ਬਠਿੰਡਾ, 3 ਫਰਵਰੀ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ)- ਬਠਿੰਡਾ ਜ਼ਿਲ੍ਹੇ ਦੇ ਵਿਧਾਨ ਸਭਾ ਹਲਕਾ ਬਠਿੰਡਾ ਦਿਹਾਤੀ ਅਧੀਨ ਪੈਂਦੇ ਪਿੰਡ ਕੋਟਸ਼ਮੀਰ ਦੇ ਇਕ ਡੇਰਾ ਸਿਰਸਾ ਸ਼ਰਧਾਲੂ ਗੁਰਤੇਜ ਸਿੰਘ ਭਾਗੂ ਵਾਲੇ ਦੇ ਟਰੈਕਟਰ ਟਰਾਲੀ ਅਤੇ ਖੇਤ ਵਿਚੋਂ 21 ਡੱਬੇ ਠੇਕੇ ਦੀ ਦੇਸ਼ੀ ਸ਼ਰਾਬ ਬਰਾਮਦ ਹੋਈ ਹੈ। ਥਾਣਾ ਕੋਟਫੱਤਾ ਪੁਲਿਸ ਨੇ ਇਸ ਮਾਮਲੇ ਵਿਚ ਐਕਸਾਇਜ ਐਕਟ ਦੀਆਂ ਵੱਖ ਵੱਖ ਧਰਾਵਾਂ ਤਹਿਤ ਪਰਚਾ ਵੀ ਦਰਜ ਕਰ ਲਿਆ ਹੈ।
ਇਕੱਤਰ ਕੀਤੀ ਜਾਣਕਾਰੀ ਅਨੁਸਾਰ ਅੱਜ ਬਾਅਦ ਦੁਪਹਿਰ ਪਿੰਡ ਕੋਟਸ਼ਮੀਰ ਦੇ ਵਸਨੀਕ ਡੇਰਾ ਪ੍ਰੇਮੀ ਗੁਰਤੇਜ ਸਿੰਘ ਭਾਗੂ ਜੋ ਕਿ ਪਿੰਡ ਤੋਂ ਬਾਹਰ ਖੇਤਰ `ਚ ਰਹਿੰਦਾ ਹੈ, ਦੇ ਟਰੈਕਟਰ ਟਰਾਲੀ ਵਿਚੋਂ ਪਿੰਡ ਦੇ ਬੌਰੀਆ ਸਿੱਖਾਂ ਦੀ ਅਬਾਦੀ ਨੇੜਿਓਂ 14 ਡੱਬੇ ਸ਼ਰਾਬ ਬਰਾਮਦ ਹੋਈ ਹੈ, ਉਕਤ ਟਰੈਕਟਰ ਟਰਾਲੀ ਨੂੰ ਆਪ ਦੇ ਵਰਕਰਾਂ ਨੇ ਘੇਰ ਕੇ ਇਸ ਦੀ ਸੂਚਨਾ ਪੁਲਿਸ ਨੂੰ ਦਿੱਤੀ, ਜਿਸ ਪਿੱਛੋਂ ਪੁਲਿਸ ਨੇ ਸ਼ਰਾਬ ਨੂੰ ਕਬਜ਼ੇ ਵਿਚ ਲੈ ਲਿਆ, ਪਰ ਟਰੈਕਟਰ ਚਾਲਕ ਮੌਕੇ ਤੋਂ ਫ਼ਰਾਰ ਹੋਣ ਵਿਚ ਸਫ਼ਲ ਰਿਹਾ। ਇਸ ਪਿੱਛੋਂ ਆਪ ਵਰਕਰਾਂ ਨੇ ਪੁਲਿਸ ਨੂੰ ਟਰੈਕਟਰ ਟਰਾਲੀ ਮਾਲਕ ਡੇਰਾ ਪ੍ਰੇਮੀ ਗੁਰਤੇਜ ਸਿੰਘ ਦੇ ਘਰ ਦੀ ਤਲਾਸੀ ਲਈ ਕਿਹਾ, ਜਿਸ `ਤੇ ਪਹਿਲਾਂ ਤਾਂ ਐਸ.