋਕ ਮੇਲੇ ਵਿਚ ਸ਼ਿਰਕਤ ਕਰ ਚੁੱਕੇ ਹਨ। ਉਨ੍ਹਾਂ ਦੱਸਿਆ ਕਿ ਮੇਲੇ ਨੂੰ ਲੋਕਾਂ ਵਲੋਂ ਦਿਨੋਂ ਦਿਨ ਦਿੱਤੇ ਜਾ ਰਹੇ ਭਰਵੇਂ ਹੁੰਗਾਰਾ ਭਾਰਤੀ ਦਸਤਕਾਰੀ ਤੇ ਹਸਤਕਲਾ ਪ੍ਰਤੀ ਲੋਕਾਂ ਦਾ ਉਤਸ਼ਾਹ ਹੈ ਜਿਸ ਲਈ ਜ਼ਿਲ੍ਹਾ ਪ੍ਰਸ਼ਾਸਨ ਲੋਕਾਂ ਦਾ ਮਸ਼ਕੂਰ ਹੈ।

Check Also

ਡੀ.ਏ.ਵੀ ਪਬਲਿਕ ਸਕੂਲ ਵਿਖੇ ਲਿੰਗ ਸੰਵੇਦਨਸ਼ੀਲਤਾ ਵਰਕਸ਼ਾਪ ਦਾ ਆਯੋਜਨ

ਅੰਮ੍ਰਿਤਸਰ, 14 ਮਾਰਚ (ਜਗਦੀਪ ਸਿੰਘ) – ਆਰੀਆ ਰਤਨ ਡਾ. ਪੂਨਮ ਸੂਰੀ ਪਦਮ ਸ੍ਰੀ ਪੁਰਸਕਾਰ ਜੇਤੂ …

Leave a Reply