
ਫਾਜ਼ਿਲਕਾ, 20 ਅਕਤੂਬਰ (ਵਿਨੀਤ ਅਰੋੜਾ)- ਆਲ ਪੰਜਾਬ ਆਂਗਨਵਾੜੀ ਮੁਲਾਜ਼ਮ ਯੂਨੀਅਨ ਦੇ ਬਲਾਕ ਅਬੋਹਰ-2 ਅਤੇ ਫਾਜ਼ਿਲਕਾ ਦੇ ਸਰਕਲ-1 ਦੀਆਂ ਵਰਕਰਾਂ ਨੇ ਅੱਜ ਪ੍ਰਕਾਸ਼ ਕੌਰ ਮੁੰਬੇਕਾ ਅਤੇ ਊਸ਼ਾ ਰਾਣੀ ਸਰਕਲ ਪ੍ਰਧਾਨ ਫਾਜ਼ਿਲਕਾ ਦੀ ਅਗਵਾਈ ਵਿਚ ਫਾਜ਼ਿਲਕਾ ਦੇ ਵਿਧਾਇਕ ਅਤੇ ਰਾਜ ਦੇ ਸਿਹਤ ਮੰਤਰੀ ਸੁਰਜੀਤ ਕੁਮਾਰ ਜਿਆਣੀ ਦੇ ਦਫ਼ਤਰ ਸਾਹਮਣੇ ਮੰਗਾਂ ਨੂੰ ਲੈਕੇ ਧਰਨਾ ਦਿੱਤਾ ਅਤੇ ਜ਼ੋਰਦਾਰ ਨਾਅਰੇਬਾਜੀ ਕਰਦੇ ਹੋਏ ਰੋਸ ਪ੍ਰਦਰਸ਼ਨ ਕੀਤਾ।
ਹਾਜ਼ਰੀਨ ਨੂੰ ਸੰਬੋਧਤ ਕਰਦੇ ਹੋਏ ਯੂਨੀਅਨ ਦੇ ਵੱਖ ਵੱਖ ਬੁਲਾਰਿਆਂ ਨੇ ਦੱਸਿਆ ਕਿ ਐਨਜੀਓ ਨੂੰ ਦਿੱਤੇ ਬਲਾਕ ਖੂਈਆਂ ਸਰਵਰ ਅਤੇ ਬਠਿੰਡਾ ਬਲਾਕ ਵਾਪਸ ਆਈਸੀਡੀਐਸ ਵਿਭਾਗ ਵਿਚ ਤਬਦੀਲ ਕਰ ਦਿੱਤੇ ਗਏ ਹਨ। ਉਨ੍ਹਾਂ ਕਿਹਾ ਕਿ ਯੂਨੀਅਨ ਦੀਆਂ ਬਾਕੀ ਮੰਗਾਂ ਨੂੰ ਪੰਜਾਬ ਸਰਕਾਰ ਵੱਲੋਂ ਤਾਂ ਮੰਨ ਲਿਆ ਗਿਆ ਹੈ ਪਰ ਅਫ਼ਸਰਸ਼ਾਹੀ ਹਾਲੇ ਤੱਕ ਉਨ੍ਹਾਂ ਪੱਤਰਾਂ ਨੂੰ ਜਾਰੀ ਨਹੀਂ ਕਰ ਰਹੀ। ਇਸ ਮੌਕੇ ਯੂਨੀਅਨ ਆਗੂਆਂ ਨੇ ਮੰਗ ਕਰਦੇ ਹੋਏ ਕਿਹਾ ਕਿ ਮੰਤਰੀ ਸ਼੍ਰੀ ਜਿਆਣੀ ਇਨ੍ਹਾਂ ਅਫ਼ਸਰਾਂ ਤੇ ਨੱਥ ਪਾਉਣ ਤਾਕਿ ਅਫ਼ਸਰਸ਼ਾਹੀ ਗਲਤ ਕੰਮਾਂ ਤੋਂ ਹੱਟਕੇ ਸਹੀ ਕੰਮਾਂ ਨੂੰ ਪੂਰਾ ਕਰੇ। ਅੱਜ ਦੇ ਧਰਨੇ ਵਿਚ ਅਬੋਹਰ ਬਲਾਕ ਤੋਂ ਅੰਜੂ ਬਾਲਾ, ਕਿਰਨਾ ਰਾਣੀ, ਕੰਚਨ ਰਾਣੀ, ਫਾਜ਼ਿਲਕਾ ਤੋਂ ਸ਼ੀਲਾ ਦੇਵੀ ਸਰਕਲ ਪ੍ਰਧਾਨ ਮੌਜ਼ਮ, ਪਰਮਿੰਦਰ ਕੌਰ, ਸੰਗੀਤਾ ਰਾਣੀ, ਸੁਨੀਤਾ ਰਾਣੀ, ਲਛਮੀ ਦੇਵੀ, ਜਸਮੇਲ ਕੌਰ ਨੇ ਮੰਗ ਕਰਦੇ ਹੋਏ ਕਿਹਾ ਕਿ ਸਰਕਾਰ ਯੂਨੀਅਨ ਦੀਆਂ ਮੰਨੀਆਂ ਹੋਈਆਂ ਮੰਗਾਂ ਦਾ ਪੱਤਰ ਜਲਦੀ ਜਾਰੀ ਕਰੇ।
Punjab Post Daily Online Newspaper & Print Media