ਐਚ.ਓ. ਕੋਟਫੱਤਾ ਕ੍ਰਿਸ਼ਨ ਕੁਮਾਰ ਨੇ ਨਾਂਹ ਨੁੱਕਰ ਕੀਤੀ ਅਤੇ ਬਾਅਦ ਵਿਚ ਖੁਦ ਘਰ ਦੀ ਤਲਾਸੀ ਲੈ ਕੇ ਕੁੱਝ ਵੀ ਬਰਾਮਦ ਨਾ ਹੋਣ ਦੀ ਗੱਲ ਕਹੀ, ਪਰ ਮੌਕੇ `ਤੇ ਪੁੱਜੀ ਇਲੈਕਸ਼ਨ ਕਮਿਸ਼ਨ ਦੀ ਟੀਮ ਅਤੇ ਪੁਲਿਸ ਨੇ ਪਿੰਡ ਵਾਲਿਆਂ ਦੇ ਦਬਾਅ ਦੇ ਚੱਲਦਿਆਂ ਘਰ ਦੇ ਆਲ ਦੁਆਲੇ ਭਾਲ ਕਰਨ `ਤੇ 82 ਬੋਤਲਾਂ (7 ਡੱਬੇ) ਸ਼ਰਾਬ ਗੁਰਤੇਜ ਸਿੰਘ ਦੇ ਖੇਤ ਵਿਚੋਂ ਬਰਾਮਦ ਹੋਈ। ਥਾਣਾ ਕੋਟਫੱਤਾ ਪੁਲਿਸ ਨੇ ਪਹਿਲਾਂ ਇਹ ਪਰਚਾ ਅਣਪਛਾਤੇ ਵਿਅਕਤੀਆਂ `ਤੇ ਦਰਜ ਕਰਕੇ ਖਹਿੜਾ ਛੁਡਵਾਉਣ ਚਾਹਿਆ। ਮੌਕੇ `ਤੇ ਪੁੱਜੇ ਡੀ.ਐਸ.ਪੀ. ਕੁਲਦੀਪ ਸਿੰਘ ਸੋਹੀ ਵੀ ਪੁੱਜ ਗਏ। ਆਪ ਦੀ ਬਠਿੰਡਾ ਦਿਹਾਤੀ ਤੋਂ ਉਮੀਦਵਾਰ ਰੁਪਿੰਦਰ ਕੌਰ ਰੂਬੀ ਦੇ ਪਿਤਾ ਮਲਕੀਤ ਸਿੰਘ, ਐਮ.ਸੀ. ਜਲੌਰ ਸਿੰਘ, ਬਲਦੀਪ ਸਿੰਘ, ਜਗਦੇਵ ਸਿੰਘ, ਮੱਖਣ ਸਿੰਘ ਪੰਚ ਸਣੇ ਵੱਡੀ ਗਿਣਤੀ ਵਿਚ ਆਪ ਆਗੂਆਂ ਅਤੇ ਵਰਕਰਾਂ ਦੇ ਦਬਾਅ ਦੇ ਚੱਲਦਿਆਂ ਪੁਲਿਸ ਟਰੈਕਟਰ ਟਰਾਲੀ ਅਤੇ ਖੇਤ ਮਾਲਕ ਗੁਰਤੇਜ ਸਿੰਘ `ਤੇ ਪਰਚਾ ਦਰਜ ਕਰਨ ਲਈ ਮਜ਼ਬੂਰ ਹੋ ਗਈ।
ਆਪ ਆਗੂਆਂ ਅਤੇ ਉਮੀਦਵਾਰ ਰੁਪਿੰਦਰ ਕੌਰ ਰੂਬੀ ਦੇ ਪਿਤਾ ਮਲਕੀਤ ਸਿੰਘ ਨੇ ਦੋਸ਼ ਲਾਇਆ ਕਿ ਉਕਤ ਸ਼ਰਾਬ ਬਠਿੰਡਾ ਦਿਹਾਤੀ ਤੋਂ ਅਕਾਲੀ ਉਮੀਦਵਾਰ ਅਮਿਤ ਰਤਨ ਦੇ ਹੱਕ ਵਿਚ ਲੋਕਾਂ ਨੂੰ ਵੰਡੀ ਜਾਣੀ ਸੀ। ਡੀ.ਐਸ.ਪੀ. ਕੁਲਦੀਪ ਸਿੰਘ ਸੋਹੀ ਨੇ ਸ਼ਰਾਬ ਬਰਾਮਦ ਹੋਣ ਦੀ ਅਤੇ ਪਰਚਾ ਦਰਜ ਕਰਨ ਦੀ ਪੁਸ਼ਟੀ ਕਰਦਿਆਂ ਅਗਲੇਰੀ ਜਾਂਚ ਹੋਣ ਦੀ ਗੱਲ ਕਹੀ।
ਡੇਰੇ ਦੀ ਸੂਬਾ ਕਮੇਟੀ ਨੇ ਪੱਲਾ ਝਾੜਿਆ- ਇਕ ਡੇਰਾ ਪ੍ਰੇਮੀ ਦੇ ਟਰੈਕਟਰ ਟਰਾਲੀ ਅਤੇ ਖੇਤ ਵਿਚੋਂ ਸ਼ਰਾਬ ਬਰਾਮਦ ਹੋਣ ਸਬੰਧੀ ਸੰਪਰਕ ਕਰਨ `ਤੇ ਡੇਰਾ ਸਿਰਸਾ ਦੇ ਦੀ 45 ਮੈਂਬਰੀ ਸੂਬਾ ਕਮੇਟੀ ਮੈਂਬਰ ਗੁਰਦੇਵ ਸਿੰਘ ਨੇ ਪਹਿਲਾਂ ਕਿਹਾ ਕਿ ਗੁਰਤੇਜ ਸਿੰਘ ਡੇਰਾ ਪ੍ਰੇਮੀ ਹੈ, ਪਰ ਉਸ ਕੋਲ ਹੁਣ ਕੋਈ ਵੱਡੀ ਜਿੰਮੇਵਾਰੀ ਨਹੀਂ। ਉਸ ਦੇ ਘਰ ਲੜਕੀ ਦਾ ਵਿਆਹ ਸੀ, ਜਿਸ ਕਰਕੇ ਉਸ ਦੇ ਘਰ ਸ਼ਰਾਬ ਹੋ ਸਕਦੀ ਹੈ। ਪਰ ਇਕ ਡੇਰਾ ਪ੍ਰੇਮੀ ਵੱਲੋਂ ਵਿਆਹ ਵਿਚ ਸ਼ਰਾਬ ਵਰਤਾਏ ਜਾਣ ਬਾਰੇ ਪੁੱਛੇ ਜਾਣ `ਤੇ ਉਨਾਂ ਆਪਣਾ ਬਿਆਨ ਬਦਲਦਿਆਂ ਕਿਹਾ ਕਿ ਡੇਰਾ ਕਿਸੇ ਵੀ ਨਸ਼ੇ ਦੀ ਹਮਾਇਤ ਨਹੀਂ ਕਰਦਾ ਅਤੇ ਗੁਰਤੇਜ ਸਿੰਘ ਤੋਂ ਸੇਵਾ ਵਾਪਸ ਲਈ ਗਈ ਹੈ। ਇਸ ਮਾਮਲੇ ਤੋਂ ਪੱਲਾ ਝਾੜਦਿਆਂ ਕਿਹਾ ਕਿ ਗੁਰਤੇਜ ਸਿੰਘ ਹੁਣ ਡੇਰਾ ਪ੍ਰੇਮੀ ਨਹੀਂ ਹੈ। ਜਦੋਂ ਕਿ ਪਿੰਡ ਵਾਸੀਆਂ ਅਨੁਸਾਰ ਗੁਰਤੇਜ ਸਿੰਘ ਸਣੇ ਉਸ ਦੇ ਪੂਰੇ ਪਰਿਵਾਰ ਦੇ ਗਲ `ਚ ਡੇਰੇ ਵੱਲੋਂ ਜਾਰੀ ਲਾਕਟ ਪਾਏ ਹੋਏ ਹਨ ਅਤੇ ਉਸ ਨੂੰ ਡੇਰੇ ਨੇ ਵੱਡੀ ਜਿੰਮੇਵਾਰੀ ਦਿੱਤੀ ਹੋਈ ਹੈ।
