Sunday, February 22, 2026

ਸਰਕਾਰ ਵੱਲੋਂ 500-1000 ਰੁਪਏ ਦੇ ਨੋਟ ਬੰਦ ਕਰਨ ਨਾਲ ਮੱਚੀ ਖਲਬਲੀ

ppn1011201610

ਫਾਜ਼ਿਲਕਾ, 9 ਨਵੰਬਰ (ਵਿਨੀਤ ਅਰੋੜਾ)- ਦੇਸ਼ ਦੀ ਕੇਂਦਰ ਸਰਕਾਰ ਵੱਲੋਂ ਭ੍ਰਿਸ਼ਟਾਚਾਰ ਅਤੇ ਕਾਲੇ ਧਨ ਖਿਲਾਫ ਬੀਤੀ ਰਾਤ ਲਏ ਫੈਸਲੇ ਨਾਲ ਇੰਸਾਨੀ ਜਿੰਦਗੀ ਦੀ ਰਫਤਾਰ ਨੂੰ ਰੋਕ ਕੇ ਰੱਖ ਦਿਤਾ ਹੈ। ਜਿਥੇ ਲੋਕ ਸਰਕਾਰ ਦੇ ਇਸ ਫੈਸਲੇ ਤੋਂ ਖੁਸ਼ ਹਨ, ਉਥੇ ਹੀ ਹੈਰਾਨ ਵੀ ਹਨ। ਸਰਕਾਰ ਵੱਲੋਂ ਬੀਤੀ ਅੱਧੀ ਰਾਤ ਤੋਂ ਬਾਅਦ 500 ਅਤੇ 1000 ਰੁਪਏ ਦੇ ਨੋਟ ਬੰਦ ਕਰਨ ਦੇ ਕੀਤੇ ਐਲਾਣ ਤੋਂ ਬਾਅਦ ਚਾਰੇ ਪਾਸੇ ਖਲਬਲੀ ਜਿਹੀ ਮੱਚ ਗਈ ਹੈ। ਲੋਕਾਂ ਵੱਲੋਂ ਆਪਣੀ ਰੋਜ਼ਮਰਾ ਦੀ ਜਿੰਦਗੀ ਨੂੰ ਚਲਦਿਆਂ ਰੱਖਣ ਲਈ ਇੱਧਰ ਉਧਰ ਭੱਜਣਾ ਪੈ ਰਿਹਾ ਹੈ।
ਵਰਣਨਯੋਗ ਹੈ ਕਿ ਦੇਸ਼ ਦੀ ਮੌਜੂਦਾ ਐਨਡੀਏ ਸਰਕਾਰ ਵੱਲੋਂ ਦੇਸ਼ ਵਿਚੋਂ ਕਾਲੇ ਧਨ ਨੂੰ ਖਤਮ ਕਰਨ ਦਾ ਵਾਅਦਾ ਕੀਤਾ ਗਿਆ ਸੀ। ਜਿਸ ਦੀ ਸ਼ੁਰੂਆਤ ਪ੍ਰਧਾਨਮੰਤਰੀ ਨਰਿੰਦਰ ਮੋਦੀ ਵੱਲੋਂ ਆਪਣੇ ਦੇਸ਼ ਵਿਚ ਪਏ ਕਾਲੇ ਧਨ ਤੋਂ ਹੀ ਕੀਤੀ ਗਈ ਹੈ। ਇਸ ਦੇ ਤਹਿਤ ਬੀਤੀ ਸ਼ਾਮ ਪ੍ਰਧਾਨਮੰਤਰੀ ਨਰਿੰਦਰ ਮੋਦੀ ਵੱਲੋਂ ਦੇਸ਼ ਦੀ ਜਨਤਾ ਦੇ ਨਾਮ ਖੁੱਲਾ ਸੰਦੇਸ਼ ਦਿੰਦਿਆਂ ਦੇਸ਼ ਵਿਚ ਚੱਲ ਰਹੇ 500 ਅਤੇ 1000 ਦੇ ਨੋਟ ਬੰਦ ਕਰਨ ਦਾ ਫੈਸਲਾ ਕੀਤਾ ਗਿਆ। ਉਨ੍ਹਾਂ ਵੱਲੋਂ ਇਹ ਫੈਸਲਾ ਤਤਕਾਲ ਪ੍ਰਭਾਵ ਤੋਂ ਹੀ ਲਾਗੂ ਕਰਨ ਦਾ ਕਿਹਾ। ਇਸ ਨਾਲ ਲੋਕਾਂ ਵਿਚ ਹਲਚਲ ਮੱਚ ਗਈ। ਇਸ ਦੇ ਨਾਲ ਹੀ ਬਦਲੇ ਗਏ ਸਿਸਟਮ ਨੂੰ ਠੀਕ ਅਤੇ ਮੁੜ ਚਾਲੂ ਕਰਨ ਲਈ ਬੈਂਕਾਂ ਦੋ ਦਿਨ ਲਈ ਬੰਦ ਕਰ ਦਿਤੀਆਂ ਗਈਆਂ, ਜਿਸ ਨਾਲ ਲੋਕਾਂ ਵਿਚ ਹੋਰ ਕੋਹਰਾਮ ਮਚ ਗਿਆ। ਲੋਕਾਂ ਨੂੰ ਨੋਟ ਬਦਲਣ ਦੀ ਜਿਆਦਾ ਪ੍ਰੇਸ਼ਾਨੀ ਨਜ਼ਰ ਨਹੀਂ ਆਈ ਪਰ ਦੁਕਾਨਦਾਰਾਂ ਤੇ ਹੋਰਨਾਂ ਵਪਾਰਕ ਅਦਾਰਿਆਂ ਵੱਲੋਂ ਉਨ੍ਹਾਂ ਦੇ ਨੋਟ ਨਹੀਂ ਲਏ ਜਾ ਰਹੇ, ਉਸ ਗੱਲ ਦੀ ਜਿਆਦਾ ਪ੍ਰੇਸ਼ਾਨੀ ਨਜ਼ਰ ਆਈ।
ਸ਼ਹਿਰ ਦੇ ਸਾਰੇ ਬੈਂਕ ਰਹੇ ਬੰਦ- ਸਰਕਾਰ ਵੱਲੋਂ ਨੋਟਾਂ ਨੂੰ ਬੰਦ ਕਰਨ ਦੇ ਕੀਤੇ ਗੲੈ ਐਲਾਨ ਤੋਂ ਬਾਅਦ ਅੱਜ ਸ਼ਹਿਰ ਦੇ ਭਾਰਤੀ ਸਟੇਟ ਬੈਂਕ, ਪੰਜਾਬ ਨੈਸ਼ਨਲ ਬੈਂਕ, ਸਟੇਟ ਬੈਂਕ ਆਫ ਪਟਿਆਲਾ, ਕੈਨਰਾ ਬੇਂਕ, ਐਚਡੀਐਫਸੀ ਬੈਂਕ, ਕੋਆਪ੍ਰੇਟਿਵ ਬੈਂਕ ਅਤੇ ਐਕਸਿਸ ਬੈਂਕ ਸਮੇਤ ਲਗਭਗ ਸਾਰੇ ਬੈਂਕ ਅਤੇ ਇਨ੍ਹਾਂ ਨਾਲ ਸਬੰਧਤ ਏਟੀਐਮ ਬੰਦ ਰਹੇ।
ਲੋਕਾਂ ਨੂੰ ਕਰਨਾ ਪਿਆ ਪ੍ਰੇਸ਼ਾਨੀਆਂ ਦਾ ਸਾਹਮਣਾ- ਸਰਕਾਰ ਵੱਲੋਂ ਨੋਟਾਂ ਨੂੰ ਬੰਦ ਕਰਨ ਦੇ ਐਲਾਨ ਤੋਂ ਬਾਅਦ ਇਲਾਕੇ ਦੇ ਲੋਕਾਂ ਨੂੰ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ। ਸ਼ਹਿਰਾਂ ਅਤੇ ਪਿੰਡਾਂ ਦੇ ਜਿਨ੍ਹਾਂ ਲੋਕਾਂ ਨੂੰ ਸਰਕਾਰ ਵੱਲੋਂ ਨੋਟ ਬੰਦ ਕਰਨ ਅਤੇ ਬੈਂਕ ਬੰਦ ਹੋਣ ਸਬੰਧੀ ਕੀਤੇ ਐਲਾਨ ਦਾ ਪਤਾ ਨਹੀਂ ਸੀ, ਉਹ ਫਾਜ਼ਿਲਕਾ ਸ਼ਹਿਰ ਅਤੇ ਹੋਰ ਆਸੇ ਪਾਸੇ ਸਥਿਤ ਬੈਂਕਾਂ ਦੀਆਂ ਸ਼ਾਖਾਵਾਂ ਵਿਚ ਪਹੁੰਚੇ। ਪਰ ਅੱਗੋ ਬੈਂਕ ਬੰਦ ਹੋਣ ਕਾਰਨ ਲੋਕਾਂ ਨੂੰ ਖਾਲ੍ਹੀ ਹੱਥ ਘਰਾਂ ਨੂੰ ਵਾਪਸ ਜਾਣਾ ਪਿਆ। ਜਿਸ ਕਾਰਨ ਜਿੱਥੇ ਉਨ੍ਹਾਂ ਦੇ ਸਮੇਂ ਅਤੇ ਪੈਸੇ ਦੀ ਬਰਬਾਦੀ ਹੋਈ, ਉੱਥੇ ਉਨ੍ਹਾਂ ਨੂੰ ਪ੍ਰੇਸ਼ਾਨੀਆਂ ਦਾ ਸਾਹਮਣਾ ਵੀ ਕਰਨਾ ਪਿਆ। ਦੂਜੇ ਪਾਸੇ ਇਲਾਕੇ ਦੇ ਬੈਂਕਾਂ ਨਾਲ ਸਬੰਧਤ ਏਟੀਐਮ ਵੀ ਬਦ ਰਹਿਣ ਕਾਰਨ ਲੋਕ ਏਟੀਐਮ ਤੋਂ ਵੀ ਪੈਸੇ ਨਹੀਂ ਕਢਵਾ ਸਕੇ।
ਸ਼ਹਿਰ ਦੇ ਪੈਟਰੋਲ ਪੰਪਾਂ ‘ਤੇ ਲੱਗੀ ਭੀੜ- ਮੰਗਲਵਾਰ ਅੱਧੀ ਰਾਤ ਤੋਂ ਸਰਕਾਰ ਵੱਲੋਂ ਨੋਟ ਬੰਦ ਕਰਨ ਦੇ ਐਲਾਨ ਤੋਂ ਬਾਅਦ ਅੱਜ ਇਲਾਕੇ ਦੇ ਸਾਰਿਆਂ ਪੈਟਰੋਲ ਪੰਪਾਂ ਤੇ ਲੋਕਾਂ ਦੀ ਭੀੜ ਲੱਗੀ ਰਹੀ ਅਤੇ ਕਈ ਥਾਵਾਂ ਤੇ ਤਾਂ ਲੋਕਾਂ ਨੂੰ ਪੈਟ੍ਰੋਲ ਪੰਪਾਂ ਤੇ ਲਾਇਨਾਂ ਵਿਚ ਵੀ ਲੱਗੇ ਹੋਏ ਵੇਖਿਆ ਗਿਆ। ਇਸ ਮੌਕੇ ਇਕ ਦਿਲਚਸਪ ਪਹਿਲੂ ਇਹ ਦੇਖਣ ਨੂੰ ਮਿਲਿਆ ਕਿ ਲੋਕ ਪੈਟਰੋਲ ਡੀਜ਼ਲ ਪਵਾਉਣ ਲਈ 500 ਦਾ ਨੋਟ ਹੀ ਦਿੰਦੇ ਨਜ਼ਰ ਆਏ।
ਸ਼ੋਸ਼ਲ ਮੀਡੀਆ ਤੇ ਚਰਚਾਵਾਂ ਦਾ ਬਜਾਰ ਗਰਮ-
