
ਬਠਿੰਡਾ, 29 ਦਸੰਬਰ (ਅਵਤਾਰ ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ) – ਪੰਜਾਬ ਸਰਕਾਰ ਵੱਲੋਂ 22 ਦਸੰਬਰ ਨੂੰ ਚੋਰੀ ਛਿੱਪੇ ਇੰਟੈਲੀਜੇਂਸ ਵਿੰਗ ’ਚ 22 ਮੁਲਾਜ਼ਮਾਂ ਦੀ ਭਰਤੀ ਨੂੰ ਲੈ ਕੇ ਕਾਂਗਰਸ ਨੇ ਜ਼ੋਰਦਾਰ ਵਿਰੋਧ ਪ੍ਰਗਟਾਇਆ ਹੈ। ਅੱਜ ਪ੍ਰਦੇਸ਼ ਕਾਂਗਰਸ ਮੀਤ ਪ੍ਰਧਾਨ ਤੇ ਬੁਲਾਰੇ ਸੁਨੀਲ ਜਾਖੜ ਨੇ ਆਪਣੇ ਨਿਵਾਸ ਸਥਾਨ ’ਤੇ ਪੱਤਰਕਾਰਾਂ ਨਾਲ ਗੱਲਬਾਤ ’ਚ ਉਹ ਦਸਤਾਵੇਜ ਦਿਖਾਇਆ, ਜਿਸ ਮੁਤਾਬਿਕ ਅਡੀਸ਼ਨਲ ਡਾਇਰੈਕਟਰ ਜਨਰਲ ਪੁਲਿਸ ਇੰਟੈਲੀਜੇਂਸ ਵੱਲੋਂ 22 ਵਿਅਕਤੀਆਂ ਨੂੰ ਇੰਟੈਲੀਜੇਂਸ ਅਸਿਸਟੈਂਟ ਅਹੁਦੇ ’ਤੇ ਕਾਂਸਟੇਬਲ ਰੈਂਕ ’ਚ ਨਿਯੁੱਕਤੀ ਦੇ ਕੇ ਉਨ੍ਹਾਂ ਦੀ ਬਾਰਡਰ ’ਤੇ ਪੈਂਦੇ ਪੱਟੀ ਇਲਾਕੇ ’ਚ ਪੋਸਟਿੰਗ ਦੇ ਆਰਡਰ ਵੀ ਹੱਥੋਂ ਹੱਥ ਫੜ੍ਹਾ ਦਿੱਤੇ ਗਏ। ਇਨ੍ਹਾਂ ’ਚੋਂ 21 ਨਿਯੁੱਕਤੀਆਂ ਡਿਪਟੀ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਦੇ ਚੋਣ ਹਲਕੇ ਜਲਾਲਾਬਾਦ ’ਚ ਰਹਿਣ ਵਾਲਿਆਂ ਦੀਆਂ ਕੀਤੀਆਂ ਗਈਆਂ ਹਨ, ਜਦਕਿ ਇਕ ਅਬੋਹਰ ਉਪ ਮੰਡਲ ਦਾ ਵਾਸੀ ਹੈ।ਨਿਯੁੱਕਤੀ ਦਾ ਲਾਭ ਪਾਉਣ ਵਾਲਿਆਂ ’ਚ ਅਰਨੀਵਾਲਾ ਨਗਰ ਪੰਚਾਇਤ ਦੇ ਪ੍ਰਧਾਨ ਸੁਖਦੇਵ ਸਿੰਘ ਅਰਨੀਵਾਲਾ, ਸ੍ਰੋ.ਅ.