Tuesday, February 24, 2026

ਕੇਜਰੀਵਾਲ ਪਾਰਟੀ ਅੰਦਰੋਂ ਲਗਾਤਾਰ ਮਿਲ ਰਹੇ ਝਟਕਿਆਂ ਤੋਂ ਹਤਾਸ਼ ਹਨ- ਮਜੀਠੀਆ

ppn2412201616ਮਜੀਠਾ, 24 ਦਸੰਬਰ (ਪੰਜਾਬ ਪੋਸਟ ਬਿਊਰੋ)- ਮਾਲ ਤੇ ਲੋਕ ਸੰਪਰਕ ਮੰਤਰੀ ਸ: ਬਿਕਰਮ ਸਿੰਘ ਮਜੀਠੀਆ ਨੇ ਕਿਹਾ ਕਿ ਅਰਵਿੰਦ ਕੇਜਰੀਵਾਲ ਜੁੰਡਲੀ ਮਜੀਠੀਆ ਫੋਬੀਆ ਨਾਲ ਪੀੜਤ ਹਨ ਅਤੇ ਆਪਣੀਆਂ ਅਸਫਲਤਾਵਾਂ ਨੂੰ ਛੁਪਾਉਣ ਲਈ ਇਹ ਲੋਕ ਦੂਜਿਆਂ ’ਤੇ ਦੂਸ਼ਣਬਾਜ਼ੀ ਦਾ ਸਹਾਰਾ ਲੈ ਰਹੇ ਹਨ ਪਰ ਉਹਨਾਂ ਨੂੰ ਇਸ ’ਚ ਵੀ ਸਫਲਤਾ ਮਿਲਣ ਦੀ ਜ਼ੀਰੋ ਗੁੰਜਾਇਸ਼ ਹੈ।
ਮਜੀਠੀਆ ਅੱਜ ਪਿੰਡ ਨੰਗਲ ਪੰਨਵਾਂ (ਮਜੀਠਾ) ਵਿਖੇ 45 ਲੱਖ ਰੁਪੈ ਦੀ ਲਾਗਤ ਨਾਲ ਬਣਾਏ ਗਏ ਹਾਈਟੈੱਕ ਸਪੋਰਟ ਪਾਰਕ ਦਾ ਉਦਘਾਟਨ ਕਰਨ ਆਏ ਸਨ ਨੇ ਕਿਹਾ ਕਿ ਕੇਜਰੀਵਾਲ ਜੁੰਡਲੀ ਨੂੰ ਘਟਿਆ ਰਾਜਨੀਤੀ ਅਤੇ ਮਜੀਠੀਆ ਫੋਬੀਆ ਤੋਂ ਬਾਹਰ ਨਿਕਲ ਕੇ ਵਿਕਾਸ ਦੇ ਏਜੰਡੇ, ਪੰਜਾਬ ਅਤੇ ਲੋਕ ਮੁੱਦਿਆਂ ਪ੍ਰਤੀ ਸੰਜੀਦਾ ਪਹੁੰਚ ਅਪਣਾਉਣਾ ਚਾਹੀਦਾ ਹੈ।ਉਹਨਾਂ ਕਿਹਾ ਕਿ ਫੋਬੀਆ ਅਜੇਹਾ ਮਨੋਰੋਗ ਹੈ ਜਿਸ ਨਾਲ ਬੰਦਾ ਆਪਣੇ ਆਪ ਨੂੰ ਲਾਚਾਰ ਅਤੇ ਅਸਮਰਥ ਸਮਝਦਾ ਹੈ, ਕੇਜਰੀਵਾਲ ਜੁੰਡਲੀ ਨੂੰ ਵੀ ਮਜੀਠੀਆ ਫੋਬੀਆ ਹੋਗਿਆ ਹੈ, ਇਹ ਲੋਕ ਆਪਣੇ ਟੱਬਰਾਂ ਨੂੰ ਯਾਦ ਕਰੇ ਨਾ ਕਰੇ ਸਵੇਰ ਉੱਠਦਿਆਂ ਸਾਰ ਚੌਧਰ ਚਮਕਾਉਣ ਲਈ ਮਜੀਠੀਆ ਦਾ ਰਾਗ ਅਲਾਪਣੋਂ ਨਹੀਂ ਭੁੱਲਦੇ। ਉਹਨਾਂ ਕਿਹਾ ਕਿ ਕੇਜਰੀਵਾਲ ਨੇ ਫੋਬੀਆ ਤਹਿਤ ਹੀ ਮਾਝਾ ਫ਼ਤਿਹ ਕਰਨ ਦੀ ਹਮਾਕਤ ਕਰਦਿਆਂ ਸੂਰਬੀਰ ਮਝੈਲਾਂ ਦੀ ਤੌਹੀਨ ਕਰਨ ਦੀ ਕੋਸ਼ਿਸ਼ ਕੀਤੀ ਜਿਸ ਦਾ ਜਵਾਬ ਸਮੁੱਚੇ ਮਝੈਲਾਂ ਵੱਲੋਂ ਉਸ ਦਾ ਮੁਕੰਮਲ ਬਾਈਕਾਟ ਕਰਦਿਆਂ ਦਿੱਤਾ ਗਿਆ। ਸ: ਮਜੀਠੀਆ ਨੇ ਕੇਜਰੀਵਾਲ ਜੁੰਡਲੀ ਨੂੰ ਨਸੀਹਤ ਦਿੰਦਿਆਂ ਕਿਹਾ ਕਿ ਪੰਜਾਬ ਦੀ ਅਮਨ ਪਸੰਦ ਜਨਤਾ ਨੇ ਵਿਕਾਸ ਦੀ ਗਲ ਕਰਨ ਦੀ ਥਾਂ ਡਾਂਗਾਂ ਖੂੰਡੇ ਚੁੱਕੀ ਫਿਰਦੇ ਰਹੇ ਕੈਪਟਨ ਅਮਰਿੰਦਰ ਸਿੰਘ ਦੀ ਗੱਡੀ ਨੂੰ ਪਿਛਲੇ ਇੱਕ ਦਹਾਕੇ ਤੋਂ ਪਟੜੀ ’ਤੇ ਹੀ ਪਟਕਾ ਮਾਰਦਿਆਂ ਵਿਕਾਸ ਤੇ ਲੋਕ ਮੁੱਦਿਆਂ ’ਤੇ ਕੇਂਦਰਿਤ ਰਹੇ ਪ੍ਰਕਾਸ਼ ਸਿੰਘ ਬਾਦਲ ਅਤੇ ਸੁਖਬੀਰ ਸਿੰਘ ਬਾਦਲ ਦੇ ਹੱਕ ਵਿੱਚ ਵੱਡਾ ਫਤਵਾ ਦਿੱਤਾ।ਉਹਨਾਂ ਕਿਹਾ ਕਿ ਕੇਜਰੀਵਾਲ ਅਤੇ ਕੈਪਟਨ ਅਮਰਿੰਦਰ ਸਿੰਘ ਵਰਗੇ ਵਿਰੋਧੀਆਂ ਕੋਲ ਵਿਕਾਸ ਦਾ ਕੋਈ ਏਜੰਡਾ ਨਹੀਂ। ਜੇਕਰ ਇਹਨਾਂ ਨੂੰ ਪੰਜਾਬ ’ਚ ਹੋਇਆ ਵਿਕਾਸ ਨਜ਼ਰ ਨਹੀਂ ਆ ਰਿਹਾ ਤਾਂ ਇਸ ਵਿੱਚ ਇਹਨਾਂ ਦੀਆਂ ਨਜ਼ਰਾਂ ਦਾ ਨਹੀਂ ਸਗੋਂ ਇਹਨਾਂ ਦੀ ਬੇਈਮਾਨ ਨੀਅਤ ਅਤੇ ਸੌੜੀ ਰਾਜਸੀ ਸੋਚ ਦਾ ਹੀ ਕਸੂਰ ਹੈ। ਉਹਨਾਂ ਕਿਹਾ ਕਿ ਕੇਜਰੀਵਾਲ ਪਾਰਟੀ ਅੰਦਰੋਂ ਲਗਾਤਾਰ ਮਿਲ ਰਹੇ ਝਟਕਿਆਂ ਤੋਂ ਹਤਾਸ਼ ਹਨ। ਆਏ ਦਿਨ ਪਾਰਟੀ ਟਿਕਟਾਂ ਦੀ ਲੱਗੀ ਰਹੀ ਬੋਲੀ ਅਤੇ ਦਿੱਲੀ ਤੋਂ ਆਏ ਕੇਜਰੀਵਾਲ ਦੇ ਚਹੇਤੇ ਆਗੂਆਂ ਵੱਲੋਂ ਇਸਤਰੀਆਂ ਦੇ ਕੀਤੇ ਜਾਂਦੇ ਰਹੇ ਸ਼ੋਸ਼ਣ ਦੇ ਨਿੱਤ ਹੋ ਰਹੇ ਖ਼ੁਲਾਸਿਆਂ ਨੇ ਆਪ ਦੀ ਡਿਗ ਰਹੀ ਨੈਤਿਕਤਾ ਤੋਂ ਪਰਦਾ ਉਠਾ ਦਿੱਤਾ ਹੈ।
ਭਾਰੀ ਇਕੱਠ ਨੂੰ ਸੰਬੋਧਨ ਕਰਦਿਆਂ ਮਜੀਠੀਆ ਨੇ ਕਿਹਾ ਕਿ ਉਹਨਾਂ ’ਤੇ ਹਲਕਾ ਮਜੀਠਾ ਨੂੰ ਹੋਰ ਸੁੰਦਰ ਬਣਾਉਂਦਿਆਂ ਅਤੇ ਤਰੱਕੀ ’ਚ ਹੋਰ ਅੱਗੇ ਲੈ ਜਾਣ ਦਾ ਜਨੂਨ ਸਵਾਰ ਹੈ। ਜੇ ਇਸ ਵਾਰ ਵੀ ਲੋਕਾਂ ਵੱਲੋਂ ਰਚਵਾ ਸਹਿਯੋਗ ਮਿਲਿਆ ਤਾਂ  ਹਲਕਾ ਮਜੀਠਾ ਨੂੰ ਵਿਕਾਸ ਪੱਖੋਂ ਪਹਿਲੇ ਨੰਬਰ ’ਤੇ ਲਿਆਉਣ ਦਾ ਟੀਚਾ ਪੂਰਾ ਕੀਤਾ ਜਾਵੇਗਾ।ਸ: ਮਜੀਠੀਆ ਨੇ ਕਿਹਾ ਕਿ ਕੇਜਰੀਵਾਲ ਅਤੇ ਕੈਪਟਨ ਗੁਮਰਾਹਕੁਨ ਅਤੇ ਸ਼ੋਸ਼ੇਬਾਜ਼ੀ ਦੀਆਂ ਪੌੜੀਆਂ ਚੜ੍ਹ ਕੇ ਸੱਤਾ ’ਚ ਆਉਣਾ ਚਾਹੁੰਦੇ ਹਨ ਪਰ ਵਿਕਾਸ ਦੀ ਮੁਦਈ ਪੰਜਾਬ ਦੀ ਜਨਤਾ ਇਹਨਾਂ ਦੇ ਗਲਤ ਹੱਥਕੰਡਿਆਂ ਨੂੰ ਚੋਣਾਂ ਦੌਰਾਨ ਹਵਾ ਦੇ ਬੁੱਲਿਆਂ ਵਾਂਗ ਉਡਾਉਂਦਿਆਂ ਵਿਕਾਸ ਅਤੇ ਖੁਸ਼ਹਾਲੀ ਲਿਆਉਣ ਬਦਲੇ ਅਕਾਲੀ ਭਾਜਪਾ ਗੱਠਜੋੜ ਨੂੰ ਹੀ ਮੁੜ ਮੌਕਾ ਦੇਣਗੇ।