ਅੰਮ੍ਰਿਤਸਰ, 29 ਜਨਵਰੀ (ਪੰਜਾਬ ਪੋਸਟ ਸੁਖਬੀਰ ਸਿੰਘ) – 4 ਫਰਵਰੀ ਨੂੰ ਹੋ ਰਹੀਆਂ ਚੋਣਾਂ ਵਿੱਚ ਕੁੱਲ 1073 ਥਾਵਾਂ ਉੱਤੇ ਬਣੇ ਵੋਟਰ ਬੂਥਾਂ ਦੇ ਪ੍ਰਬੰਧਾਂ ਦਾ ਜਾਇਜਾ ਲੈਂਦੇ ਜਿਲ੍ਹਾ ਚੋਣ ਅਧਿਕਾਰੀ ਬਸੰਤ ਗਰਗ ਨੇ ਦੱਸਿਆ ਕਿ ਇਕ ਸਮੇਂ ਇਕ ਹੀ ਪੋਲਿੰਗ ਏਜੰਟ ਅੰਦਰ ਬੈਠ ਸਕੇਗਾ। ਉਨ੍ਹਾਂ ਪੋਲਿੰਗ ਪ੍ਰਬੰਧਾਂ ਦਾ ਜਾਇਜਾ ਲੈਂਦੇ ਚੋਣ ਅਬਜ਼ਰਵਰਾਂ ਨੂੰ ਦੱਸਿਆ ਕਿ ਜਿਲ੍ਹੇ ਵਿੱਚ ਵੱਖ-ਵੱਖ ਥਾਵਾਂ ਤੇ ਉੱਡਨ ਦਸਤੇ ਤੈਨਾਤ ਕੀਤੇ ਗਏ ਹਨ ਜੋ ਕਿ ਚੋਣ ਜਾਬਤੇ ਦੀ ਉਲੰਘਣਾ ਸਬੰਧੀ ਕਿਸੇ ਵੀ ਸ਼ਿਕਾਇਤ ਦੇ ਨਿਪਟਾਰੇ ਲਈ ਤੁਰੰਤ ਕਾਰਵਾਈ ਕਰ ਰਹੇ ਹਨ।
ਉਨ੍ਹਾਂ ਦੱਸਿਆ ਕਿ ਇਨ੍ਹਾਂ ਟੀਮਾਂ ਕੋਲ ਕੈਮਰੇ, ਲਾਊਡ ਸਪੀਕਰ ਤੋਂ ਇਲਾਵਾ ਜੀ ਪੀ ਐਸ ਵਾਲੀਆਂ ਗੱਡੀਆਂ ਹਨ ਜਿਨ੍ਹਾਂ ਤੋਂ ਇਨ੍ਹਾਂ ਦੀ ਲੋਕੇਸ਼ਨ ਅਤੇ ਸ਼ਿਕਾਇਤ ਮਿਲਣ ਵਾਲੀ ਥਾਂ ਉੱਤੇ ਪਹੁੰਚਣ ਬਾਰੇ ਸਬੰਧਤ ਹਲਕੇ ਦੇ ਰਿਟਰਨਿੰਗ ਅਧਿਕਾਰੀ ਨੂੰ ਜਾਣਕਾਰੀ ਰਹਿੰਦੀ ਹੈ। ਜਿਲ੍ਹਾ ਚੋਣ ਅਧਿਕਾਰੀ ਨੇ ਅਬਜ਼ਰਵਰਾਂ ਨੂੰ ਦੱਸਿਆ ਕਿ ਵੋਟ ਸਲਿੱਪਾਂ ਵੰਡਣ ਦਾ ਕੰਮ ਜਿਲ੍ਹੇ ਵਿੱਚ ਸਰਕਾਰੀ ਕਰਮਚਾਰੀਆਂ ਵੱਲੋਂ ਕੀਤਾ ਜਾ ਰਿਹਾ ਹੈ ਜੋ ਕਿ ਇਸ ਵੇਲੇ 60 ਪ੍ਰਤੀਸ਼ਤ ਮੁਕੰਮਲ ਹੋ ਚੁੱਕਾ ਹੈ ਅਤੇ ਰਹਿੰਦਾ ਕੰਮ 31 ਜਨਵਰੀ ਤੱਕ ਪੂਰਾ ਕਰ ਲਿਆ ਜਾਵੇਗਾ। ਇਸ ਮੌਕੇ ਚੋਣ ਅਬਜ਼ਰਵਰਾਂ ਨੇ ਵੋਟਾਂ ਵਾਲੇ ਦਿਨ ਦੀ ਸੁਰੱਖਿਆ, ਤੈਨਾਤ ਕੀਤੀ ਗਈ ਪੁਲਿਸ, ਵੋਟਿੰਗ ਮਸ਼ੀਨਾਂ ਦੇ ਪ੍ਰਬੰਧਾਂ, ਸਟਰਾਂਗ ਰੂਮਾਂ ਦੀ ਸੁਰੱਖਿਆ ਅਤੇ ਚੋਣ ਬੂਥਾਂ ਦੇ 100 ਮੀਟਰ ਘੇਰੇ ਵਿਚੋਂ ਚੋਣ ਪ੍ਰਚਾਰ ਸਮੱਗਰੀ ਹਟਾਉਣ ਆਦਿ ਦਾ ਜਾਇਜਾ ਲਿਆ।