ਦ ਅਨੁਸੂਚਿਤ ਜਾਤੀ ਵਿੰਗ ਦੇ ਪ੍ਰਧਾਨ ਪਿਆਰਾ ਸਿੰਘ ਤੇ ਅਰਨੀਵਾਲਾ ਸਰਕਲ ਸ੍ਰੋ.ਅ.ਦ ਪ੍ਰਧਾਨ ਨਿਸ਼ਾਨ ਸਿੰਘ ਤੋਂ ਇਲਾਵਾ, ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਅਤੇ ਅਬੋਹਰ ਦੇ ਨੇੜਲੇ ਪਿੰਡ ਬਹਾਵਵਾਲਾ ਦੇ ਜਥੇਦਾਰ ਕੌਰ ਸਿੰਘ ਦੇ ਬੇਟੇ ਸ਼ਾਮਿਲ ਹਨ। ਜਾਖੜ ਨੇ ਕਿਹਾ ਕਿ ਪੰਜਾਬ ਦੇ ਇਤਿਹਾਸ ’ਚ ਹੁਣ ਤੱਕ ਹੋਈਆਂ ਬੇਨਿਯਮੀਆਂ ਦਾ ਰਿਕਾਰਡ ਤੋੜਦਿਆਂ ਗ੍ਰਹਿ ਵਿਭਾਗ ਦੇ ਮੁਖੀ ਤੇ ਡਿਪਟੀ ਮੁੱਖ ਮੰਤਰੀ ਸੁਖਬੀਰ ਬਾਦਲ ਨੇ ਆਪਣੇ ਚੋਣ ਹਲਕੇ ਦੇ ਵਰਕਰਾਂ ਦਾ ਚੋਣ ਜਾਬਤਾ ਲਾਗੂ ਹੋਣ ਤੋਂ ਕੁੱਝ ਸਮੇਂ ਪਹਿਲਾਂ ਸਰਕਾਰੀ ਨੌਕਰੀਆਂ ਦੇ ਕੇ ਪ੍ਰਸ਼ਾਸਨਿਕ ਪ੍ਰੀਕ੍ਰਿਆ ਦੀਆਂ ਧੱਜੀਆਂ ਉਡਾੳਣ ਦਾ ਜੋ ਇਤਿਹਾਸ ਰੱਚਿਆ ਹੈ, ਉਸ ਖਿਲਾਫ ਚੋਣ ਕਮਿਸ਼ਨ ਤੇ ਰਾਜਪਾਲ ਤੋਂ ਗੁਹਾਰ ਲਗਾਉਂਦਿਆਂ, ਅਜਿਹੇ ਸਾਰੇ ਸਿਆਸੀ ਤੁਰੰਤ ਪ੍ਰਭਾਵ ਤੋਂ ਰੱਦ ਕਰਨ ਦੀ ਮੰਗ ਕੀਤੀ ਜਾਵੇਗੀ।
ਉਨ੍ਹਾਂ ਨੇ ਕਿਹਾ ਕਿ ਪੁਲਿਸ ਮੁਲਾਜ਼ਮਾਂ ਦੀ ਭਰਤੀ ਦੇ ਬਹਾਨੇ ਪੰਜਾਬ ਸਰਕਾਰ ਨੇ ਸਾਢੇ 6 ਲੱਖ ਬੇਰੁਜ਼ਗਾਰ ਨੌਜ਼ਵਾਨਾਂ ਤੇ ਔਰਤਾਂ ਤੋਂ ਪੈਸੇ ਬਟੋਰੇ, ਜਦਕਿ 7 ਹਜ਼ਾਰ ਤੋਂ ਘੱਟ ਪੁਲਿਸ ਮੁਲਾਜ਼ਮ ਭਰਤੀ ਕੀਤੇ ਜਾਣੇ ਸਨ। ਬਾਕੀ ਦੀ ਪ੍ਰੀਕ੍ਰਿਆ ਤਾਂ ਹਾਲੇ ਅਧੂਰੀ ਪਈ ਹੈ, ਲੇਕਿਨ 22 ਦਸੰਬਰ ਨੂੰ ਸਿਆਸੀ ਵਰਕਰਾਂ ਨੂੰ ਅਨੁਚਿਤ ਲਾਭ ਪਹੁੰਚਾਉਣ ਲਈ ਡਿਪਟੀ ਮੁੱਖ ਮੰਤਰੀ ਨੇ ਪੂਰੇ ਪੰਜਾਬ ਦੇ ਨੌਜ਼ਵਾਨਾਂ ਨੂੰ ਨਜਰਅੰਦਾਜ ਕਰਦਿਆਂ ਸਰਹੱਦੀ ਜਿਲ੍ਹਿਆਂ ’ਚ ਨਿਯੁਕਤੀ ਪੱਤਰ ਜਾਰੀ ਕਰ ਦਿੱਤੇ।ਸੱਤਾਧਾਰੀ ਅਕਾਲੀ ਦਲ ਨਾਲ ਜੁੜੇ ਪਰਿਵਾਰਾਂ ਤੋਂ ਇਹ ਉਮੀਦ ਰੱਖਣਾ ਵਿਅਰਥ ਹੈ ਕਿ ਉਹ ਸਰਹੱਦੀ ਇਲਾਕੇ ਦੀਆਂ ਅਨੁਚਿਤ ਗਤੀਵਿਧੀਆਂ ’ਤੇ ਨਜ਼ਰ ਰੱਖ ਪਾਉਣਗੇ।ਜਾਖੜ ਨੇ ਇਸ ਗੱਲ ’ਤੇ ਹੈਰਾਨੀ ਪ੍ਰਗਟਾਈ ਕਿ ਫਾਜ਼ਿਲਕਾ ਨੇੜੇ ਬੀਤੇ ਦਿਨੀਂ ਧੁੰਦ ਕਾਰਨ ਸੜਕ ਹਾਦਸੇ ’ਚ 12 ਸਰਕਾਰੀ ਅਧਿਆਪਕਾਂ ਤੇ ਇਕ ਕਰੂਜਰ ਚਾਲਕ ਨੇ ਦਮ ਤੋੜ ਦਿੱਤਾ ਸੀ, ਜਿਨ੍ਹਾਂ ’ਚੋਂ ਸਿਰਫ 6 ਨੂੰ ਹੀ ਹੁਣ ਤੱਕ ਸਰਕਾਰੀ ਨੌਕਰੀ ਦਿੱਤੀ ਗਈ ਹੈ। ਜਦਕਿ ਸਿਆਸੀ ਵਰਕਰਾਂ ਦੇ ਬੇਟਿਆਂ ਨੂੰ ਨੌਕਰੀ ਦੇਣ ਲਈ ਅਕਾਲੀ ਸਰਕਾਰ ਹੱਦ ਤੋਂ ਵੱਧ ਫੁਰਤੀ ਦਿਖਾ ਰਹੀ ਹੈ। ਡਿਪਟੀ ਮੁੱਖ ਮੰਤਰੀ ਅਕਾਲੀ ਭਾਜਪਾ ਦਾ ਅੰਤ ਨਜ਼ਦੀਕ ਆਉਂਦਿਆਂ ਦੇਖ ਹੁਣ ਨਰਾਜ ਵਰਕਰਾਂ ਦੇ ਘਰਾਂ ’ਚ ਜਾ ਕੇ ਉਨ੍ਹਾਂ ਨੂੰ ਓ.ਐਸ.ਡੀ ਤੇ ਹੋਰ ਅਹੁਦਿਆਂ ’ਤੇ ਨਿਯੁਕਤ ਕਰ ਰਹੇ ਹਨ।ਇਕ ਕਰੋੜ 41 ਲੱਖ ਲਾਭਪਾਤਰਾਂ ਨੂੰ ਸਸਤੀ ਦਾਲ ਮੁਹੱਈਆ ਕਰਵਾਉਣ ਦਾ ਦਾਅਵਾ ਕਰਦਿਆਂ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਹਵਾਲੇ ਤੋਂ ਕੀਤੀ ਜਾ ਰਹੀ ਇਸ਼ਤਿਹਾਰਬਾਜੀ ਨੂੰ ਚੁਣੌਤੀ ਦਿੰਦਿਆਂ, ਜਾਖੜ ਨੇ ਕਿਹਾ ਕਿ ਅਪ੍ਰੈਲ 2014 ’ਚ ਅੰਤਿਮ ਵਾਰ ਇਨ੍ਹਾਂ ਲਾਭਪਾਤਰਾਂ ਨੂੰ ਸਸਤੇ ਰੇਟ ਦੀ ਦਾਲ ਵੰਡੀ ਗਈ ਸੀ।