ਇਲੈਕਸ਼ਨ ਕਮਿਸ਼ਨ ਦੇ ਰਾਜ ਵਿਚ ਵੀ ਐਸ.ਐਚ.ਓ ਦਾ ਦੋਸ਼ੀਆਂ ਲਈ ਬਚਾਅ ਪੱਖੀ ਰਵੱਈਆ-
ਆਪ ਵਰਕਰਾਂ ਨੇ ਦੋਸ਼ ਲਾਗਇਆ ਕਿ ਕੋਟਸ਼ਮੀਰ ਤੋਂ ਬਰਾਮਦ ਸ਼ਰਾਬ ਮਾਮਲੇ ਵਿਚ ਪਹਿਲਾਂ ਕਥਿੱਤ ਦੋਸ਼ੀ ਦੇ ਘਰ ਦੀ ਤਲਾਸ਼ੀ ਲੈਣ ਤੋਂ ਇਨਕਾਰੀ ਅਤੇ ਬਾਅਦ ਵਿਚ ਸ਼ਰਾਬ ਬਰਾਮਦੀ ਵਾਲੇ ਟਰੈਕਟਰ ਟਰਾਲੀ ਤੇ ਖੇਤ ਮਾਲਕ ਗੁਰਤੇਜ ਸਿੰਘ ਨੂੰ ਪਰਚੇ ਵਿਚ ਨਾਮਜਦ ਕਰਨ ਦੀ ਬਜਾਇ ਅਣਪਛਾਤੇ ਵਿਅਕਤੀਆਂ `ਤੇ ਪਰਚਾ ਦਰਜ ਕਰਨਾ ਚਾਹੁੰਦਾ ਸੀ, ਪਰ ਲੋਕਾਂ ਦੇ ਦਬਾਅ ਦੇ ਚੱਲਦਿਆਂ ਉਸ ਨੂੰ ਕਥਿੱਤ ਦੋਸ਼ੀ ਨਾਮਜਦ ਕਰਨਾ ਪਿਆ। ਐਸ.ਐਚ.ਓ. ਇਸ ਮਾਮਲੇ ਸਬੰਧੀ ਮੀਡੀਆ ਨੂੰ ਵੀ ਜਾਣਕਾਰੀ ਦੇਣ ਤੋਂ ਟਾਲਾ ਵੱਟਦਾ ਰਿਹਾ, ਜਿਸ ਪਿੱਛੋਂ ਮੀਡੀਆ ਨੇ ਡੀ.ਐਸ.ਪੀ.(ਦਿਹਾਤੀ) ਤੋਂ ਜਾਣਕਾਰੀ ਹਾਸਲ ਕੀਤੀ।
Check Also
ਖਾਲਸਾ ਕਾਲਜ ਇੰਜ਼ੀਨੀਅਰਿੰਗ ਵਿਖੇ ਤੀਜੀ ਰਾਸ਼ਟਰੀ ਮਹਿਲਾ ਕਾਨਫਰੰਸ ‘ਹਰਬਿਜ਼’ ਕਰਵਾਈ ਗਈ
ਅੰਮ੍ਰਿਤਸਰ, 16 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਆਫ਼ ਇੰਜੀਨੀਅਰਿੰਗ ਐਂਡ ਟੈਕਨਾਲੋਜੀ, ਰਣਜੀਤ ਐਵੀਨਿਊ …
Punjab Post Daily Online Newspaper & Print Media