
ਫਾਜ਼ਿਲਕਾ, 22 ਅਕਤੂਬਰ (ਵਿਨੀਤ ਅਰੋੜਾ)- ਪਨਬਸ ਵਰਕਰ ਯੂਨੀਅਨ ਵੱਲੋਂ ਅੱਜ ਆਪਣੀਆਂ ਮੰਗਾਂ ਨੂੰ ਲੈ ਕੇ ਦੋ ਦਿਨਾਂ ਮੁਕੰਮਲ ਹੜ੍ਹਤਾਲ ਸ਼ੁਰੂ ਕਰਕੇ ਸਥਾਨਕ ਬੱਸ ਸਟੈਂਡ ਦੇ ਮੇਨ ਗੇਟ ਦੇ ਸਾਹਮਣੇ ਰੋਸ ਪ੍ਰਦਸ਼ਨ ਕੀਤਾ ਅਤੇ ਸਮੂਹ ਕੰਡਕਟਰ ਅਤੇ ਡਰਾਇਵਰਾਂ ਵੱਲੋਂ ਪੰਜਾਬ ਸਰਕਾਰ ਦਾ ਪੁੱਤਲਾ ਫੂੰਕਿਆ ਗਿਆ। ਹਾਜ਼ਰੀਨ ਨੂੰ ਸੰਬੋਧਤ ਕਰਦੇ ਹੋਏ ਯੂਨੀਅਨ ਦੇ ਵੱਖ ਵੱਖ ਬੁਲਾਰਿਆਂ ਨੇ ਕਿਹਾ ਕਿ ਸਰਕਾਰ ਵੱਲੋਂ ਕਰਮਚਾਰੀਆਂ ਦੀਆਂ ਬੀਤੇ ਲੰਬੇ ਸਮੇਂ ਤੋਂ ਲਟਕਦੀਆਂ ਆ ਰਹੀਆਂ ਮੰਗਾਂ ਨੂੰ ਪੂਰਾ ਨਹੀਂ ਕੀਤਾ ਗਿਆ ਅਤੇ ਬੀਤੇ ਸਮੇਂ ਦੌਰਾਨ ਹੋਈਆਂ ਵੱਖ ਵੱਖ ਮੀਟਿੰਗਾਂ ਵਿਚ ਮਨੀਆਂ ਹੋਈਆਂ ਮੰਗਾਂ ਦੇ ਪ੍ਰਤੀ ਟਾਲ ਮਟੋਲ ਦੀ ਨੀਤੀ ਅਪਣਾਈ ਜਾ ਰਹੀ ਹੈ ਅਤੇ ਵਰਕਰਾਂ ਦਾ ਸ਼ੋਸ਼ਨ ਕੀਤਾ ਜਾ ਰਿਹਾ ਹੈ। ਯੂਨੀਅਨ ਆਗੂਆਂ ਨੇ ਕਿਹਾ ਕਿ ਵਰਕਰਾਂ ਨੂੰ ਪੱਕਾ ਕਰਨ ਦੀ ਥਾਂ ਤੇ ਠੇਕੇਦਾਰੀ ਸਿਸਟਮ ਵਿਚੋਂ ਕੱਢਕੇ ਫਿਰ ਤੋਂ ਠੇਕੇ ਤੇ ਹੀ ਵਿਭਾਗ ਵਿਚ ਮਰਜ਼ ਕਰ ਦਿੱਤਾ ਗਿਆ ਅਤੇ ਤਨਖਾਹ ਪਹਿਲਾਂ ਤੋਂ ਵੀ ਘੱਟ ਕਰ ਦਿੱਤੀ ਗਈ ਅਤੇ ਬੀਤੇ 9 ਵਰ੍ਹਿਆਂ ਵਿਚ ਵਿਭਾਗ ਵਿਚ ਕੀਤੇ ਗਏ ਕੰਮ ਤੇ ਪੋਚਾ ਫੇਰ ਦਿੱਤਾ ਗਿਆ ਹੈ ਅਤੇ ਹੁਣ ਸਰਕਾਰ ਕਹਿ ਰਹੀ ਹੈ ਕਿ ਹਰ ਵਰਕਰ ਪਹਿਲਾਂ ਤਿੰਨ ਸਾਲ ਦਾ ਪੀਰੀਅਡ ਪੂਰਾ ਕਰੇ ਫਿਰ ਪੱਕਾ ਕੀਤਾ ਜਾਵੇਗਾ। ਜੋਕਿ ਕਾਨੂੰਨ ਦੇ ਬਿਲਕੁਲ ਉਲਟ ਹੈ। ਯੂਨੀਅਨ ਮੈਂਬਰਾਂ ਨੇ ਕਿਹਾ ਕਿ ਕੰਡਕਟਰਾਂ ਦੀਆਂ ਰਿਪੋਰਟਾਂ ਤੇ ਕੰਡੀਸ਼ਨਾਂ ਲਗਾ ਦਿੱਤੀਆਂ ਗਈਆਂ ਹਨ ਕਿ ਰਿਪੋਰਟ ਤੋਂ ਬਾਅਦ ਕੰਡਕਟਰ ਬਹਾਲ ਨਹੀਂ ਹੋ ਸਕਦਾ। ਜੋਕਿ ਕੰਡਕਟਰਾਂ ਦੇ ਨਾਲ ਇੱਕ ਧੰਕਾ ਹੈ ਅਤੇ ਇਸੇ ਤਰ੍ਹਾਂ ਡਰਾਇਵਰਾਂ ਅਤੇ ਕੰਡਕਟਰਾਂ ਤੇ 8500 ਕਿਲੋਮੀਟਰ ਦੀ ਸ਼ਰਤ ਲਗਾਕੇ ਆਉਣ ਵਾਲੀਆਂ ਤਨਖਾਹਾਂ ਵਿਚ ਕਟੋਤੀਆਂ ਸ਼ੁਰੂ ਕਰ ਦਿੱਤੀਆਂ ਹਨ। ਆਉਣ ਵਾਲੀਆਂ ਤਨਖਾਹਾਂ ਕਟੋਤੀਆਂ ਕਾਰਨ 7000 ਜਾਂ 8000 ਰਹਿ ਗਏ ਹਨ ਜਿਸ ਕਾਰਨ ਯੂਨੀਅਨ ਮੈਂਬਰਾਂ ਦਾ ਗੁਜ਼ਾਰਾ ਬਹੁਤ ਮੁਸ਼ਕਲ ਹੋ ਗਿਆ ਹੈ। ਯੂਨੀਅਨ ਮੈਂਬਰਾਂ ਨੇ ਸਰਕਾਰ ਤੋਂ ਮੰਗ ਕਰਦੇ ਹੋਏ ਕਿਹਾ ਕਿ ਲਗਾਈਆਂ ਗਈਆਂ ਸਾਰੀਆਂ ਸ਼ਰਤਾਂ ਹਟਾਕੇ ਜਿਸ ਤਰ੍ਹਾਂ ਬੱਸਾਂ ਪਨਬਸ ਤੋਂ ਰੋਡਵੇਜ਼ ਵਿਚ ਮਰਜ਼ ਕੀਤੀਆਂ ਗਈਆਂ ਹਨ ਉਸੇ ਤਰ੍ਹਾਂ ਯੂਨੀਅਨ ਮੈਂਬਰਾਂ ਨੂੰ ਵੀ ਰੋਡਵੇਜ਼ ਵਿਚ ਪੱਕਾ ਕੀਤਾ ਜਾਵੇ ਅਤੇ ਜੇਕਰ ਸਰਕਾਰ ਵੱਲੋਂ ਉਨ੍ਹਾਂ ਦੀਆਂ ਮੰਗਾਂ ਨੂੰ ਪੂਰਾ ਨਾ ਕੀਤਾ ਗਿਆ ਤਾਂ 23 ਅਕਤੂਬਰ ਨੂੰ ਲੰਬੀ ਵਿਚ ਵਿਸ਼ਾਲ ਰੋਸ ਮਾਰਚ ਕੱਢਿਆ ਜਾਵੇਗਾ ਅਤੇ ਉਸਤੋਂ ਬਾਅਦ ਅਣਮਿੱਥੇ ਸਮੇਂ ਲਈ ਹੜ੍ਹਤਾਲ ਸ਼ੁੁਰੂ ਕੀਤੀ ਜਾਵੇਗੀ। ਇਸ ਮੌਕੇ ਕਰਮਚਾਰੀਆਂ ਨੇ ਮੰਗਾਂ ਨੂੰ ਲੈ ਕੇ ਜ਼ੋਰਦਾਰ ਨਾਅਰੇਬਾਜੀ ਵੀ ਕੀਤੀ। ਰੋਸ ਪ੍ਰਦਰਸ਼ਨ ਵਿਚ ਅਮਿਤ ਕੁਮਾਰ, ਗੁਰਪ੍ਰੀਤ ਸਿੰਘ, ਸ਼ਾਮ ਸਿੰਘ, ਗੁਰਬਖਸ਼ ਲਾਲ, ਨਰਿੰਦਰਪਾਲ, ਅਨਿਲ ਕੁਮਾਰ, ਹਰੀ ਕ੍ਰਿਸ਼ਨ, ਹਰਭਜਨ ਸਿੰਘ, ਗੁਰਤਿੰਦਰ ਸਿੰਘ, ਅਮਿਤ ਕੁਮਾਰ, ਹਰਕ੍ਰਿਸ਼ਨ, ਰਮੇਸ਼ ਕੁਮਾਰ, ਬਲਬੀਰ ਸਿੰਘ, ਕੁਲਦੀਪ ਸਿੰਘ, ਗੁਰਪ੍ਰੀਤ ਸਿੰਘ, ਗੁਰਜੀਤ ਸਿੰਘ, ਮਨਜੀਤ ਸਿੰਘ, ਲਾਲ ਸਿੰਘ, ਸੁਖਵੀਰ ਸਿੰਘ, ਅਮਰੀਕ ਸਿੰਘ, ਸ਼ਾਮ ਲਾਲ, ਸੋਨੂੰ, ਓਂਕਾਰ ਸਿੰਘ, ਗੁਰਵਿੰਦਰ ਸਿੰਘ, ਕੁਲਦੀਪ ਸਿੰਘ, ਰਮਨ ਕੁਮਾਰ, ਵਿਨੋਦ ਕੁਮਾਰ, ਬਾਜ ਸਿੰਘ, ਸੰਜੂ ਕੁਮਾਰ, ਗੁਰਬਖਸ਼ ਲਾਲ, ਕਾਰਜ਼ ਸਿੰਘ ਹਾਜ਼ਰ ਸਨ।
Punjab Post Daily Online Newspaper & Print Media