ਹੁਣ ਝੂਠੇ ਦਾਅਵੇ ਕਰਕੇ ਬਾਦਲ ਪਰਿਵਾਰ ਲੱਖਾਂ ਲੋੜਵੰਦ ਲੋਕਾਂ ਦੇ ਜ਼ਖਮਾਂ ’ਤੇ ਲੂਣ ਛਿੜਕ ਰਿਹਾ ਹੈ।ਦਲਿਤਾਂ ਦੀ ਭਲਾਈ ਵਾਸਤੇ ਵੀ ਅਧਾਰਹੀਣ ਪ੍ਰਚਾਰ ਕਰਨ ਵਾਲੀ ਸਰਕਾਰ ਹੁਣ ਤੱਕ 500 ਕਰੋੜ ਰੁਪਏ ਦੇ ਵਜੀਫੇ ਜ਼ਾਰੀ ਨਹੀਂ ਕਰ ਪਾਈ, ਜਿਸਦਾ ਪਿਛਲੇ ਤਿੰਨ ਸਾਲਾਂ ਤੋਂ ਅਨੁਸੂਚਿਤ ਜਾਤੀ ਜਨਜਾਤੀ ਵਰਗ ਦੇ ਵਿਦਿਆਰਥੀ ਇੰਤਜ਼ਾਰ ਕਰ ਰਹੇ ਹਨ। ਵਜੀਫੇ ਦੀ ਰਾਸ਼ੀ ਜਾਰੀ ਨਾ ਹੋਣ ਕਾਰਨ ਕਈ ਸਿੱਖਿਅਕ ਸੰਸਥਾਵਾਂ ਵੀ ਬੰਦ ਹੋਣ ਕੰਢੇ ਪਹੁੰਚ ਗਈਆਂ ਹਨ। ਉਨ੍ਹਾਂ ਨੇ ਮੰਗ ਕੀਤੀ ਕਿ ਚੋਣ ਕਮਿਸ਼ਨ ਸਰਕਾਰੀ ਧਾਂਦਲੀਆਂ ’ਤੇ ਵਿਰਾਮ ਲਗਾਉਣ ਲਈ ਬਗੈਰ ਕਿਸੇ ਦੇਰੀ ਚੋਣ ਜਾਬਤਾ ਲਾਗੂ ਕਰੇ ਅਤੇ ਸਾਰੀਆਂ ਸਰਕਾਰੀ ਨਿਯੁਕਤੀਆਂ ਦੀ ਸਮੀਖਿਆ ਕੀਤੀ ਜਾਵੇ।
Check Also
ਨਗਰ ਨਿਗਮ ਨੇ ਹਾਲ ਬਜ਼ਾਰ, ਲਿਬਰਟੀ ਮਾਰਕੀਟ ਅਤੇ ਪੁਰਾਣੀ ਸਬਜ਼ੀ ਮੰਡੀ ‘ਚ ਨਜਾਇਜ਼ ਕਬਜ਼ਿਆਂ ਵਿਰੁੱਧ ਕਾਰਵਾਈ
ਅੰਮ੍ਰਿਤਸਰ, 2 ਜੁਲਾਈ (ਜਗਦੀਪ ਸਿੰਘ) – ਨਗਰ ਨਿਗਮ ਦੇ ਐਸਟੇਟ ਵਿਭਾਗ ਵੱਲੋਂ ਹਾਲ ਬਾਜ਼ਾਰ, ਲਿਬਰਟੀ …
Punjab Post Daily Online Newspaper & Print Media