ਇਸ ਮੌਕੇ ਮੀਟਿੰਗ ਵਿੱਚ ਜਨਰਲ ਚੋਣ ਅਬਜ਼ਰਵਰਾਂ ਵਿੱਚੋਂ ਆਈ ਐਸ ਅਧਿਕਾਰੀ ਐਨ ਬੀ ਐਸ ਰਾਜਪੂਤ, ਡੀ ਆਨੰਦਨ ਆਈ ਏ ਐਸ, ਆਲੋਕ ਅਵਸਥੀ ਆਈ.ਏ.ਐਸ, ਦਿਵੇਸ਼ ਸੇਹਰਾ ਆਈ.ਏ.ਐਸ, ਰਾਧੇ ਸ਼ਾਮ ਮਿਸ਼ਰਾ ਆਈ.ਏ.ਐਸ, ਰਾਮ ਕੇਵਲ ਆਈ.ਏ.ਐਸ, ਸਿਧਾਰਥ ਨਿਰਵਾਨਾ ਆਈ.ਪੀ.ਐਸ, ਰਾਘਵਿੰਦਰ ਸੁਹਾਸਾ ਆਈ.ਪੀ. ਐਸ, ਅਬੂ ਸਾਮਾ ਆਈ.ਆਰ.ਐਸ, ਪੀ.ਵੀ ਗੁਪਤਾ ਆਈ.ਆਰ.ਐਸ, ਅਮਿਤ ਕੁਮਾਰ ਸ਼ਰਮਾ ਆਈ.ਆਰ.ਐਸ ਅਤੇ ਕਮਲ ਮੰਗਲ ਆਈ.ਆਰ.ਐਸ, ਵੈਕਟਾਂਰਾਵ ਨੇ ਚੋਣ ਮਸ਼ੀਨਰੀ ਨੂੰ ਚੁਸਤ ਦਰੁਸਤ ਕਰਨ ਲਈ ਹਦਾਇਤਾਂ ਦਿੰਦੇ ਹੋਏ ਕਿਹਾ ਕਿ ਚੋਣ ਕਮਿਸ਼ਨ ਦੀ ਪਹਿਲੀ ਤਰਜੀਹ ਰਾਜ ਵਿੱਚ ਬਿਨਾਂ ਕਿਸੇ ਡਰ ਅਤੇ ਲਾਲਚ ਦੇ ਆਜ਼ਾਦ ਤੇ ਨਿਰਪੱਖ ਚੋਣਾਂ ਕਰਵਾਉਣਾ ਹੈ ਅਤੇ ਇਸਨੂੰ ਹਰ ਹਾਲਾਤ ਵਿੱਚ ਲਾਗੂ ਕੀਤਾ ਜਾਵੇ।
ਮੀਟਿੰਗ ਵਿੱਚ ਪੁਲਿਸ ਕਮਿਸ਼ਨਰ ਨਾਗੇਸ਼ਵਰ ਰਾਓ, ਐਸ.ਐਸ.ਪੀ ਦੇਹਾਤੀ ਜੇ ਏਲਨਚੇਲੀਅਨ, ਕਮਿਸ਼ਨਰ ਕਾਰਪੋਰੇਸ਼ਨ ਮੈਡਮ ਸੋਨਾਲੀ ਗਿਰੀ, ਡੀ.ਸੀ.ਪੀ ਦਲਜਿੰਦਰ ਸਿੰਘ ਢਿੱਲੋਂ ਅਤੇ ਸਮੂਹ ਰਿਟਰਨਿੰਗ ਅਧਿਕਾਰੀਆਂ ਸਮੇਤ ਸਮੁੱਚੀ ਚੋਣ ਟੀਮ ਦੇ ਨੋਡਲ ਅਫ਼ਸਰ ਹਾਜ਼ਰ ਸਨ।
Punjab Post Daily Online Newspaper & Print Media