ਸਰਕਾਰ ਵੱਲੋਂ 500 ਅਤੇ 1000 ਰੁਪਏ ਦੇ ਨੋਟ ਬੰਦ ਕਰ ਦੇਣ ਸਬੰਧੀ ਕੀਤੇ ਗਏ ਐਲਾਣ ਤੋਂ ਬਾਅਦ ਇਲਾਕੇ ਵਿਚ ਚਰਚਾਵਾਂ ਦਾ ਮਹੌਲ ਗਰਮ ਰਿਹਾ। ਲੋਕਾਂ ਨੇ ਨੋਟ ਬੰਦ ਹੋਣ ਦੀ ਖ਼ਬਰ ਮਿਲਦਿਆਂ ਹੀ ਇੱਕ ਦੂਸਰੇ ਨੂੰ ਫੋਨ ਕਰਨੇ ਸ਼ੁਰੂ ਕਰ ਦਿੱਤੇ ਅਤੇ ਵਟਸ ਅੱਪ, ਫੇਸਬੁੱਕ ਤੇ ਧੜਾਧੜ ਮੈਸੇਜ ਆਉਣੇ ਸ਼ੁਰੂ ਹੋ ਗਏ ਅਤੇ ਲੋਕਾਂ ਨੂੰ ਨੋਟ ਬੰਦ ਕਰਨ ਸਬੰਧੀ ਵੱਖ ਵੱਖ ਮਜ਼ਾਕ ਕਰਦੇ ਹੋਏ ਵੀ ਵੇਖਿਆ ਗਿਆ।
ਕੁਝ ਸਰਕਾਰ ਦੇ ਵੱਲ ਤੇ ਕੁੱਝ ਬੋਲੇ ਖਿਲਾਫ- ਸਰਕਾਰ ਵੱਲੋਂ 500 ਅਤੇ 1000 ਰੁਪਏ ਦੇ ਨੋਟ ਬੰਦ ਕਰਨ ਦਾ ਐਲਾਨ ਹੋਣ ਤੋਂ ਬਾਅਦ ਜਿੱਥੇ ਕੁਝ ਲੋਕਾਂ ਨੇ ਇਸ ਐਲਾਨ ਨੂੰ ਗਲਤ ਅਤੇ ਲੋਕਾਂ ਨੂੰ ਪ੍ਰੇਸ਼ਾਨ ਕਰਨ ਵਾਲਾ ਦੱਸਿਆ, ਉੱਥੇ ਹੀ ਕੁਝ ਲੋਕਾਂ ਨੇ ਮੋਦੀ ਸਰਕਾਰ ਦੀ ਸਿਫ਼ਤ ਕਰਦੇ ਹਏ ਕਿਹਾ ਕਿ ਇਸ ਐਲਾਨ ਨਾਲ ਦੇਸ਼ ਦਾ ਕਾਲਾ ਧਨ ਸਾਹਮਣੇ ਆਵੇਗਾ ਅਤੇ ਸ਼ਰਾਰਤੀ ਅਨਸਰਾ ਵਾਲੋਂ ਛਾਪੇ ਜਾ ਰਹੇ ਅਤੇ ਬਾਜ਼ਾਰਾਂ ਵਿਚ ਚੱਲ ਰਹੇ ਨਕਲੀ ਨੋਟਾਂ ਤੋਂ ਵੀ ਛੁਟਕਾਰਾ ਮਿਲੇਗਾ।

Check Also

ਖਾਲਸਾ ਕਾਲਜ ਗਰਲਜ ਸੀ: ਸੈਕੰ: ਸਕੂਲ ਦੀ ਖਿਡਾਰਣ ਨੇ ਚਾਂਦੀ ਦਾ ਤਮਗਾ ਜਿੱਤਿਆ

ਅੰਮ੍ਰਿਤਸਰ, 21 ਫਰਵਰੀ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਗਵਰਨਿੰਗ ਕੌਂਸਲ ਅਧੀਨ ਖਾਲਸਾ ਕਾਲਜ ਗਰਲਜ਼ …

Leave a Reply