ਇਸ ਮੌਕੇ ਮੇਜਰ ਸ਼ਿਵੀ, ਬੱਬੀ ਭੰਗਵਾਂ, ਪ੍ਰਭਦਿਆਲ ਨੰਗਲ ਪੰਨਵਾਂ, ਹਰ ਭੁਪਿੰਦਰ ਸਿੰਘ ਸ਼ਾਹ, ਤਰੁਨ ਅਬਰੋਲ, ਰਣਜੀਤ ਸਿੰਘ ਵਰਿਆਮ ਨੰਗਲ, ਜੋਧ ਸਿੰਘ ਸਮਰਾ, ਭਗਵੰਤ ਸਿੰਘ ਸਿਆਲਕਾ, ਸਰਬਜੀਤ ਸਿੰਘ ਸਪਾਰੀਵਿੰਡ, ਬਲਬੀਰ ਚੰਦੀ, ਜਸਵੰਤ ਸਿੰਘ ਪੰਲਵਾਂ, ਹਰਬੰਸ ਸਿੰਘ ਮਲੀ, ਮਖਣ ਹਰੀਆਂ, ਦਿਲਬਾਗ ਸਿੰਘ ਲਹਿਰਕਾ, ਨਾਨਕ ਸਿੰਘ ਮਜੀਠਾ, ਬਾਬਾ ਗੁਰਦੀਪ ਸਿੰਘ, ਸੁਖਦੇਵ ਸਿੰਘ, ਦੁਰਗਾ ਦਾਸ, ਰਜੇਸ਼ ਲਾਟੀ ਸ਼ਾਹ, ਅਮਨਦੀਪ ਗਿੱਲ, ਮਨਪ੍ਰੀਤ ਉੱਪਲ, ਹਰਕੀਰਤ ਸ਼ਹੀਦ, ਪੱਪੂ ਜੈਂਤੀਪੁਰ, ਪੱਪੂ ਕੋਟਲਾ, ਮੇਜਰ ਕਲੇਰ, ਸੁਖਵਿੰਦਰ ਸਿੰਘ ਗੋਲਡੀ, ਗੁਰਜਿੰਦਰ ਢਪਈਆਂ, ਰਾਕੇਸ਼ ਪਰਾਸ਼ਰ, ਗਗਨਦੀਪ ਸਿੰਘ ਭਕਨਾ, ਗੁਰਵੇਲ ਸਿੰਘ ਅਲਕੜੇ, ਸਾਬਾ ਹਮਜ਼ਾ, ਕੁੰਦਨ ਵਡਾਲਾ ਅਤੇ ਪ੍ਰੋ: ਸਰਚਾਂਦ ਸਿੰਘ ਆਦਿ ਮੌਜੂਦ ਸਨ।

Check Also

ਖਾਲਸਾ ਕਾਲਜ ਦੇ 119ਵੇਂ ਕਨਵੋਕੇਸ਼ਨ ਦੌਰਾਨ 1430 ਵਿਦਿਆਰਥੀਆਂ ਨੂੰ ਵੰਡੀਆਂ ਡਿਗਰੀਆਂ

ਅੰਮ੍ਰਿਤਸਰ, 23 ਫਰਵਰੀ (ਸੁਖਬੀਰ ਸਿੰਘ ਖੁਰਮਣੀਆਂ ) – ਹਰੇਕ ਵਿਦਿਆਰਥੀ ਦੀ ਜ਼ਿੰਦਗੀ ’ਚ ਡਿਗਰੀ ਵੰਡ …

Leave a Reply